ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਲਈ ਜੱਥੇ. ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦਿੰਦੇ ਹੋਏ ਪੰਥਕ ਆਗੂ (ਫਾਈਲ ਫੋਟੋ)

ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ

By ਸਿੱਖ ਸਿਆਸਤ ਬਿਊਰੋ

January 02, 2015

ਅੰਮ੍ਰਿਤਸਰ (1 ਜਨਵਰੀ, 2015): ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣਲਈ ਅੱਜ ਸਿੱਖੀ ਸਿਧਾਂਤ ਦੇ ਬੇਬਾਕ ਪ੍ਰਚਾਰਕ ਅਤੇ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਅਤੇ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦਿੱਤਾ।

ਅੱਜ ਸਵੇਰ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਹਜ਼ਾਰਾਂ ਦੀ ਗਿਣਤੀ ਵਿਚ ਪੱਗਾਂ ‘ਤੇ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕੀਤੇ ਜਾਣ ਸਬੰਧੀ ਫੀਤੀਆਂ ਬੰਨ੍ਹੀ ਇਕੱਤਰ ਹੋਏ ਸਿੱਖਾਂ ਦੀ ਅਗਵਾਈ ਕਰਦਿਆਂ ਗੁਰਮਤਿ ਸੇਵਾ ਲਹਿਰ ਦੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਭਾਈ ਕਿਰਪਾਲ ਸਿੰਘ ਬਠਿੰਡਾ, ਅਖੰਡ ਕੀਰਤਨੀ ਜਥਾ ਦੇ ਗਿਆਨੀ ਬਲਦੇਵ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਬਲਦੇਵ ਸਿੰਘ ਸਿਰਸਾ, ਅਕਾਲ ਪੁਰਖ ਕੀ ਫੌਜ ਦੇ ਐਡਵੋਕੇਟ ਜਸਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਭਾਈ ਧਿਆਨ ਸਿੰਘ ਮੰਡ, ਪਰਮਿੰਦਰਪਾਲ ਸਿੰਘ ਖਾਲਸਾ ਸਮੇਤ ਹੋਰਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ।

ਮੰਗ ਪੱਤਰ ਦੇਣ ਪਿਛੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁੱਦਈਆਂ ਨੇ ਕਿਹਾ ਕਿ ਸਿੱਖਾਂ ਦੀ ਆਜ਼ਾਦ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਸਬੰਧੀ ਸੰਤ ਸਮਾਜ ਵੱਲੋਂ ਬਿਕਰਮੀ ਕੈਲੰਡਰ ਦੀ ਕੀਤੀ ਜਾ ਰਹੀ ਵਕਾਲਤ ਸਿੱਖਾਂ ਨੂੰ ਉਨ੍ਹਾਂ ਦੀ ਪਛਾਣ ਤੋਂ ਮੁਹਤਾਜ਼ ਕਰ ਦੇਵੇਗੀ ਅਤੇ ਇਹ ਕਦਮ ਸਿੱਖਾਂ ਵੱਲੋਂ ਇਕਜੁੱਟਤਾ ਨਾਲ ਕੀਤੀ ਜਾ ਰਹੀ ਧਾਰਾ 25-ਬੀ ਨੂੰ ਰੱਦ ਕਰਨ ਸਬੰਧੀ ਮੰਗ ਦਾ ਵਿਰੋਧਭਾਵੀ ਹੋਵੇਗਾ।

ਸਿੰਘ ਸਾਹਿਬ ਨੇ ਮੰਗ ਪੱਤਰ ‘ਤੇ ਅਗਾਮੀ ਪੰਜ ਸਿੰਘ ਸਾਹਿਬਾਨ ਦੀ ਇਕੱਰਤਾ ‘ਚ ਵਿਚਾਰ ਕਰਕੇ ਸਾਂਝਾ ਹੱਲ ਕੱਢਣ ਦਾ ਭਰੋਸਾ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਕਰਮੀ ਅਤੇ ਨਾਨਕਸ਼ਾਹੀ ਕੈਲੰਡਰ ਦੀਆਂ ਮੁੱਦਈ ਦੋਵੇਂ ਧਿਰਾਂ ਆਪਣੇ ਪੱਖ ਨੂੰ ਸਹੀ ਸਾਬਤ ਕਰਨ ‘ਚ ਉਲਝੀਆਂ ਹੋਈਆਂ ਹਨ, ਜਦਕਿ ਪੈਦਾ ਹੁੰਦੀ ਦੁਬਿਧਾ ਨੇ ਸਪੱਸ਼ਟ ਕੀਤਾ ਹੈ ਕਿ ਦੋਵੇਂ ਕੈਲੰਡਰਾਂ ‘ਚ ਹੀ ਤਰੁਟੀਆਂ ਹਨ। ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਸੰਜਮ ਬਣਾਈ ਰੱਖਣ ਦੇ ਨਿਰਦੇਸ਼ ਦਿੰਦਿਆਂ ਕਿਸੇ ਸਾਂਝੇ ਹੱਲ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਮੌਜੂਦਾ ਕੈਲੰਡਰ ਅਨੁਸਾਰ ਹੀ ਧਾਰਮਿਕ ਦਿਹਾੜੇ ਮਨਾਉਣ ਲਈ ਕਿਹਾ।

ਸਾਲ 2003 ‘ਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਪ੍ਰਮੁੱਖ ਪੰਥਕ ਸਖਸ਼ੀਅਤਾਂ ਵੱਲੋਂ ਸਾਂਝੇ ਤੌਰ ‘ਤੇ ਲਾਗੂ ਕੀਤੇ ਗਏ ਮੂਲ ਨਾਨਕਸ਼ਾਹੀ ਕੈਲੰਡਰ ‘ਚ 2010 ਦੌਰਾਨ ਸੋਧ ਅਤੇ ਹੁਣ ਸੋਧ ਕਰਵਾਉਣ ਵਾਲੀਆਂ ਸਿੱਖ ਧਿਰਾਂ ਵੱਲੋਂ ਬਿਕਰਮੀ ਕੈਲੰਡਰ ਲਾਗੂ ਕਰਕੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਜਾਰੀ ਚਾਰਾਜੋਈ ਦਾ ਵਿਰੋਧ ਕਰਦਿਆਂ ਅੱਜ ਸਿੱਖ ਜਥੇਬੰਦੀਆਂ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕੀਤੇ ਜਾਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੱਤਾ।

ਇਸ ਮੰਗ ਪੱਤਰ ‘ਚ ਸੰਵਿਧਾਨ ਦੀ ਧਾਰਾ 25-ਬੀ ਨੂੰ ਰੱਦ ਕਰਵਾਉਣ ਸਬੰਧੀ ਪੰਜਾਬ ਸਰਕਾਰ ਨੂੰ ਸੰਵਿਧਾਨਕ ਸ਼ਕਤੀਆਂ ਵਰਤਣ ਦੇ ਆਦੇਸ਼ ਜਾਰੀ ਕਰਨ ਅਤੇ ਕਾਲੀਆਂ ਸੂਚੀਆਂ ਖਤਮ ਕਰਵਾਉਣ ਦੇ ਨਾਲ ਆਪਣੀ ਸਜ਼ਾ ਤੋਂ ਵੱਧ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਵਾਉਣ ਦੀ ਵੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: