ਵਿਦੇਸ਼

ਲੰਡਨ ਵਿਖੇ ਨੌਜਵਾਨਾਂ ਵਲੋਂ ਸੰਤ ਭਿੰਡਰਾਂਵਾਲਿਆਂ ਸਾਥੀ ਸਿੰਘਾਂ ਦੀ ਸ਼ਹਾਦਤ ਨੂੰ ਪ੍ਰਣਾਮ

By ਪਰਦੀਪ ਸਿੰਘ

July 03, 2010

ਲੰਡਨ (24 ਜੂਨ, 2010): ਯੂਨਾੲਟਿਡ ਖਾਲਸਾ ਦਲ ਯੂ.ਕੇ. ਦੇ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਖ ਨੌਜਵਾਨਾਂ ਦੀ ਜਥੇਬੰਦੀ ਬ੍ਰਿਟਿਸ਼ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਪੰਚਮ ਪਾਤਸ਼ਾਹ ਗੁਰੁ ਅਰਜਨ ਦੇਵ ਜੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਜੂਨ ਉੱਨੀ ਸੌ ਚੌਰਾਸੀ ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਅੰਦਰ ਗੁਰਦਵਾਰਾ ਦਸਮੇਸ਼ ਦਰਬਾਰ ਰੋਜ਼ਬਰੀ ਐਵੇਨਿਊ ਲੰਡਨ ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਦੇ ਪ੍ਰਥਾਏ ਅਰੰਭੇ ਕਰਵਾਏ ਗਏ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਸਿ਼ਮਲਾ ਵਾਲੇ  ਅਤੇ ਭਾਈ ਮਨਵੀਰ ਸਿੰਘ  ਦੇ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।

ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਸੰਗਤਾਂ ਨੂੰ  ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦਾ ਸਾਥ ਦੇਣ ਲਈ ਅਪੀਲ ਕੀਤੀ ਅਤੇ ਪੰਜਾਬ ਸਰਕਾਰ ਵਲੋਂ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਆਖਣ ਤੇ ਬਾਦਲ ਸਰਕਾਰ ਦੀ ਸਖਤ ਅਲੋਚਨਾ ਕਰਦਿਆਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ  ਨੂੰ  ਪੰਥ ਹਿਤੈਸ਼ੀਆਂ  ਦੇ ਸਪੁਰਦ ਕਰਨ ਲਈ ਆਖਿਆ। ਦਲ ਖਾਲਸਾ ਯੂ.ਕੇ. ਦੇ ਆਗੂ ਸ੍ਰ. ਮਨਮੋਹਣ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰਸ਼ਨ ਯੂ.ਕੇ. ਦੇ ਮੀਤ ਪ੍ਰਧਾਨ ਸ੍ਰ. ਕਿਰਪਾਲ ਸਿੰਘ ਮੱਲਾ ਬੇਦੀਆਂ  ਨੇ  ਆਰ. ਐੱਸ. ਐੱਸ ਵਲੋਂ ਸਿੱਖੀ ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਦੱਸਿਆ।

ਅਖੀਰ ਵਿੱਚ ਭਾਈ ਗਗਨਦੀਪ ਸਿੰਘ ਪ੍ਰਧਾਨ ਬ੍ਰਿਟਿਸ਼ ਸਿੱਖ ਸਟੂਡੈਂਟਸ ਫੈਡਰੇਸ਼ਨ ਯੂ,ਕੇ ਨੇ ਸਮੂਹ ਸਿੱਖ ਸੰਗਤਾਂ , ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼ਾਮਲ ਸਿੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ  ਸ੍ਰ. ਸੁਖਵਿੰਦਰ ਸਿੰਘ ਖਾਲਸਾ, ਸ੍ਰ. ਗੁਰਚਰਨ ਸਿੰਘ ਦਲ ਖਾਲਸਾ  ਨੇ ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ। ਸ੍ਰ. ਹਰਜਿੰਦਰ ਸਿੰਘ ਹੇਜ਼ ਅਤੇ ਸਾਥੀ ਸਿੰਘਾਂ ਵਲੋਂ ਸ਼ਹੀਦਾਂ ਦੀਆਂ ਫੋਟੋਆਂ ਵਾਲੇ ਕੈਲੰਡਰ ਅਤੇ ਧਾਰਮਿਕ ਲਿਟਰੇਚਰ ਲਈ ਫਰੀ ਸਟਾਲ ਲਗਾਇਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: