Site icon Sikh Siyasat News

ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਵਲੋਂ ਕੰਜ਼ਰਵੇਟਿਵ ਪਾਰਟੀ ਬੈਠਕ ਮੌਕੇ ਕੀਤਾ ਜਾਵੇਗਾ ਰੋਸ ਵਿਖਾਵਾ

ਲੰਡਨ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ, ਫਰੀ ਜੱਗੀ ਕੈਂਪੇਨ ਅਤੇ ਸਿੱਖ ਯੂਥ ਯੂ.ਕੇ ਵਲੋਂ ਬਰਤਾਨਵੀ ਸਰਕਾਰ ਚਲਾ ਰਹੀ ਕੰਜ਼ਰਵੇਟਿਵ(ਟੋਰੀ) ਪਾਰਟੀ ਦੀ ਬੈਠਕ ਮੌਕੇ ਭਾਰੀ ਰੋਸ ਵਿਖਾਵੇ ਦਾ ਐਲਾਨ ਕੀਤਾ ਗਿਆ ਹੈ। ਇਹ ਮੀਟਿੰਗ ਇੰਟਰਨੈਸ਼ਨਲ ਕਨਵੈਂਸ਼ਨ ਸੈਂਟਰ  ਬਰਡ ਸਟਰੀਟ ਬ੍ਰਮਿੰਘਮ ਵਿਖੇ 30 ਸਤੰਬਰ ਐਤਵਾਰ ਨੂੰ ਹੋਣ ਜਾ ਰਹੀ ਹੈ, ਜਿੱੱਥੇ ਸਿੱਖਾਂ ਵਲੋਂ ਦੁਪਿਹਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਪੁਰਅਮਨ ਤਰੀਕੇ ਨਾਲ ਰੋਸ ਵਿਖਾਵਾ ਕੀਤਾ ਜਾਵੇਗਾ।

ਸਿੱਖ ਜਥੇਬੰਦੀਆਂ ਵਲੋਂ ਜਾਰੀ ਕੀਤਾ ਗਏ ਵਿਰੋਧ ਪ੍ਰਦਰਸ਼ਨ ਦਾ ਸੁਨੇਹਾ

ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ  ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ  ਵਿੱਚ ਬਰਤਾਨਵੀ ਸਰਕਾਰ ਦੀ ਭੂਮਿਕਾ ਜਾਹਰ ਹੋ ਚੁੱਕੀ ਹੈ। ਇਸ ਬਾਰੇ ਸਿੱਖਾਂ ਦੀ ਮੰਗ ਹੈ ਕਿ ਇਹਨਾਂ  ਨੇ ਭਾਰਤੀ ਫੌਜ ਵਲੋਂ ਸਿੱਖਾਂ ‘ਤੇ ਢਾਹੇ ਗਏ ਕਹਿਰ ਵਿੱਚ ਕਿਸ ਕਦਰ  ਸਾਥ ਦਿੱਤਾ ਸੀ, ਉਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਕਿ ਸੱਚਾਈ ਸਾਹਮਣੇ ਆ ਸਕੇ।

ਗੌਰਤਲਬ ਹੈ ਕਿ ਜੂਨ 1984 ਵਿੱਚ ਜਦੋਂ ਭਾਰਤੀ ਫੌਜ ਵਲੋਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਨਾਲ ਅਤੇ ਹਿੰਦੂਤਵੀ ਲਾਬੀ  ਖਾਸ ਕਰ ਭਾਜਪਾ ਅਤੇ ਰਵਾਇਤੀ ਅਕਾਲੀ ਦਲ ਦੇ  ਆਗੂਆਂ ਦੀ ਸਹਿਮਤੀ ਨਾਲ ਟੈਕਾਂ ਅਤੇ ਤੋਪਾਂ ਨਾਲ ਲੈਸ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਅੱਤ ਵਹਿਸ਼ੀ ਹਮਲਾ ਕੀਤਾ ਗਿਆ ਤਾਂ ਬਰਤਾਨੀਆ ਵਿੱਚ ਉਸ ਵਕਤ ਵੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ, ਇਸੇ ਤਰਾਂ ਹੁਣ ਪਿਛਲੇ ਸਾਲ ਜਦੋਂ ਪੰਜਾਬ ਵਿੱਚ ਵਿਆਹ ਕਰਵਾਉਣ ਗਏ  ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਨੂੰ  ਪੰਜਾਬ ਪੁਲਿਸ ਵਲੋਂ ਗ੍ਰਿਫਤਾਰ  ਕਰਕੇ  ਅਣਮਨੁੱਖੀ ਤਸ਼ੱਦਦ ਕਰਨ ਮਗਰੋਂ  ਝੂਠੇ ਕੇਸਾਂ ਵਿੱਚ ਫਸਾਇਆ ਗਿਆ ਤਾਂ ਵੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ ਅਤੇ  ਬੀਤੇ ਦਿਨੀਂ ਜਦੋਂ ਬਰਤਾਨੀਆ ਵਿੱਚ ਸਿੱਖਾਂ ਦੇ ਘਰਾਂ ‘ਤੇ ਪੁਲਿਸ ਦੇ ਅੱਤਵਾਦ ਵਿਰੋਧੀ ਦਸਤਿਆਂ ਵਲੋਂ ਛਾਪੇਮਾਰੀ ਕਰਕੇ ਪਰਿਵਾਰਾਂ ਨੂੰ ਭਾਰੀ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਵੀ ਇਹਨਾਂ  ਭਾਵ ਕੰਜ਼ਰਵੇਟਿਵ  ਪਾਰਟੀ ਦੀ ਹੀ ਸਰਕਾਰ ਹੈ। ਜਗਤਾਰ ਸਿੰਘ ਜੌਹਲ ਇਹਨਾਂ ਦਾ ਨਾਗਰਿਕ ਹੋਣ ਦੇ ਬਾਵਜੂਦ ਉਸਦੀ ਸਹੀ ਢੰਗ ਨਾਲ ਪੈਰਵਾਈ ਨਹੀ ਕੀਤੀ ਗਈ।

ਇਹਨਾਂ ਤਿੰਨਾਂ ਹੀ ਮੁੱਦਿਆਂ ਨੂੰ ਮੁੱਖ ਰੱਖਦਿਆਂ ਕੰਜ਼ਰਵੇਟਿਵ ਪਾਰਟੀ ਦੀ ਮੌਜੂਦਾ ਸਰਕਾਰ ਖਿਲਾਫ ਸਿੱਖ ਕੌਮ ਦੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਨ ਲਈ ਇਹ ਰੋਸ ਵਿਖਾਵੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਤਾਂ ਕਿ ਇਹਨਾਂ ਲੋਕਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਪੁਲਿਸ ਦੇ ਇਸ ਕਾਰੇ ਨੂੰ ਮਨੁੱਖੀ ਅਧਿਕਾਰਾਂ ਦਾ ਅਪਮਾਨ ਕਰਾਰ ਦਿੱਤਾ ਗਿਆ ਹੈ। ਇਸ ਪ੍ਰਤੀ  ਸਿੱਖ ਕੌਮ ਵਿੱਚ ਭਾਰੀ ਰੋਸ ਹੈ। ਜਿਸ ਤਰੀਕੇ ਨਾਲ ਸਿੱਖਾਂ ਦੇ ਘਰਾਂ ‘ਤੇ ਛਾਪੇਮਾਰੀ ਹੋਈ ਹੈ ਇਸ ਦਾ ਵਤੀਰਾ ਪੰਜਾਬ ਪੁਲਿਸ ਦੁਆਰਾ ਪੰਜਾਬ ਦੇ ਸਿੱਖ ਘਰਾਂ ‘ਤੇ ਮਾਰੇ ਗਏ ਛਾਪਿਆਂ ਨਾਲ ਮਿਲਦਾ ਹੈ। ਜੋ ਕਿ  ਬਰਤਾਨੀਆ ਵਰਗੇ ਲੋਕਤੰਤਰਿਕ ਮੁਲਕ ਦੀ ਆਪਣੇ ਹੀ ਦੇਸ਼ ਦੇ ਨਾਗਰਿਕਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ‘ਤੇ ਸਵਾਲੀਆ ਚਿੰਨ ਲਗਾਉਂਦਾ ਹੈ।

ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਮਹਿਸੂਸ ਕਰਦੀਆਂ ਹਨ ਕਿ ਇਸ ਵਾਸਤੇ  ਭਾਰਤ ਸਰਕਾਰ ਦਾ ਸਿੱਖ ਵਿਰੋਧੀ ਪ੍ਰਾਪੇਗੰਡਾ  ਅਤੇ ਮੁਖਬਰੀਆਂ ਜਿੰਮੇਵਾਰ ਹਨ।  ਜਦ  ਦੁਨੀਆ ਭਰ ਦੇ ਇਨਸਾਫ ਪਸੰਦ ਲੋਕ ਜਾਣਦੇ ਹਨ ਅਤੇ ਇਤਿਹਾਸ ਅਤੇ ਸਿੱਖ ਸਿਧਾਂਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ  ਸਿੱਖ ਅੱਤਵਾਦੀ ਨਹੀਂ ਹੁੰਦੇ  ਅਤੇ ਅੱਤਵਾਦੀ ਸਿੱਖ ਨਹੀਂ ਹੁੰਦੇ, ਪਰ ਹੱਕ ਜਰੂਰ ਲੈਂਦੇ ਹਨ। ਫਿਰ ਅੱਤਵਾਦ ਵਿਰੋਧੀ ਦਸਤਿਆਂ ਵਲੋਂ ਕੀਤੀ ਗਈ ਛਾਪੇਮਾਰੀ ਦੇ ਕੀ ਕਾਰਨ ਹਨ?

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਲਹਿਰ ਆਏ ਦਿਨ ਜੋਰ ਫੜ ਰਹੀ ਹੈ ਅਤੇ ਸਿੱਖ ਨੌਜਵਾਨ ਸਮੇਂ ਦੇ ਹਾਣੀ ਬਣਦੇ ਹੋਏ ਕੌਮੀ ਅਜਾਦੀ ਦੇ ਇਸ ਪਾਕ ਪਵਿੱਤਰ ਕਾਜ ਦਾ ਵੱਡੀ ਪੱਧਰ ਤੇ ਪ੍ਰਚਾਰ ਕਰ ਰਹੇ ਹਨ ਜੋ ਕਿ ਦੁਨੀਆ ਭਰ ਦੇ ਹਰ ਇਨਸਾਨ ਦਾ ਮੁੱਢਲਾ ਹੱਕ ਹੈ। ਇਸ ਹੱਕ ਤੋਂ ਕਿਸੇ ਨੂੰ ਵਾਂਝਾ ਨਹੀਂ ਰੱਖਿਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਮੌਜੂਦਾ ਸਿੱਖ ਇਤਿਹਾਸ ਨੂੰ ਸਾਂਭਦਿਆਂ ਸਿੱਖ ਸ਼ਹੀਦਾਂ ਦੀਆਂ ਜੀਵਨੀਆਂ ਪੇਸ਼ ਕਰ ਰਹੀਆਂ ਦੋ ਵੈਬਸਾਈਟਾਂ ਨੂੰ ਵੀ ਬੰਦ ਕੀਤਾ ਗਿਆ ਹੈ। ਇਹ ਸਾਰਾ ਵਰਤਾਰਾ  ਭਾਰਤ ਦੀ ਹਿੰਦੂਤਵੀ ਲਾਬੀ ਵਲੋਂ ਵਿਦੇਸ਼ੀ ਸਰਕਾਰ ਕੋਲ ਕੀਤੀਆਂ ਮੁਖਬਰੀਆਂ ਅਤੇ ਗਲਤ ਜਾਣਕਾਰੀ ਨਾਲ ਵਾਪਰ ਰਿਹਾ ਹੈ। ਪਰ ਭਾਰਤ ਸਰਕਾਰ ਅਜਿਹੇ ਕੋਝੇ ਯਤਨਾਂ ਨਾਲ ਖਾਲਿਸਤਾਨ ਦੇ ਸੰਘਰਸ਼ ਨੂੰ ਖਤਮ ਨਹੀਂ ਕਰ ਸਕੇਗੀ ਕਿਉਂਕਿ ਇਹ ਹੱਕ ਸੱਚ ਇਨਸਾਫ ਅਤੇ ਧਰਮ ਤੇ ਅਧਾਰਿਤ ਹੈ ਅਤੇ ਇਸਦੀ ਸਿਰਜਣਾ ਵੀਹਵੀਂ ਸਦੀ ਦੇ ਮਹਾਨ  ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਨਾਲ ਹੋਈ ਹੈ।

ਜਿਕਰਯੋਗ ਹੈ ਕਿ ਬੀਤੇ ਦਿਨਾਂ ਤੋਂ ਮਿੱਡਲੈਂਡ ਅਤੇ ਲੰਡਨ ਦੇ ਇਲਾਕਿਆਂ ਵਿੱਚ ਸਿੱਖਾਂ ਦੇ ਘਰਾਂ ‘ਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਘਰਾਂ ਦੀ ਫੋਲਾ-ਫਲਾਈ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ਵਾਂਗ ਤੰਗ ਪ੍ਰੇਸ਼ਾਨ  ਕੀਤਾ ਗਿਆ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version