ਸਿੱਖ ਖਬਰਾਂ

ਅਰਦਾਸ ਵਿੱਚ ਸ਼ਾਮਿਲ ਹੋਣ ਗਏ ਮਜੀਠੀਏ ਦਾ ਸਿੱਖ ਸੰਗਤਾਂ ਨੇ ਕੀਤਾ ਘੇਰਾਓੁ

By ਸਿੱਖ ਸਿਆਸਤ ਬਿਊਰੋ

October 23, 2015

ਅੰਮ੍ਰਿਤਸਰ (23 ਅਕਤੂਬਰ, 2015): ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਤਖਤ ਸਾਹਿਬਾਨ ਦੇ ਜੱਥੇਦਾਰਾਂ ਵੱਲੋਂ ਸੱਤਾਧਾਰੀ ਸਿਆਸੀ ਦਲ ਦੇ ਇਸ਼ਾਰੇ ‘ਤੇ ਸਰਸੇ ਦੇ ਸੌਦਾ ਸਾਧ ਨੂੰ ਮਾਫੀ ਦੇਣ ਅਤੇ ਬਾਅਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਸ਼ਾਂਤਮਈ ਰੋਸ ਧਰਨਾ ਦੇ ਰਹੇ ਸਿੱਖਾਂ ‘ਤੇ ਬਾਦਲ ਸਰਕਾਰ ਦੀ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਕਾਰਣ ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲ ਦਲ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਖਿਲਾਫ ਪੰਥਕ ਰੋਹ ਇਸ ਸਮੇਂ ਸਿਖਰਾਂ ‘ਤੇ ਹੈ।

ਇਨ੍ਹਾਂ ਬਾਦਲ ਦਲ ਦੇ ਆਗੂਆਂ ਦਾ ਸਿੱਖ ਸੰਗਤ ਵੱਲੋਂ ਹਰ ਹੀਲੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਘੇਰਾਓੁ ਕੀਤਾ ਜਾ ਰਿਹਾ ਹੈ।ਅੱਜ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਗੁਲਜ਼ਾਰ ਸਿੰਘ ਰਣੀਕੇ ਨੂੰ ਵੀ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਆਗੂ ਗੁਰਦੁਆਰਾ ਸਾਹਿਬ ਚ ਪਸ਼ਤਾਤਾਪ ਅਰਦਾਸ ‘ਚ ਸ਼ਾਮਿਲ ਹੋਣ ਗਏ ਸਨ ਪਰ ਸੰਗਤ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ।

ਦਰਅਸਲ ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਚ ਸ਼ਾਮਿਲ ਹੋਣ ਗਏ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਅਮਰਪਾਲ ਸਿੰਘ ਬੋਨੀ ਤੇ ਵੀਰ ਸਿੰਘ ਲੋਪੋਕੇ ਦੇ ਖ਼ਿਲਾਫ਼ ਗੁਰਦਵਾਰੇ ਦੇ ਅੰਦਰ ਹੀ ਸਿੱਖ ਸੰਗਤਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਸੁਰੱਖਿਆ ਕਰਮੀਆਂ ਅਤੇ ਅਕਾਲੀ ਵਰਕਰਾਂ ਨੇ ਮੁਸ਼ਕਿਲ ਨਾਲ ਹਲਾਤ ਨੂੰ ਕਾਬੂ ‘ਚ ਕੀਤਾ। ਪੁਲਿਸ ਨੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਉੱਥੋਂ ਹਟਾ ਦਿੱਤਾ।

ਇਸੇ ਤਰਾਂ ਹੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਸਮੇਤ ਹੋਰ ਕਈ ਲੀਡਰ ਵੀ ਕਪੂਰਥਲਾ ਦੇ ਇੱਕ ਗੁਰਦੁਆਰਾ ਸਾਹਿਬ ‘ਚ ਰੱਖੇ ਪਾਠ ਦੇ ਭੋਗ ਚ ਸ਼ਾਮਿਲ ਹੋਣ ਲਈ ਗਏ ਤਾਂ ਸਿੱਖ ਸੰਗਤ ਨੇ ਉਨ੍ਹਾਂ ਦਾ ਜੰਮ ਕੇ ਵਿਰੋਧ ਕੀਤਾ ਅਤੇ ਇਨ੍ਹਾਂ ਆਗੂਆਂ ਨੇ ਗੁਰਦੁਆਰਾ ਸਾਹਿਬ ਦੇ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਕੇ ਆਪਣਾ ਬਚਾਅ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: