Site icon Sikh Siyasat News

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਹੱਕ ’ਚ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ।

ਪਟਿਆਲਾ(6 ਜਨਵਰੀ,2015): ਹਰਿਆਣਾ ਦੇ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ’ਚ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਹੱਕ ’ਚ ਇੱਥੇ ਕੁਝ ਜਥੇਬੰਦੀਆਂ ਨੇ ਰੋਸ ਮਾਰਚ ਕੱਢਿਆ।

ਭਾਈ ਗੁਰਬਖ਼ਸ਼ ਸਿੰਘ ਦੇ ਹੱਕ ਵਿੱਚ ਰੋਸ ਮਾਰਚ ਕਰਦੀਆਂ ਹੋਈਆਂ ਸਿੱਖ ਜਥੇਬੰਦੀਆਂ

ਇਸ ਮੌਕੇ ਭਾਈ ਖ਼ਾਲਸਾ ਦੇ ਹੱਕ ਵਿੱਚ ਕੱਢੇ ਗਏ ਮਾਰਚ ਅਤੇ ਦਿੱਤੇ ਗਏ ਧਰਨੇ ਤੋਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿੱਚ ਬੇੜੀਆਂ ਨਾਲ ਬੰਨ੍ਹੇ ਸਿੰਘਾਂ ਅਤੇ ਜੇਲ੍ਹ ਦਾ ਪ੍ਰਤੀਕ ਪਿੰਜਰੇ ਵਿੱਚ ਬੰਦ ਸਿੰਘਾਂ ਨੇ ਆਪਣੇ ਆਪ ਨੂੰ ਪ੍ਰਦਰਸ਼ਿਤ ਕੀਤਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ), ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਨਿਹੰਗ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਛੰਨਾ, ਬਲਕਾਰ ਸਿੰਘ ਭੁੱਲਰ ਪਾਤੜਾਂ, ਗੁਰਗਿਆਨ ਸਿੰਘ ਧਨੇਠਾ, ਮੇਜਰ ਸਿੰਘ ਮਿਆਲ, ਹਰਦੀਪ ਸਿੰਘ ਸਹਿਜਪੁਰਾ, ਰਾਜਪਾਲ ਸਿੰਘ ਭਿੰਡਰ ਸਮਾਣਾ, ਪਰਮਜੀਤ ਸਿੰਘ ਖਾਨਪੁਰ, ਅਮਰਜੀਤ ਸਿੰਘ ਮਰੋੜੀ, ਬਲਬੀਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਜਿਹੜੇ ਸਿੱਖ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਨੂੰ ਵੀ ਛੱਡਿਆ ਨਹੀਂ ਜਾ ਰਿਹਾ, ਜਿਸ ਕਾਰਨ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ’ਚ ਰੋਸ ਹੈ।

ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ’ਤੇ ਵੀ ਦੋਸ਼ ਲਗਾਏ ਤੇ ਕਿਹਾ ਕਿ ਜੇਕਰ ਭਾਈ ਗੁਰਬਖ਼ਸ਼ ਸਿੰਘ ਦਾ ਕੋਈ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਦੁਨੀਆਂ ਦੇ ਹਰ ਕੈਦੀ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ ਕੀਤਾ ਜਾਂਦਾ ਹੈ ਤਾਂ ਇਹ ਨਿਯਮ ਸਿੱਖ ਬੰਦੀਆਂ ’ਤੇ ਕਿਉਂ ਨਹੀਂ ਲਾਗੂ ਹੁੰਦੇ। ਉਨ੍ਹਾਂ ਕਿਹਾ ਕਿ ਉਹ ਭਾਈ ਗੁਰਬਖ਼ਸ਼ ਸਿੰਘ ਦੇ ਹੱਕ ਵਿੱਚ ਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਤੇਜ਼ ਕਰਨਗੇ।

ਰਾਜਪੁਰਾ ਵਿੱਚ ਵੀ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀ ਸਜ਼ਾ ਪੂਰੀ ਕਰ ਚੱੁਕੇ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਤਿਹਾਸਕ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ 53 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਵਿੱਚ ਰਾਜਪੁਰਾ ਤੋਂ ਭਾਈ ਅਬਰਿੰਦਰ ਸਿੰਘ ਕੰਗ, ਗਿਆਨੀ ਭੁਪਿੰਦਰ ਸਿੰਘ ਗੋਲੂ, ਭਾਜਪਾ ਆਗੂ ਹਰਦੇਵ ਸਿੰਘ ਕੰਡੇਵਾਲਾ ਅਤੇ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਦਾ ਜਥਾ ਲਖਨੌਰ ਸਾਹਿਬ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version