ਚੰਡੀਗੜ੍ਹ: ਮੀਡੀਆ ਰਿਪੋਰਟਾਂ ਮੁਤਾਬਕ ਭਾਈ ਜਗਤਾਰ ਸਿੰਘ ਤਾਰਾ ਦੀ ਬੇਅੰਤ ਸਿੰਘ ਕਤਲ ਕੇਸ ਦੀ ਸੁਣਵਾਈ ਬੁੜੈਲ ਜੇਲ ਵਿੱਚ ਜੱਜ ਜੇ ਐਸ ਸਿੱਧੂ ਦੀ ਅਦਾਲਤ ਵਿੱਚ ਹੋਈ। ਆਖਰੀ ਗਵਾਹ ਡਾ. ਲਾਲ ਜੋ ਕਿ ਹੈਦਰਾਬਾਦ ਤੋਂ ਡੀ.ਐਨ.ਏ. ਮਾਹਰ ਹਨ, ਨੇ ਆਪਣੀ ਗਵਾਹੀ ਦਿੱਤੀ। ਡਾ ਲਾਲ ਨੇ ਦੱਸਿਆ ਕਿ ਸਿੱਖਾਂ ਦੇ ਕਾਤਲ ਬੇਅੰਤ ਮੁੱਖ ਮੰਤਰੀ ਨੂੰ ਆਪਾ ਵਾਰ ਕੇ ਸਜ਼ਾ ਦੇਣ ਵਾਲੇ ਭਾਈ ਦਿਲਾਵਰ ਸਿੰਘ ਦੇ ਅੰਗਾਂ ਨੂੰ ਡੀ.ਐਨ.ਏ. ਲਈ ਹੈਦਰਾਬਾਦ ਭੇਜਿਆ ਗਿਆ ਸੀ, ਜਿਸ ਨੂੰ ਭਾਈ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਸੁਖਜੀਤ ਕੌਰ ਦੇ ਡੀ.ਐਨ.ਏ. ਨਮੂਨਿਆਂ ਨਾਲ ਮਿਲਾਇਆ ਗਿਆ ਸੀ। ਇਹ ਸਾਰੇ ਨਮੂਨੇ ਇੱਕ ਦੂਜੇ ਨਾਲ ਮਿਲਦੇ ਸਨ ਜਿਸਤੋਂ ਇਹ ਸਿੱਧ ਹੋ ਗਿਆ ਕਿ ਮਨੁੱਖੀ ਬੰਬ ਬਣ ਕੇ ਸ਼ਹੀਦ ਹੋਣ ਵਾਲਾ ਭਾਈ ਦਿਲਾਵਰ ਸਿੰਘ ਹੀ ਸੀ।
ਇਹ ਕੇਸ 4 ਅਕਤੂਬਰ ਤੱਕ ਧਾਰਾ 313 ਅਧੀਨ ਇਹ ਬਿਆਨ ਦਰਜ ਹੋਣ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਮੌਕੇ ਸੀਬੀਆਈ ਦੇ ਵਕੀਲ ਐਸ ਕੇ ਸਕਸੈਨਾ ਹਾਜ਼ਰ ਸੀ। ਭਾਈ ਜਗਤਾਰ ਸਿੰਘ ਦੀ ਤਰਫੋਂ ਅਦਾਲਤ ਵਿੱਚ ਹਾਜਰ ਸਨ। ਭਾਈ ਤਾਰਾ ਦੇ ਵਕੀਲ ਸਿਮਰਜੀਤ ਸਿੰਘ ਨੇ ਦੱਸਿਆ ਕਿ ਭਾਈ ਤਾਰਾ ਨੇ ਆਪਣੇ ਬਚਾਅ ਲਈ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਨਿਆਂ ਪ੍ਰਣਾਲੀ ‘ਤੇ ਭਰੋਸਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਜਨਵਰੀ 2015 ‘ਚ ਪੰਜਾਬ ਪੁਲਿਸ ਨੇ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਭਾਈ ਤਾਰਾ ਨੇ ਅਦਾਲਤ ਵਿਚ ਬਿਆਨ ਦੇ ਕੇ ਪਹਿਲਾਂ ਹੀ ਕਿਹਾ ਸੀ ਕਿ 31 ਅਗਸਤ 1995 ਨੂੰ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਭਾਈ ਦਿਲਾਵਰ ਸਿੰਘ ਵਲੋਂ ਮਨੁੱਖੀ ਬੰਬ ਬਣ ਕੇ ਉਡਾਣ ਵਾਲੀ ਟੀਮ ‘ਚ ਉਹ ਸ਼ਾਮਲ ਸਨ। ਇਸ ਕੇਸ ਵਿਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਅਤੇ ਬਾਅਦ ‘ਚ ਭਾਈ ਹਵਾਰਾ ਦੀ ਫਾਂਸੀ ਉਮਰ ਕੈਦ ਵਿਚ ਬਦਲ ਗਈ ਸੀ ਜਦਕਿ ਭਾਈ ਰਾਜੋਆਣਾ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਹਨ। ਜ਼ਿਕਰਯੋਗ ਹੈ ਕਿ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੰਜਾਬ ਦਾ ਬੁੱਚੜ ਨਾਂ ਤੋਂ ਬਦਨਾਮ ਉਸ ਵੇਲੇ ਦੇ ਪੰਜਾਬ ਪੁਲਿਸ ਮੁਖੀ ਕੇਪੀਐਸ ਗਿੱਲ ਪੰਜਾਬ ‘ਚ ਸਿੱਖਾਂ ਦੇ ਕਤਲੇਆਮ ਲਈ ਜਾਣੇ ਜਾਂਦੇ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh Political Prisoner Bhai Jagtar Singh Tara Refuses To Cross-Examine Witness …