ਜਲੰਧਰ (27 ਜਨਵਰੀ, 2014): ਪੰਜਾਬ ਪੁਲਿਸ ਵੱਲੋਂ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਲਿਆਦੇ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ 2009 ਦੇ ਭੋਗਪੁਰ ਥਾਣੇ ‘ਚ ਦਰਜ ਗੈਰ ਕਾਨੂੰਨੀ ਕਾਰਵਾਈਆਂ ਅਤੇ ਅਸਲਾ ਐਕਟ ਦੇ ਇਕ ਕੇਸ ‘ਚ ਪੋ੍ਰਡਕਸ਼ਨ ਵਾਰੰਟ ‘ਤੇ ਲਿਆ ਕੇ ਜਲੰਧਰ (ਦਿਹਾਤੀ) ਪੁਲਿਸ ਵੱਲੋਂ ਜਲੰਧਰ ਦੀ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
ਜਗਤਾਰ ਸਿੰਘ ਤਾਰਾ ਦੇ ਵਕੀਲ ਕੇ. ਐੱਸ.ਹੁੰਦਲ ਨੇ ਦੱਸਿਆ ਕਿ ਦਿਹਾਤੀ ਪੁਲਿਸ ਵਲੋਂ ਤਾਰਾ ਕੋਲੋਂ ਪੁੱਛਗਿੱਛ ਕਰਨ ਲਈ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ, ਅਦਾਲਤ ਨੇ ਪੰਜ ਦਿਨ ਦਾ ਰਿਮਾਂਡ ਦਿੱਤਾ ਹੈ । ਅਗਲੀ ਸੁਣਵਾਈ 1 ਫਰਵਰੀ ਨੂੰ ਹੋਵੇਗੀ।
ਅੱਜ ਉਨ੍ਹਾਂ ਨੂੰ ਭਾਰੀ ਸੁਰੱਖਿਆ ਹੇਠ ਭੋਗਪੁਰ ਦੇ ਏ. ਐਸ. ਪੀ ਸ੍ਰੀ ਵਿਵੇਕ ਸ਼ੀਲ ਸੋਨੀ ਵੱਲੋਂ ਅਦਾਲਤ ‘ਚ ਪੇਸ਼ ਕੀਤਾ ਗਿਆ। ਪੇਸ਼ੀ ਸਮੇਂ ਜਗਤਾਰ ਸਿੰਘ ਤਾਰਾ ਦੇ ਕੁੱਝ ਸਮਰਥਕਾਂ ਵੱਲੋਂ ਅਦਾਲਤੀ ਕੰਪਲੈਕਸ ਦੇ ਬਾਹਰ ਖਾਲਿਸਤਾਨ ਪੱਖੀ ਦੇ ਨਾਅਰੇ ਵੀ ਲਗਾਏ ਗਏ।
ਤਾਰਾ ਦੇ ਇਸ ਕੇਸ ‘ਚ ਪੰਜ ਹੋਰ ਵਿਅਕਤੀ ਪਹਿਲਾਂ ਹੀ ਅਦਾਲਤ ਵੱਲੋਂ ਬਰੀ ਕੀਤੇ ਜਾ ਚੁੱਕੇ ਹਨ ।