ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵਿਚਾਰਾਂ ਕਰਦੇ ਹੋਏ

ਸਿੱਖ ਖਬਰਾਂ

ਸੰਗਤਾਂ 26 ਅਕਤੂਬਰ ਤਕ ਸੁਝਾਅ ਦੇਣ ਕਿ ਸੁਖਬੀਰ ਨਾਲ ਕੀ ਕੀਤਾ ਜਾਵੇ? ਭਾਈ ਮੰਡ,ਭਾਈ ਦਾਦੂਵਾਲ,ਭਾਈ ਅਜਨਾਲਾ

By ਸਿੱਖ ਸਿਆਸਤ ਬਿਊਰੋ

October 01, 2016

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਅੰਮ੍ਰਿਤ ਸੰਚਾਰ ਦੀ ਬਾਣੀਆਂ ਨੂੰ ਬਦਲਣ ਵਾਲੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਰਿਪੋਰਟ ਨਿਰਧਾਰਤ ਸਮੇਂ ‘ਤੇ ਚੱਬਾ ਵਿਖੇ ਹੋਏ ਪੰਥਕ ਇਕੱਠ ‘ਚ ਚੁਣੇ ਗਏ ਜਥੇਦਾਰਾਂ ਸਾਹਵੇਂ ਨਾ ਪੇਸ਼ ਕਰਨ ਵਾਲੇ ਉਪ ਮੁਖੀ ਮੰਤਰੀ ਸੁਖਬੀਰ ਸਿੰਘ ਬਾਦਲ ਬਾਰੇ ਫੈਸਲਾ ਲੈਣ ਲਈ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਨੇ 26 ਅਕਤੂਬਰ ਤੀਕ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਪਾਸੋਂ ਸੁਝਾਅ ਮੰਗੇ ਹਨ।

ਭਾਈ ਮੰਡ, ਭਾਈ ਅਜਨਾਲਾ ਅਤੇ ਭਾਈ ਦਾਦੂਵਾਲ ਨੇ ਭਾਰਤ–ਪਾਕਿ ਦਰਮਿਆਨ ਕਿਸੇ ਵੀ ਜੰਗ ਨੂੰ ਰੋਕਣ ਦਾ ਸੁਝਾਅ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਰੋਕਣ ਲਈ ਗੁਰਦੁਆਰਿਆਂ ਦੀ ਪਹਿਰੇਦਾਰੀ ਦਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ।

ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਪੰਜ ਸਿੰਘਾਂ ਵਿੱਚ ਸੇਵਾ ਕਰਨ ਵਾਲੇ ਭਾਈ ਮੇਜਰ ਸਿੰਘ ਤੇ ਭਾਈ ਸੂਬਾ ਸਿੰਘ ਨੇ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜਕੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ‘ਤੇ ਦੀਰਘ ਵਿਚਾਰਾਂ ਕੀਤੀਆਂ।

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕੌਮ ਦੇ ਨਾਮ ਜਾਰੀ ਆਦੇਸ਼ ਪੜ੍ਹਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਗੁਰਦੁਆਰਿਆਂ ਵਿੱਚ ਪਹਿਰੇਦਾਰੀ ਦਾ ਲੋੜੀਂਦਾ ਪ੍ਰਬੰਧ ਕਰਨ। ਉਨ੍ਹਾਂ ਦੱਸਿਆ ਕਿ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਮੁਕੰਮਲ ਜਾਂਚ ਰਿਪੋਰਟ ਉਨ੍ਹਾਂ ਪਾਸ ਪੇਸ਼ ਕਰਨ ਲਈ ਸੂਬੇ ਦੇ ਗ੍ਰਹਿ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਦੇਸ਼ ਦਿੱਤੇ ਗਏ ਸਨ, ਇਸ ਸਮੇਂ ਵਿੱਚ ਨਿਰੰਤਰ ਦੋ ਵਾਰ ਵਾਧਾ ਵੀ ਕੀਤਾ ਗਿਆ ਪਰ ਸੱਤਾ ਦੇ ਨਸ਼ੇ ਵਿੱਚ ਚੂਰ ਬਾਦਲ ਨੇ ਸਿੱਖ ਪ੍ਰਭੂਸੱਤਾ ਦੇ ਕੇਂਦਰ ਅਤੇ ਤਖਤਾਂ ਦੀ ਪ੍ਰਵਾਹ ਨਾ ਕਰਦਿਆਂ ਅੱਜ ਤੀਕ ਰਿਪੋਰਟ ਪੇਸ਼ ਨਹੀਂ ਕੀਤੀ। ਅਜਿਹੇ ਹੰਕਾਰੀ ਪੁਰਸ਼ ਨਾਲ ਕੀ ਸਲੂਕ ਕੀਤਾ ਜਾਵੇ ਇਸ ਸਬੰਧੀ 26 ਅਕਤੂਬਰ 2016 ਤੀਕ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਆਪਣੇ ਵਿਚਾਰ ਤੇ ਸੁਝਾਅ ਭੇਜਣ ਲਈ ਕਿਹਾ ਜਾਂਦਾ ਹੈ।

ਉਨ੍ਹਾਂ ਵਲੋਂ ਲਏ ਗਏ ਇੱਕ ਹੋਰ ਫੈਸਲੇ ਰਾਹੀਂ ਵਰਜੀਨੀਆ ਦੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਬਾਣੀਆਂ ਬਦਲਣ ਵਾਲੇ ਲੋਕਾਂ ਖਿਲਾਫ ਕਾਰਵਾਈ ਸਬੰਧੀ ਸੁਝਾਅ ਮੰਗੇ ਗਏ ਹਨ। ਭਾਈ ਮੰਡ, ਭਾਈ ਅਜਨਾਲਾ ਅਤੇ ਭਾਈ ਦਾਦੂਵਾਲ ਨੇ ਸਾਫ ਕਿਹਾ ਹੈ ਭਾਰਤ–ਪਾਕਿ ਦਰਮਿਆਨ ਕਿਸੇ ਵੀ ਜੰਗ ਨੂੰ ਰੋਕਣ ਦਾ ਉਪਰਾਲਾ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: