ਜਰਮਨ (5 ਦਸੰਬਰ, 2009): ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਸਿੱਖ ਫੈਡਰੇਸ਼ਨ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਅਮਰਜੀਤ ਸਿੰਘ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ, ਦਲ ਖਾਲਸਾ ਜਰਮਨੀ ਦੇ ਸੁਰਿੰਦਰਪਾਲ ਸਿੰਘ, ਅੰਗਰੇਜ਼ ਸਿੰਘ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਕਰਦਿਆ ਹੋਇਆ ਕਿਹਾ ਕਿ ਸਿੱਖੀ ਪ੍ਰਤੀ ਜ਼ਹਿਰ ਘੋਲਣ ਵਾਲੇ ਆਸ਼ੂਤੋਸ਼ ਦੇ ਕੂੜ ਪ੍ਰਚਾਰ ਵਾਲੇ ਸਮਾਗਮ ਬਾਦਲ ਹਕੂਮਤ ਦੀ ਸ਼ਹਿ ਤੇ ਕਰਵਾਏ ਜਾ ਰਹੇ ਹਨ। ਇਸ ਕੂੜ ਪ੍ਰਚਾਰ ਨੂੰ ਰੋਕਣ ਵਾਲੇ ਸਿੰਘਾਂ ਤੇ ਗੋਲੀ ਚਲਾਉਣ ਤੇ ਸਿੰਘ ਸ਼ਹੀਦ ਕਰਕੇ 78 ਵਾਲੇ ਸਾਕੇ ਨੂੰ ਭੁਲ ਚੁਕੇ ਸਿੰਘਾਂ ਨੂੰ ਯਾਦ ਕਰਵਾਇਆ ਹੈ।
ਆਗੂਆਂ ਨੇ ਲੁਧਿਆਣਾ ਵਿਖੇ ਪੁਲਿਸ ਵੱਲੋਂ ਸ਼ਹੀਦ ਕੀਤੇ ਭਾਈ ਦਰਸ਼ਨ ਸਿੰਘ ਦੀ ਕੁਰਬਾਨੀ ਦਾ ਸਤਿਕਾਰ ਕਰਦਿਆਂ ਉਕਤ ਕਾਰਵਾਈ ਲਈ ਬਾਦਲ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਆਗੂਆਂ ਨੇ ਗਿਲੇ ਭਰਿਆ ਸਵਾਲ ਕੀਤਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ਼ ਰੱਖਣ ਵਾਲੇ ਸਿੱਖ, ਸਿੱਖੀ ਭੇਸ ਵਿੱਚ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲੇ ਬਾਦਲ ਪਰਿਵਾਰ ਤੋਂ ਕਦੋ ਸੁਚੇਤ ਹੋਣਗੇ?
ਉਕਤ ਆਗੂਆਂ ਨੇ ਕਿਹਾ ਕਿ ਸਿੱਖੀ ਵਿਰੋਧੀ ਡੇਰੇ ਬਾਦਲ ਦੀ ਹਕੂਮਤ ਦੇ ਦੌਰਾਨ ਵਧੇਰੇ ਜੋਰ ਫੜ੍ਹਦੇ ਹਨ। ਉਨ੍ਹਾਂ ਕਿਹਾ ਕਿ ਚਾਹੇ ਸੰਨ 1978 ਦਾ ਸਾਕਾ ਹੋਵੇ ਜਾਂ ਫਿਰ ਅਖੌਤੀ ਸਾਧ ਸਿਰਸੇ ਵਾਲੇ ਸਾਧ ਵੱਲੋਂ ਗੁਰੂ ਸਾਹਿਬਾਨ ਦੀ ਨਿਰਾਦਰੀ ਕਰਨੀ ਤੇ ਉਸ ਦੀ ਗੁੰਡਾ ਬ੍ਰਿਗੇਡ ਵੱਲੋ ਤਿੰਨ ਸਿੰਘਾਂ ਨੂੰ ਸ਼ਹੀਦ ਕਰਨੇ ਜਾਂ ਫਿਰ ਇਸਦੇ ਕੂੜ ਪ੍ਰਚਾਰ ਦੇ ਡੇਰੇ ਖੁਲਵਾਉਣੇ ਤੇ ਬੰਦ ਕਰਵਾਉਣ ਵਾਲਿਆ ਨੂੰ ਜੇਲ੍ਹੀ ਡੱਕਣਾਂ, ਵੀਆਨਾ ਕਾਂਡ ਤੋਂ ਬਾਅਦ ਪੰਜਾਬ ਵਿੱਚ ਸਾੜ ਫੁਕ ਕਰਨ ਵਾਲਿਆਂ ਖਿਲਾਫ ਕਾਰਵਈ ਨਾ ਕਰਨੀ ਤੇ ਹੁਣ ਆਸ਼ੂਤੋਸ਼ ਦੇ ਪੰਜਾਬ ਵਿੱਚ ਮੁੜ ਪੈਰ ਲਾਉਣ ਦਾ ਯਤਨ ਕਰਨਾ, ਇਹ ਸਭ ਉਸ ਸਮੇਂ ਹੀ ਵਾਪਰਿਆ ਹੈ ਤੇ ਵਾਪਰ ਰਿਹਾ ਹੈ ਜਦੋਂ ਬਾਦਲ ਤੇ ਉਸ ਦਾ ਕੁਣਬਾ ਸੱਤਾ ਦਾ ਸੁਖ ਭੋਗ ਰਿਹਾ ਹੈ।