ਸੈਨ ਹੋਜ਼ੇ/ਕੈਲੀਫ਼ੋਰਨੀਆ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸੈਨ ਹੋਜ਼ੇ, ਕੈਲੀਫ਼ੋਰਨੀਆ ਵਿਖੇ ਸ਼ਹੀਦੀ ਸਮਾਗਮ ਹੋਇਆ। ਸ਼ਹੀਦ ਭਾਈ ਰਵਿੰਦਰ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ, ਸ਼ਹੀਦ ਭਾਈ ਬਲਧੀਰ ਸਿੰਘ ਅਤੇ ਸ਼ਹੀਦ ਭਾਈ ਝਲਮਣ ਸਿੰਘ ਦੀ ਯਾਦ ਵਿੱਚ ਹੋਏ ਇਸ ਸ਼ਹੀਦੀ ਸਮਾਗਮ ਵਿੱਚ ਸ਼ਹੀਦ ਪਰਿਵਾਰਾਂ, ਸਥਾਨਿਕ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਗੁਰਮਤਿ ਵਿਚਾਰਾਂ ਕੀਤੀਆਂ। ਸਥਾਨਕ ਪਤਵੰਤਿਆਂ ਵਿੱਚੋਂ ਭਾਈ ਸੁਖਦੇਵ ਸਿੰਘ ਜੀ ਬੈਣੀਵਾਲ, ਸੈਂਟਾ ਕਲਾਰਾ ਸ਼ਹਿਰ ਦੇ ਵਾਈਸ ਮੇਅਰ ਰਾਜ ਸਿੰਘ ਚਾਹਲ, ਭਾਈ ਗੁਰਦੀਪ ਸਿੰਘ ਜੀ ਅਤੇ ਭਾਈ ਮਹਿੰਦਰ ਸਿੰਘ ਜੀ ਬਾਜਵਾ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ, ਛੋਟੇ ਵੀਰ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਵਲੋਂ ਸੰਗਤਾਂ ਨੂੰ ਤਸਵੀਰਾਂ ਸਹਿਤ ਸਾਕਾ ਨਕੋਦਰ ਦੇ 36 ਸਾਲਾ ਇਤਿਹਾਸ ਨੂੰ ਵਿਸਥਾਰ ਸਹਿਤ ਵਰਨਣ ਕੀਤਾ। ਡਾ. ਹਰਿੰਦਰ ਸਿੰਘ ਵਲੋਂ ਜਥੇਦਾਰ ਸੁਖਦੇਵ ਸਿੰਘ ਜੀ ਬੈਣੀਵਾਲ ਵਲੋਂ ਸਾਕਾ ਨਕੋਦਰ ਦੀ ਨਾ-ਇਨਸਾਫੀ ਦੀ ਦਾਸਤਾਨ ਕਾਂਗਰਸਵੁਮੈਨ ਬੀਬੀ ਜੋਈ ਲਾਫ਼ਗਰਿਨ ਅਤੇ ਬੀਬੀ ਐਨਾ ਈਸ਼ੂ ਤੱਕ ਪਹੁੰਚਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਜਥੇਦਾਰ ਬੈਣੀਵਾਲ ਨੇ ਕਿਹਾ ਕਿ ਸਾਕਾ ਨਕੋਦਰ ਦੇ ਇਨਸਾਫ਼ ਲਈ ਉਹ ਤੇ ਗੁਰਦਵਾਰਾ ਸਾਹਿਬ ਕਮੇਟੀ ਸ਼ਹੀਦ ਪਰਿਵਾਰਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਵਾਈਸ ਮੇਅਰ ਰਾਜ ਸਿੰਘ ਚਾਹਲ ਜੀ ਨੇ ਡਾ. ਹਰਿੰਦਰ ਸਿੰਘ ਅਤੇ ਸ਼ਹੀਦ ਪਰਿਵਾਰ ਵਲੋਂ ਸਾਕਾ ਨਕੋਦਰ ਦੀ ਲਹੂ ਭਿੱਜੀ ਅਤੇ ਬੇ-ਅਨਆਈਂ ਦੀ ਦਾਸਤਾਨ ਅਮਰੀਕਨ ਕਾਂਗਰਸ ਅਤੇ ਚੁਣੇ ਹੋਏ ਨੁਮਾਇੰਦਿਆਂ ਤੱਕ ਪਹੁੰਚਾਉਣ ਲਈ ਕੀਤੀ ਅਣਥੱਕ ਮਿਹਨਤ ਅਤੇ ਲਗਨ ਦੀ ਭਰਪੂਰ ਸ਼ਲਾਘਾ ਕਰਦਿਆਂ ਦਾਦ ਦਿੱਤੀ ਅਤੇ ਸਿੱਖ ਕੌਮ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਰੁਝੇਵਿਆਂ ਚੋਂ ਘੱਟੋ ਘੱਟ ਅੱਧਾ ਘੰਟਾ ਕੌਮੀ ਕਾਰਜਾਂ ਲਈ ਸਮਰਪਤ ਕਰਨ। ਵਾਈਸ ਮੇਅਰ ਚਾਹਲ ਜੀ ਨੇ ਕਿਹਾ ਕਿ ਸਾਕਾ ਨਕੋਦਰ ਦਾ ਇਨਸਾਫ਼ ਇਸ ਲਈ ਜ਼ਰੂਰੀ ਹੈ ਤਾਂ ਕਿ ਦੋਸ਼ੀ ਪੁਲਿਸ ਅਫਸਰਾਂ ਤੇ ਅਧਿਕਾਰੀਆਂ ਨੂੰ ਸਬਕ ਮਿਲ ਸਕੇ ਤੇ ਭਵਿੱਖ ਵਿੱਚ ਹੋਰ ਬੇਗੁਨਾਹਾਂ ਦੇ ਕਤਲ ਨਾ ਹੋਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਨੁੱਖੀ ਅਧਿਕਾਰ ਕੁਚਲਣ ਦੀਆਂ ਬਹੁਤ ਜ਼ਿਆਦਾ ਘਟਨਾਵਾਂ ਵਾਪਰੀਆਂ ਹਨ ਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਸਰਕਾਰੀ ਜ਼ਬਰ ਵਿਰੁੱਧ ਅਵਾਜ਼ ਉਠਾਈਏ। ਡਾ. ਗੁਰਦੀਪ ਸਿੰਘ ਜੀ ਜੋ ਕਿ ਫ਼ਰਵਰੀ 1986’ਚ ਨਕੋਦਰ ਸਨ ਨੇ ਆਪਣੀ ਹੱਡ ਬੀਤੀ ਸੰਗਤਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਉਸ ਸਮੇਂ ਪੁਲਿਸ ਤੇ ਸਰਕਾਰੀ ਸ਼ਹਿ ਤੇ ਸ਼ਿਵ ਸੈਨਿਕਾਂ ਵਲੋਂ ਗੁੰਡਾਗਰਦੀ ਇੱਕ ਆਮ ਵਰਤਾਰਾ ਹੋ ਗਿਆ ਸੀ। ਸੈਨ ਹੋਜ਼ੇ ਸ਼ਹਿਰ ਦੇ ਮੇਅਰ ਅਤੇ ਕੌਂਸਿਲ ਵਲੋਂ 4 ਫ਼ਰਵਰੀ ਨੂੰ “ਸਾਕਾ ਨਕੋਦਰ ਦਿਹਾੜਾ” ਦੀ ਦਿੱਤੀ ਮਾਨਤਾ ਡਾ. ਹਰਿੰਦਰ ਸਿੰਘ ਨੂੰ ਦਿੱਤੀ ਗਈ, ਸਮੂਹ ਸੰਗਤਾਂ ਤੇ ਪ੍ਰਬੰਧਕਾਂ ਵਲੋਂ ਮੇਅਰ, ਕੌਂਸਿਲ ਅਤੇ ਸਿਟੀ ਕੌਂਸਿਲ ਵੁਮੈਨ ਸਿਲਵੀਆ ਅਰੀਨਸ ਦਾ ਮਾਣਤਾ ਲਈ ਧੰਨਵਾਦ ਕੀਤਾ ।
ਜ਼ਿਕਰਯੋਗ ਹੈ ਕਿ ਨਕੋਦਰ ਵਿੱਚ 2 ਫਰਵਰੀ 1986 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਕੋਦਰ ’ਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸ਼ਰਾਰਤੀ ਅਨਸਰਾਂ ਨੇ ਸਾੜ ਦਿੱਤੇ ਸਨ। 4 ਫਰਵਰੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਵਿਰੋਧ ਪ੍ਰਗਟਾਉਂਦੀ ਸੰਗਤ ’ਤੇ ਪੰਜਾਬ ਪੁਲੀਸ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਹਰਮਿੰਦਰ ਸਿੰਘ ਚਲੂਪਰ ਅਤੇ ਭਾਈ ਝਿਲਮਣ ਸਿੰਘ ਗੌਰਸੀਆਂ ਸ਼ਹੀਦ ਹੋ ਗਏ ਸਨ । ਸਾਕਾ ਨਕੋਦਰ ਨੂੰ 36 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਪੀੜਤ ਮਾਪਿਆਂ ਨੂੰ ਇਨਸਾਫ ਨਹੀਂ ਮਿਲ ਸਕਿਆ।