Site icon Sikh Siyasat News

ਬੰਦੀ ਸਿੰਘ ਭਾਈ ਲਾਲ ਸਿੰਘ ਅਕਾਲਗੜ੍ਹ ਨੂੰ 28 ਸਾਲ ਬਾਅਦ ਪੱਕੀ ਰਿਹਾਈ ਮਿਲੀ

ਚੰਡੀਗੜ੍ਹ: ਸਿੱਖ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਭਾਈ ਲਾਲ ਸਿੰਘ ਅਕਾਲਗੜ੍ਹ ਦੀ ਅੱਜ ਮੈਕਸੀਮਮ ਸਕਿਓਟਰੀ ਜੇਲ੍ਹ, ਨਾਭਾ ਵਿਚੋਂ ਪੱਕੇ ਤੌਰ ਉੱਤੇ ਰਿਹਾਈ ਹੋ ਗਈ। ਭਾਈ ਲਾਲ ਸਿੰਘ ਲੰਘੇ 28 ਵਰਿ੍ਹਆਂ ਤੋਂ ਇੰਡੀਆ ਦੀ ਕੈਦ ਵਿੱਚ ਸਨ ਤੇ ਬੀਤੇ ਲੰਮੇ ਸਮੇਂ ਤੋਂ ਨਾਭਾ ਜੇਲ੍ਹ ਵਿੱਚ ਬੰਦ ਸਨ।

ਭਾਈ ਲਾਲ ਸਿੰਘ ਨੂੰ ਗੁਜਰਾਤ ਪੁਲਿਸ ਨੇ 14 ਜੁਲਾਈ 1992 ਵਿੱਚ ਗਿ੍ਰਫਤਾਰ ਕੀਤਾ ਸੀ ਅਤੇ ਉਹਨਾਂ ਨੂੰ ਮਿਰਜ਼ਾਪੁਰ (ਗੁਜਰਾਤ) ਦੀ ਖਾਸ ਟਾਡਾ ਅਦਾਲਤ ਵੱਲੋਂ 8 ਜਨਵਰੀ 1997 ਨੂੰ ਟਾਡਾ ਅਤੇ ਹੋਰਨਾਂ ਕਾਨੂੰਨਾਂ ਤਹਿਤ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ।

ਭਾਈ ਲਾਲ ਸਿੰਘ ਅਕਾਲਗੜ੍ਹ

ਭਾਵੇਂ ਕਿ ਇੰਡੀਆ ਵਿੱਚ ਉਮਰ ਕੈਦੀਆਂ ਨੂੰ 10-14 ਸਾਲ ਕੈਦ ਕੱਟਣ ਤੋਂ ਬਾਅਦ ਪੱਕੀ ਰਿਹਾਈ ਦੇ ਦਿੱਤੀ ਜਾਂਦੀ ਹੈ ਪਰ ਭਾਈ ਲਾਲ ਸਿੰਘ 28 ਸਾਲਾਂ ਤੱਕ ਜੇਲ੍ਹ ਵਿੱਚ ਕੈਦ ਰਹੇ ਹਨ।

ਲੰਘੇ ਸਾਲ ਪਹਿਲੇ ਪਾਤਿਸਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਇੰਡੀਆ ਦੀ ਸਰਕਾਰ ਨੇ ਅੱਠ ਬੰਦੀ ਸਿੰਘ ਨੂੰ ਪੱਕੀ ਰਿਹਾਈ ਦੇਣ ਦਾ ਐਲਾਨ ਕੀਤਾ ਸੀ। ਇਨ੍ਹਾਂ ਬੰਦੀਆਂ ਸਿੰਘਾਂ ਵਿੱਚ ਭਾਈ ਲਾਲ ਸਿੰਘ ਦਾ ਨਾਂ ਵੀ ਸ਼ਾਮਿਲ ਸੀ।

ਇੰਡੀਆ ਦੀ ਸਰਕਾਰ ਦੇ ਐਲਾਨ ਤਹਿਤ ਗੁਜਰਾਤ ਸਰਕਾਰ, ਜੋ ਕਿ ਭਾਈ ਲਾਲ ਸਿੰਘ ਦੇ ਮਾਮਲੇ ਵਿੱਚ ਸੰਬੰਧਤ ਸੂਬਾ ਸਰਕਾਰ ਸੀ, ਵੱਲੋਂ 3 ਮਾਰਚ 2020 ਨੂੰ ਭਾਈ ਲਾਲ ਸਿੰਘ ਦੀ ਰਿਹਾਈ ਦਾ ਪਰਵਾਨਾ ਨਾਭਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਵੱਲੋਂ ਤਕਨੀਕੀ ਕਾਰਨਾਂ ਦਾ ਹਵਾਲਾ ਦੇਣ ਕਾਰਨ ਭਾਈ ਲਾਲ ਸਿੰਘ ਦੀ ਰਿਹਾਈ ਨਹੀਂ ਸੀ ਹੋ ਸਕੀ।

ਭਾਈ ਲਾਲ ਸਿੰਘ, ਜੋ ਕਿ ਇਨ੍ਹੀਂ ਦਿਨੀ ਪੇਰੋਲ ਉੱਤੇ ਜੇਲ੍ਹ ਵਿਚੋਂ ਬਾਹਰ ਸਨ, ਨੂੰ ਨਾਭਾ ਜੇਲ੍ਹ ਪ੍ਰਸ਼ਾਸਨ ਵੱਲੋਂ ਬੁਲਾਇਆ ਗਿਆ ਅਤੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਨੂੰ ਪੱਕੇ ਤੌਰ ਉੱਤੇ ਰਿਹਾਅ ਕਰ ਦਿੱਤਾ ਗਿਆ।

ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਬੰਦੀ ਸਿੰਘਾਂ ਦੀ ਸੂਚੀ ਬਣਾਉਣ ਅਤੇ ਉਹਨਾਂ ਦੇ ਮਾਮਲਿਆਂ ਦੀ ਕਾਨੂੰਨੀ ਪੈਰਵੀ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ‘ਭਾਈ ਲਾਲ ਸਿੰਘ ਜੀ ਨੂੰ ਬਹੁਤ ਪਹਿਲਾਂ ਪੱਕੀ ਰਿਹਾਈ ਮਿਲ ਜਾਣੀ ਚਾਹੀਦੀ ਸੀ’।

 ਐਡਵੋਕੇਟ ਜਸਪਾਲ ਸਿੰਘ ਮੰਝਪੁਰ

“ਦੇਰੀ ਨਾਲ ਹੀ ਸਹੀ ਪਰ ਇਹ ਇੱਕ ਸਵਾਗਤਯੋਗ ਫੈਸਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਦੂਸਰੇ ਬੰਦੀ ਸਿੰਘਾਂ, ਜੋ ਕਿ ਬਣਦੀ ਕੈਦ ਦੀ ਮਿਆਦ ਤੋਂ ਕਿਤੇ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਨੂੰ ਵੀ ਰਿਹਾਅ ਕੀਤਾ ਜਾਵੇ”, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version