ਬਠਿੰਡਾ, 2 ਸਤੰਬਰ (ਅਨਿਲ ਵਰਮਾ): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਬਾਬਾ ਫਰੀਦ ਨਗਰ ਦੀ ਗਲੀ ਨੰ:4 ਵਿੱਚ ਸਥਿਤ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿੱਚ ਕਰਵਾਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਦੇਹਧਾਰੀ ਡੇਰਾਵਾਦ ਤੋਂ ਦੂਰ ਹੋਕੇ ਸਿੱਖ ਧਰਮ ਨਾਲ ਜੁੜਨ ਅਤੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਹੋਕੇ ਸਿੱਖੀ ਦੇ ਲੜ ਲੱਗਣ ਲਈ ਪ੍ਰੇਰਿਤ ਕਰਨ ਵਾਲੇ ਕਥਾਵਾਚਕ ਕੁਲਦੀਪ ਸਿੰਘ ਸਖਤ ਨੂੰ ਆਖਰਕਾਰ ਥਾਣਾ ਥਰਮਲ ਪੁਲਿਸ ਨੇ ਧਾਰਾ 295 ਏ ਤਹਿਤ ਪਰਚਾ ਦਰਜ ਕਰਕੇ ਅੱਜ ਜੇਲ ਭੇਜ ਦਿੱਤਾ ਕਿਉਂਕਿ ਇਸ ਸਮਾਗਮ ਦੌਰਾਨ ਪੰਡਾਲ ਵਿੱਚ ਮੌਜੂਦ ਇੱਕ ਡੇਰਾ ਪ੍ਰੇਮੀ ਹਰਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ ਨੇ ਪੁਲਿਸ ਨੂੰ ਇਹ ਸ਼ਿਕਾਇਤ ਦਰਜ ਕਰਾਈ ਸੀ ਕਿ ਉਕਤ ਕਥਾਵਾਚਕ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਅਪਸ਼ਬਦ ਬੋਲ ਰਿਹਾ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡੇਰਾ ਪ੍ਰੇਮੀ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਉਕਤ ਕਥਾਵਾਚਕ ਡੇਰਾ ਮੁਖੀ ਖਿਲਾਫ ਅਪਸਬਦ ਬੋਲਿਆ ਹੈ ਜਿਸ ਨਾਲ ਉਹਨਾਂ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ।
ਇਸ ਸ਼ਿਕਾਇਤ ਤੇ ਸਰਕਾਰੀ ਵਕੀਲ ਦੀ ਰਾਏ ਲੈਕੇ ਧਾਰਾ 295 ਏ ਤਹਿਤ ਪਰਚਾ ਦਰਜ ਕਰਕੇ ਜੇਲ ਭੇਜਿਆ ਦਿੱਤਾ। ਦੱਸਣਯੋਗ ਹੈ ਕਿ ਇਹ ਮਾਮਲਾ ਪਹਿਰੇਦਾਰ ਵੱਲੋਂ ਅੱਜ ਦੇ ਅੰਕ ਵਿੱਚ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਗਿਆ ਹੈ। ਮਾਮਲਾ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਿਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਨ ਤੇ ਹੀ ਪਰਚਾ ਦਰਜ ਕਰਕੇ ਜੇਲ੍ਹ ਭੇਜਣ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼ਹਿਰ ਦੀਆਂ ਵੱਖ ਵੱਖ ਸਿੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਪਿੰਡ ਨਰੂਆਣਾ ਦੀ ਪੰਚਾਇਤ ਭਾਈ ਕੁਲਦੀਪ ਸਿੰਘ ਸਖਤ ਦੇ ਹੱਕ ਵਿੱਚ ਨਿਤਰ ਆਏ ਤੇ ਉਹਨਾਂ ਐਸ. ਐਸ.ਪੀ. ਰਵਚਰਨ ਸਿੰਘ ਬਰਾੜ ਨੂੰ ਦਰਖਾਸਤ ਦੇਕੇ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ।
ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਸੈਕਟਰੀ ਗੁਰਦੀਪ ਸਿੰਘ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਭਾਈ ਕੁਲਦੀਪ ਸਿੰਘ ਸਖਤ ਵੱਲੋਂ ਡੇਰਾ ਮੁਖੀ ਦੇ ਖਿਲਾਫ ਜਾਤੀ ਸ਼ਬਦ ਨਹੀਂ ਬੋਲੇ ਗਏ ਜਿਸ ਨਾਲ ਡੇਰਾ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਆਹਤ ਹੋਈ ਹੋਵੇ ਤੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਫਸਾਇਆ ਗਿਆ ਹੈ। ਭਾਈ ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ ਐਸ ਪੀ ਵੱਲੋਂ ਮਾਮਲੇ ਦੀ ਜਾਂਚ ਦੇ ਆਦੇਸ਼ ਐਸ ਪੀ ਸਿਟੀ ਦੇਸਰਾਜ ਨੂੰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਐਸਐਸਪੀ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਸਮਾਗਮ ਦੀ ਸੀਡੀ ਪੇਸ਼ ਕੀਤੀ ਹੈ ਜਿਸ ਵਿੱਚ ਕਥਾਵਾਚਕ ਵੱਲੋਂ ਡੇਰਾ ਮੁਖੀ ਦਾ ਸਿਰ ਵੱਢ ਕੇ ਲਿਆਉਣ ਦੀ ਗੱਲ ਕਹੀ ਗਈ ਹੈ। ਜਦੋਂ ਕਿ ਭਾਈ ਕੁਲਦੀਪ ਸਿੰਘ ਵੱਲੋਂ ਅਜਿਹੀ ਕੋਈ ਗੱਲ ਨਹੀਂ ਕਹੀ ਗਈ। ਉਹਨਾਂ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ। ਇਸ ਮੌਕੇ ਡੇਰਾ ਮੁਖੀ ਤੇ ਸਿੱਖ ਭਾਵਨਾਵਾਂ ਭੜ੍ਹਕਾਉਣ ਦਾ ਪਰਚਾ ਦਰਜ ਕਰਾਉਣ ਵਾਲੇ ਭਾਈ ਰਜਿੰਦਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ, ਸਿੱਖ ਯੂਨਾਈਟਿਡ ਮੂਵਮੈਂਟ ਦੇ ਜਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਬੁਰਜ ਮਹਿਮਾ, ਭਾਈ ਕਿਰਪਾਲ ਸਿੰਘ, ਮਹਿੰਦਰ ਸਿੰਘ ਖਾਲਸਾ, ਗੁਰਜੰਟ ਸਿੰਘ ਸਪੁੱਤਰ ਪਿੰਡ ਨਰੂਆਣਾ ਦੀ ਸਰਪੰਚ ਸੁਖਦੇਵ ਕੌਰ, ਪੰਚ ਹਰਬੰਸ ਸਿੰਘ, ਪੰਚ ਨੱਥਾ ਸਿੰਘ, ਪੰਚ ਜਗਜੀਤ ਸਿੰਘ, ਪੰਚ ਬੰਤ ਸਿੰਘ , ਪੰਚ ਗੁਰਦੇਵ ਸਿੰਘ ਆਦਿ ਸ਼ਾਮਲ ਸਨ।
(ਧੰਨਵਾਦ ਸਹਿਤ: ਰੋਜ਼ਾਨਾ ਪਹਿਰੇਦਾਰ, 03 ਸਤੰਬਰ 2013 ਵਿਚੋਂ)