ਰਾਜੌਰੀ ਗਾਰਡਨ ਵਿਖੇ ਹੋਈ ਪ੍ਰੈਸ ਕਾਨਫਰੰਸ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਭਾਈ ਵਡਾਲਾ

ਸਿਆਸੀ ਖਬਰਾਂ

ਦਿੱਲੀ ਗੁਰਦੁਆਰਾ ਚੋਣਾਂ ’ਚ ਹਿੱਸਾ ਲਵੇਗਾ ‘ਸਿੱਖ ਸਦਭਾਵਨਾ ਦਲ’

By ਸਿੱਖ ਸਿਆਸਤ ਬਿਊਰੋ

October 04, 2016

ਭਾਈ ਬਲਦੇਵ ਸਿੰਘ ਵਡਾਲਾ ਵਲੋਂ ਦਿੱਲੀ ਦੇ ਗੁਰਦੁਆਰੇ ਕਾਂਗਰਸੀਆਂ ਤੇ ਭਾਜਪਾਈਆਂ ਤੋਂ ਆਜ਼ਾਦ ਕਰਵਾ ਕੇ ਸਿੱਖ ਸੰਗਤਾਂ ਹਵਾਲੇ ਕਰਨ ਦਾ ਹੋਕਾ

ਚੰਡੀਗੜ੍ਹ: ਸਿੱਖ ਸਦਭਾਵਨਾ ਦਲ ਵਲੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਕਿ ਉਹ ਅਗਲੇ ਸਾਲ ਦਿੱਲੀ ‘ਚ ਹੋਣ ਵਾਲੀਆਂ ਗੁਰਦੁਆਰਾ ਚੋਣਾਂ ‘ਚ ਹਿੱਸਾ ਲਵੇਗਾ। ਦਲ ਦੇ ਮੁਖੀ, ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਦਿੱਲੀ ਦੇ ਗੁਰਦੁਆਰਿਆਂ ਨੂੰ ਕਾਂਗਰਸੀਆਂ ਤੇ ਭਾਜਪਾਈਆਂ ਦੇ ਕਬਜ਼ੇ ‘ਚੋਂ ਮੁਕਤ ਕਰਵਾ ਕੇ ਸਿੱਖ ਸੰਗਤਾਂ ਦੇ ਪ੍ਰਬੰਧ ਹੇਠ ਲਿਆਂਦਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਨੇ ਪਿਛਲੇ ਸਮੇਂ ਦੌਰਾਨ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵੀ ਸ਼ੁਰੂ ਕੀਤੀ ਹੋਈ ਹੈ, ਜਿਸ ਨੂੰ ਪੰਜਾਬ, ਦਿੱਲੀ, ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਦੁਨੀਆਂ ਭਰ ਦੇ ਸਿੱਖਾਂ ਨੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ 2017 ਵਿਚ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਹੋਣੀਆਂ ਹਨ, ਇਸ ਲਈ ਉਨ੍ਹਾਂ ਦਿੱਲੀ ਵਿਚ ਵੱਸਦੇ ਸਮੂਹ ਸਿਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ, ਕਿ ਉਹ ਆਪਣੀਆਂ ਵੋਟਾਂ ਬਣਾਉਣ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਸਿੱਖ ਸਦਭਾਵਨਾ ਦਲ ਵਲੋਂ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਕੀਮਤ ’ਤੇ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਅਸੀਂ ਸਿੱਖ ਸਦਭਾਵਨਾ ਦਲ ਵਲੋਂ ਸ਼ਾਂਤਮਈ ਤਰੀਕੇ ਦੇ ਨਾਲ ਇਹ ਲੜਾਈ ਲੜਨੀ ਹੈ। ਸਾਡਾ ਮਕਸਦ ਧਰਨੇ, ਮੁਜ਼ਾਹਰੇ ਤੇ ਰੈਲੀਆਂ ਕਰਨਾ ਨਹੀਂ ਤੇ ਨਾ ਹੀ ਅਸੀਂ ਗਰਮ ਤੇ ਭੜਕਾਊ ਕਿਸਮ ਦਾ ਭਾਸ਼ਣ ਦੇ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਨਾ ਹੈ। ਅਸੀਂ ਤਾਂ ਲੋਕਤੰਤਰ ਤਰੀਕੇ ਦੇ ਨਾਲ ਇਸ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਆਮ ਸਿੱਖਾਂ ਤੱਕ ਲੈ ਕੇ ਜਾਣਾ ਹੈ।

ਉਨ੍ਹਾਂ ਕਿਹਾ ਕਿ ਉਹ ਦਿੱਲੀ ਵਿਚ ਜਿੰਨੀਆਂ ਵੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਭਾ-ਸੁਸਾਇਟੀਆਂ ਐਨ.ਜੀ.ਓ. ਆਦਿ ਕੰਮ ਕਰ ਰਹੀਆਂ ਹਨ, ਉਨ੍ਹਾਂ ਦੇ ਨਾਲ ਰਾਬਤਾ ਬਣਾ ਕੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਦੱਸਣਗੇ ਤੇ ਉਨ੍ਹਾਂ ਤੋਂ ਸਹਿਯੋਗ ਲੈਣਗੇ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਚੰਗੇ ਨਤੀਜੇ ਆ ਸਕਣ।

ਭਾਈ ਵਡਾਲਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਉਨ੍ਹਾਂ ਸਿੱਖਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ, ਜਿਨ੍ਹਾਂ ਦੇ ਪਰਿਵਾਰ ਪੂਰਨ ਗੁਰਸਿੱਖ ਹਨ। ਤਾਂ ਜੋ ਇਹ ਕਮੇਟੀ ਨਿਰੋਲ ਪੂਰਨ ਗੁਰਸਿੱਖਾਂ ਦੀ ਨੁਮਾਇੰਦਗੀ ਕਰ ਸਕੇ ਅਤੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਸੋਚ ’ਤੇ ਪਹਿਰਾ ਦੇ ਸਕੀਏ। ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਵਡਾਲਾ ਨੇ ਕਿਹਾ ਸਾਡਾ ਮਕਸਦ ਕੇਵਲ ਚੋਣਾਂ ਲੜਨਾ ਹੀ ਨਹੀਂ ਬਲਕਿ ਸਿੱਖਾਂ ਦੇ ਅੰਦਰ ਇਹ ਸਦਭਾਵਨਾ ਪੈਦਾ ਕਰਨੀ ਹੈ ਤਾਂ ਕਿ ਸਰਬੱਤ ਦਾ ਭਲਾ ਹੋ ਸਕੇ।

ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਦਾ ਇਹ ਮਾਟੋ ਹੈ, ‘ਕਲਗੀਧਰ ਦੇ ਪੁ¤ਤਰ ਤੇ ਧੀਓ, ਇਕ ਦੂਜੇ ਦੇ ਹੋ ਕੇ ਜੀਓ, ਅੰਮ੍ਰਿਤਧਾਰੀ ਹੋ ਕੇ ਜੀਓ।’

ਉਨ੍ਹਾਂ ਸਮੂਹ ਸਿੱਖ ਸੰਗਤਾਂ ਸਭਾ-ਸੁਸਾਇਟੀਆਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਸਦਭਾਵਨਾ ਦਲ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਆਉਣ ਵਾਲੀਆਂ ਇਨ੍ਹਾਂ ਚੋਣਾਂ ਨੂੰ ਜਿੱਤਿਆ ਜਾ ਸਕੇ। ਉਨ੍ਹਾਂ ਨਾਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਬਖ਼ਸ਼ੀਸ਼ ਸਿੰਘ, ਭਾਈ ਜਗਤਾਰ ਸਿੰਘ ਜੱਗਾ, ਭਾਈ ਹਰਮਿੰਦਰ ਸਿੰਘ ਜੇਲ੍ਹ ਰੋਡ, ਅਮਰਜੀਤ ਸਿੰਘ ਬੱਬੀ, ਭਾਈ ਗੁਰਦੀਪ ਸਿੰਘ, ਭਾਈ ਇੰਦਰਪ੍ਰੀਤ ਸਿੰਘ, ਭਾਈ ਦਿਲੀਪ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਦਿਲਪ੍ਰੀਤ ਸਿੰਘ, ਭਾਈ ਰੁਪਿੰਦਰ ਸਿੰਘ, ਅਰਵਿੰਦਰ ਸਿੰਘ, ਮਨਜੀਤ ਸਿੰਘ, ਸੁਰਿੰਦਰਪਾਲ ਸਿੰਘ, ਕੁਲਜੀਤ ਸਿੰਘ, ਸੁਖਦੀਪ ਸਿੰਘ ਅਤੇ ਨਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: