ਸਿੱਖ ਖਬਰਾਂ

ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਸਿੱਖ ਰਿਲੀਫ਼ ਵੱਲੋਂ ਰਾਹਤ ਕਾਰਜ਼ ਨਿਰੰਤਰ ਜਾਰੀ

By ਸਿੱਖ ਸਿਆਸਤ ਬਿਊਰੋ

September 16, 2014

ਸਤੰਬਰ (15 ਸਤੰਬਰ, 2014 ) : ਸਿੱਖ ਰੋਜ਼ਾਨਾ ਅਰਦਾਸ ਤੋਂ ਬਾਅਦ ਸਿਰਫ “ਸਰਬੱਤ ਦਾ ਭਲਾ” ਹੀ ਨਹੀਂ ਮੰਗਦਾ ਸਗੋਂ ਅਮਲੀ ਜੀਵਣ ਵਿੱਚ ਵੀ ਲੋੜਵੰਦਾਂ ਅਤੇ ਮੁਸੀਬਤਾਂ ਵਿੱਚ ਘਿਰੇ ਬੇਸਹਾਰਾ ਲੋਕਾਂ ਦੀ ਤਨ ਮਨ ਧਨ ਨਾਲ ਸੇਵਾ ਕਰਨਾ ਆਪਣਾ ਧਰਮ ਅਤੇ ਫਰਜ਼ ਸਮਝਦਾ ਹੈ।

“ਸਰਬੱਤ ਦਾ ਭਲਾ” ਗਰੂ ਆਸ਼ੇ ਅਨੁਸਾਰ ਚੱਲਦਿਆਂ ਜੰਮੂ ਕਸ਼ਮੀਰ ਵਿਚ ਭਾਰੀ ਬਾਰਸ਼ ਅਤੇ ਹੜਾਂ ਕਾਰਨ ਹੋਈ ਤਬਾਹੀ ਵਿਚ ਘਿਰੇ ਕਸ਼ਮੀਰ ਦੇ ਲੋਕਾਂ ਲਈ ਸਿੱਖ ਰਿਲੀਫ ਜੱਥੇਬੰਦੀ ਯੂਕੇ ਸਮੇਤ ਹੋਰ ਵੀ ਪੰਥਕ ਜੱਥੇਬੰਦੀਆਂ ਦਿਨ ਰਾਤ ਇਕ ਕਰਕੇ ਮੌਤ ਦੇ ਮੂੰਹ ਵਿਚ ਫਸੇ ਬਿਮਾਰ ਲੋਕਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਦਾ ਸਹਾਰਾ ਬਣਕੇ ਬਹੁੜੀਆਂ ਹਨ।

ਲੋਕਾਂ ਨੂੰ ਜਿੱਥੇ ਖਾਣ ਪੀਣ ਦੀਆਂ ਜ਼ਰੂਰੀ ਵਸਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਸ ਰਾਹਤ ਸਮੱਗਰੀ ਵਿਚ ਦਵਾਈਆਂ, ਪੀਣ ਵਾਲੇ ਮਿਨਰਲ ਵਾਟਰ ਦੀਆਂ ਹਜ਼ਾਰਾਂ ਬੋਤਲਾਂ, ਬੱਚਿਆਂ ਦੇ ਕਪੜੇ, ਬਿਸਕੁਟ, ਬਰੈਡ, ਹਜ਼ਾਰਾ ਲੀਟਰ ਦੁੱਧ ਆਦਿ ਸ਼ਾਮਲ ਹਨ।

ਸਿੱਖ ਰਿਲੀਫ ਯੂਕੇ ਦੇ ਜੱਥੇਬਦੀ ਦੇ ਪ੍ਰਧਾਨ ਸ੍ਰ ਆਰ ਪੀ ਸਿੰਘ ਅਤੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਸਤਿਨਾਮ ਸਿੰਘ ਦੜਬੀਖਾਨਾ ਦੀ ਅਗਵਾਈ ਵਿਚ ਇਸ ਟੀਮ ਵਿਚ 100 ਦੇ ਕਰੀਬ ਜੱਥੇਬੰਦੀ ਦੇ ਮੈਂਬਰ ਵੱਖ ਵੱਖ ਖੇਤਰਾਂ ਵਿਚ ਟੀਮਾਂ ਬਣਾ ਕੇ ਰਾਹਤ ਸਮੱਗਰੀ ਵੰਡਣ ਦਾ ਕੰਮ ਕਰ ਰਹੇ ਹਨ। ਇਸ ਰਾਹਤ ਅਪ੍ਰੇਰਸ਼ਨ ਨੂੰ ਜੱਥੇਬੰਦੀ ਜੰਮੂ ਕਸ਼ਮੀਰ ਦੇ ਵੱਖ ਵੱਖ ਖੇਤਰਾਂ ਵਿਚ ਵਹੀਕਲ, ਬੋਟਾਂ,ਕਿਸ਼ਤੀਆਂ ਆਦਿ ਕਿਰਾਏ ਤੇ ਲੈ ਕੇ ਰੋਜ਼ਾਨਾਂ ਹੀ ਹੜਾਂ ਪ੍ਰਭਾਵਿਤ ਖੇਤਰਾਂ ਵਿਚ ਪੁੱਜਕੇ ਭੁੱਖ ਨਾਲ ਤੜਪ ਰਹੇ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਨਾਲ ਬਿਮਾਰ ਲੋਕਾਂ ਲਈ ਦਵਾਈਆਂ ਆਦਿ ਹੋਰ ਰਾਹਤ ਸਮੱਗਰੀ ਮੁਹੱਈਆਂ ਕਰਵਾ ਰਹੇ ਹਨ।

ਪਾਣੀ ਵਿਚ ਘਿਰਕੇ ਮੌਤ ਦੇ ਮੂੰਹ ਵਿਚ ਫਸੀਆਂ ਜਿੰਦਗੀਆਂ ਜੋ ਆਪਣੀ ਜਾਨ ਦੀ ਰਾਖੀ ਲਈ ਮਦਦ ਦੀ ਉਡੀਕ ਵਿਚ ਸਨ ਨੂੰ ਮੌਤ ਦੇ ਮੂੰਹ ਵਿਚੋਂ ਬਚਾਉਣ ਲਈ ਹਰ ਸੰਭਵ ਸਹਾਇਤਾ ਮੁਹੰਈਆਂ ਕਰਵਾਈ ਜਾ ਰਹੀ ਹੈ।

ਦੜਬੀਖਾਨਾ ਨੇ ਦੱਸਿਆ ਕਿ ਲੋਕ ਘਰਾਂ ਦੀਆਂ ਛੱਤਾਂ ਤੇ ਭੁੱਢੇ ਤਿਹਾਏ ਬੈਠੇ ਹੋਏ ਹਨ ਕਈ ਲੋਕਾਂ ਕੋਲ ਤਾਂ ਖਾਣਾ ਆਦਿ ਬਣਾਉਣ ਲਈ ਨਾਤਾਂ ਰਾਸ਼ਨ ਹੈ ਅਤੇ ਨਾ ਹੀ ਖਾਣਾ ਪਕਾਉਣ ਦੇ ਸਾਧਨ ਪਰ ਅਜਿਹੀ ਹਾਲਤ ਵਿਚ ਸਿੱਖ ਜੱਥੇਬੰਦੀਆਂ ਉਹਨਾਂ ਨੂੰ ਖਾਣ ਲਈ ਬਰੈਡ, ਬਿਸਕੁਟ, ਮਿਨਰਲ ਵਾਟਰ ਦੀਆਂ ਬੋਤਲਾਂ, ਦੁੱਧ ਦੇ ਪੈਕੇਟ ਜਿਨ੍ਹਾਂ ਲੋਕਾਂ ਕੋਲ ਖਾਣਾ ਪਕਾਉਣ ਲਈ ਸਾਧਨ ਹਨ ਉਹਨਾਂ ਨੂੰ ਰਾਸ਼ਨ ਆਟਾ, ਦਾਲਾਂ, ਖੰਡ ਆਦਿ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।

ਜੰਮੂ ਕਸ਼ਮੀਰ ਲਈ ਰਾਹਤ ਸਮੱਗਰੀ ਵੰਡ ਰਹੀਆਂ ਟੀਮਾਂ ਦੀ ਅਗਵਾਈ ਜੱਥੇਬੰਦੀ ਦੇ ਮੈਂਬਰ ਸਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮ੍ਰਿਤਪਾਲ ਸਿੰਘ ਰੋਮਾਣਾ, ਅਮਨਦੀਪ ਸਿੰਘ ਬਾਜਾਖਾਨਾਂ, ਮਨਿੰਦਰ ਸਿੰਘ, ਹਰਿੰਦਰ ਸਿੰਘ, ਸਿੱਖ ਰਿਲੀਫ ਦੇ ਜਸਮੀਤ ਸਿੰਘ ਜੰਮੂ, ਪਰਵਿੰਦਰ ਸਿੰਘ,ਗਗਨਦੀਪ ਸਿੰਘ ਬਰਮਾਂ ਆਦਿ ਕਰ ਰਹੇ ਹਨ।

ਫੋਟੋ ਕੈਪਸ਼ਨ :-ਸਿੱਖ ਰਿਲੀਫ ਯੂਕੇ ਦੇ ਆਗੂ ਸਤਿਨਾਮ ਸਿੰਘ ਦੜਬੀਖਾਨਾ ਦੀ ਅਗਵਾਈ ‘ਚ ਜੰਮੂ ਕਸ਼ਮੀਰ ਦੇ ਖੇਤਰਾਂ ‘ਚ ਫਸੇ ਲੋਕਾਂ ਲਈ ਟੀਮਾਂ ਰਾਹਤ ਸਮੱਗਰੀ ਵੰਡਦੀਆਂ ਹੋਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: