ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ਵਿਚ ਵਿਚ 7 ਤੋਂ 9 ਸਤੰਬਰ ਨੂੰ ਹੋਣ ਜਾ ਰਹੀ ਵਿਸ਼ਵ ਹਿੰਦੂ ਕਾਂਗਰਸ ਵਿਚ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਮੂਲੀਅਤ ਕਰਨ ਲਈ ਪਹੁੰਚ ਰਹੇ ਆਰ ਐਸ ਐਸ ਮੁਖੀ ਮੋਹਨ ਬਾਗਵਤ ਦੇ ਵਿਰੋਧ ਲਈ ਅਮਰੀਕਾ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਪੂਰੀ ਤਿਆਰੀ ਕਰ ਲਈ ਹੈ।
ਇਸ ਵਿਰੋਧ ਵਿਚ ਸ਼ਾਮਿਲ ਹੋਣ ਲਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਕਲਚਰ ਸੁਸਾਇਟੀ ਨਿਊਯਾਰਕ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਜਸਟਿਸ, ਦੁਆਬਾ ਸਿੱਖ ਐਸੋਸੀਏਸ਼ਨ ਨਿਊਯਾਰਕ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੁਸਾਇਟੀ ਆਫ ਇੰਡੀਆਨਾ, ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਗਰੀਨ ਵੁੱਡ ਇੰਡੀਆਨਾ ਅਤੇ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਸ਼ਿਕਾਗੋ ਵਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ।
ਗੌਰਤਲਬ ਹੈ ਕਿ ਸ਼ਿਕਾਗੋ ਵਿਚ ਹੋਣ ਜਾ ਰਹੀ ਤਿੰਨ ਦਿਨਾ ਵਿਸ਼ਵ ਹਿੰਦੂ ਕਾਂਗਰਸ ਵਿਚ 2500 ਦੇ ਕਰੀਬ ਹਿੰਦੁਤਵੀ ਕਾਰਕੁੰਨਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਸਿੱਖ ਜਥੇਬੰਦੀਆਂ ਵਲੋਂ ਜਾਰੀ ਪ੍ਰੋਗਰਾਮ ਮੁਤਾਬਿਕ ਤਿੰਨ ਦਿਨ ਹੀ ਮੋਹਨ ਭਾਗਵਤ ਦਾ ਵਿਰੋਧ ਕੀਤਾ ਜਾਵੇਗਾ। ਇਹ ਵਿਰੋਧ ਪ੍ਰਦਰਸ਼ਨ 7,8 ਅਤੇ 9 ਸਤੰਬਰ ਨੂੰ ਹੋਟਲ ਵੈਸਟਇਨ, 70 ਯੋਰਕਟਾਊਨ ਸ਼ਾਪਿੰਗ ਸੈਂਟਰ, ਲੋਮਬਾਰਡ, ਸ਼ਿਕਾਗੋ ਵਿਖੇ ਹੋਣਗੇ ਜਿੱਥੇ ਇਹ ਵਿਸ਼ਵ ਹਿੰਦੂ ਕਾਂਗਰਸ ਦੀ ਇਕੱਤਰਤਾ ਹੋ ਰਹੀ ਹੈ।