Site icon Sikh Siyasat News

ਯੂਕੇ ’ਚ ਸਿੱਖ ਪੋਸਟਮਾਸਟਰ ’ਤੇ ਮਾਰਚ ਮਹੀਨੇ ਵਿਚ ਹੋਏ ਹਮਲੇ ਦੀ ਵੀਡੀਓ ਪੁਲਿਸ ਵਲੋਂ ਜਾਰੀ

ਲੰਡਨ: ਯੂਕੇ ਵਿੱਚ ਇਕ ਲੁਟੇਰੇ ਨੇ 67 ਸਾਲਾ ਸਿੱਖ ਪੋਸਟਮਾਸਟਰ ਦੀ ਧੌਣ ਅਤੇ ਸਿਰ ’ਤੇ ਚਾਕੂ ਨਾਲ ਵਾਰ ਕੀਤੇ ਅਤੇ ਖਿੱਚ ਕੇ ਉਸ ਦੀ ਦਸਤਾਰ ਲਾਹ ਦਿੱਤੀ। ਬਰਮਿੰਘਮ ਦੇ ਇਰਡਿੰਗਟਨ ਸਥਿਤ ਪੋਸਟ ਆਫਿਸ ’ਚ ਹੋਏ ਹਮਲੇ ਦਾ ਤਰਸੇਮ ਠੇਠੀ ਦੀ ਪਤਨੀ ਕੁਲਵੰਤ ਨੇ ਦੱਸਿਆ ਕਿ ਉਹ ‘ਹੁਣ ਪਹਿਲਾਂ ਵਰਗਾ ਇਨਸਾਨ ਨਹੀਂ ਹੈ’। ਇਹ ਵਾਰਦਾਤ ਮਾਰਚ ਵਿੱਚ ਹੋਈ ਸੀ ਪਰ ਪੁਲੀਸ ਵੱਲੋਂ ਇਸ ਦੀ ਸੀਸੀਟੀਵੀ ਫੁਟੇਜ ਹੁਣ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇਕ ਗੋਰਾ ਤਰਸੇਮ ਉਤੇ ਛੇ ਇੰਚ ਲੰਬੇ ਚਾਕੂ ਨਾਲ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ।

ਤਰਸੇਮ ਸਿੰਘ ਠੇਠੀ

ਮੈਟਰੋ.ਕੋ.ਯੂਕੇ ਨੇ ਤਰਸੇਮ ਦੇ ਹਵਾਲੇ ਨਾਲ ਦੱਸਿਆ, ‘ਆਮ ਤੌਰ ’ਤੇ ਜਦੋਂ ਕੋਈ ਅੰਦਰ ਆਉਂਦਾ ਹੈ ਤਾਂ ਮੈਂ ਉਸ ਨੂੰ ‘ਸ਼ੁਭ ਸਵੇਰ’ ਜਾਂ ਇਸ ਤਰ੍ਹਾਂ ਦਾ ਕੁੱਝ ਕਹਿੰਦਾ ਹਾਂ ਪਰ ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲ ਸਕਦਾ ਉਸ ਨੇ ਮੇਰੀ ਧੌਣ ’ਚ ਚਾਕੂ ਮਾਰਿਆ। ਇਹ ਕੇਵਲ ਛੋਟਾ ਤਕਰੀਬਨ 2 ਸੈ.ਮੀ. ਡੂੰਘਾ ਜ਼ਖ਼ਮ ਸੀ ਪਰ ਜਿਵੇਂ ਤੁਸੀਂ ਸੋਚ ਸਕਦੇ ਹੋਂ ਇਹ ਬਹੁਤ ਦਰਦਨਾਕ ਸੀ। ਉਹ ਚੀਕ ਰਿਹਾ ਸੀ ‘ਮੈਨੂੰ ਪੈਸੇ ਦਿਓ, ਮੈਨੂੰ ਚਾਬੀਆਂ ਦਿਓ’। ਉਹ ਬੰਦਾ ਪਾਗਲ ਸੀ। ਉਹ ਮੈਨੂੰ ਧੱਕੀ ਫਿਰ ਰਿਹਾ ਸੀ ਤੇ ਚਾਕੂ ਨਾਲ ਵਾਰ ਕਰ ਰਿਹਾ ਸੀ।’ 17 ਮਾਰਚ ਨੂੰ ਹੋਈ ਇਸ ਵਾਰਦਾਤ ਦੀ ਵੀਡੀਓ ਵਿੱਚ ਹਮਲਾਵਰ ਵੱਲੋਂ ਤਰਸੇਮ ਦੀ ਦਸਤਾਰ ਲਾਹੇ ਜਾਣ ਬਾਅਦ ਉਹ ਗੁੱਥਮ-ਗੁੱਥਾ ਹੁੰਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਦੂਜੇ ਕਮਰੇ ਵਿੱਚੋਂ ਤਰਸੇਮ ਦੀ ਪਤਨੀ ਅਲਾਰਮ ਵਜਾ ਦਿੰਦੀ ਹੈ ਇਸ ਬਾਅਦ ਉਹ ਬਾਹਰ ਦੌੜ ਜਾਂਦਾ ਹੈ। ਤਰਸੇਮ ਨੇ ਦੱਸਿਆ, ‘ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਮੈਨੂੰ ਮਾਰ ਦੇਵੇਗਾ ਪਰ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਕੁੱਝ ਨਹੀਂ ਹੋਵੇਗਾ।

ਹਮਲਾਵਰ ਦੀ ਪਛਾਣ ਲਈ ਪੁਲਿਸ ਵਲੋਂ ਜਾਰੀ ਕੀਤੀ ਗਈ ਵੀਡੀਓ ਦੇ ਦ੍ਰਿਸ਼

ਹੁਣ ਜਦੋਂ ਮੈਂ ਸੋਚਦਾ ਹਾਂ ਤਾਂ ਮੈਨੂੰ ਪੂਰਾ ਯਕੀਨ ਨਹੀਂ ਕਿ ਉਸ ਨੂੰ ਪੈਸੇ ਦੀ ਪ੍ਰਵਾਹ ਸੀ। ਮੈਨੂੰ ਲੱਗਦਾ ਹੈ ਕਿ ਉਹ ਮਹਿਜ਼ ਕਿਸੇ ਨੂੰ ਮਾਰਨਾ ਚਾਹੁੰਦਾ ਸੀ। ਉਸ ਦਿਨ ਬਾਅਦ ਰੋਜ਼ਾਨਾ ਮੈਂ ਇਥੇ ਕੰਮ ਕਰਨ ਤੋਂ ਡਰਦਾ ਹਾਂ।’ ਵੈਸਟ ਮਿਡਲੈਂਡਜ਼ ਪੁਲਿਸ ਦੇ ਕਾਂਸਟੇਬਲ ਐਲਨ ਰੀਵਜ਼ ਨੇ ਕਿਹਾ, ‘ਇਹ ਵਿਅਕਤੀ ਲੋਕਾਂ ਲਈ ਖ਼ਤਰਾ ਹੈ ਅਤੇ ਇਸ ਨੂੰ ਕਾਬੂ ਕਰਨ ਦੀ ਲੋੜ ਹੈ। ਅਸੀਂ ਉਸ ਦੀ ਸ਼ਨਾਖ਼ਤ ਕਰਨਾ ਚਾਹੁੰਦੇ ਹਾਂ ਤਾਂ ਜੋ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।’

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version