ਨਵਾਂ ਸ਼ਹਿਰ – ਬੀਤੇ ਦਿਨੀਂ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂ ਸ਼ਹਿਰ ਵਿਖੇ ਤੀਜੇ ਘੱਲੂਘਾਰੇ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਸਿੰਘਾਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਕੀਰਤਨ ਤੋਂ ਉਪਰੰਤ ਡਾ. ਕੰਵਲਜੀਤ ਸਿੰਘ ਨੇ ਤੀਜੇ ਘੱਲੂਘਾਰੇ ਦੇ ਸੰਬੰਧ ਵਿੱਚ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕੀਤੇ, ਜਿਸ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ 70 ਦੇ ਕਰੀਬ ਗੁਰੂ ਘਰਾਂ ਤੇ ਦਿੱਲੀ ਹਕੂਮਤ ਵੱਲੋਂ ਕੀਤਾ ਫੌਜੀ ਹਮਲਾ ਸਾਡੇ ਲਈ ਤੀਜਾ ਘੱਲੂਘਾਰਾ ਹੈ, ਜਿਸ ਵਿੱਚ ਦਿੱਲੀ ਦਰਬਾਰ ਦੀ ਫੌਜ ਦੇ ਮੁਕਾਬਲੇ ਵਿੱਚ ਸਿੰਘ ਬੇਮਿਸਾਲ ਲੜੇ ਅਤੇ ਪੰਥ ਦੇ ਉੱਚੇ ਅਤੇ ਆਜ਼ਾਦ ਨਿਸ਼ਾਨੇ ਸ਼ਹੀਦਾਂ ਨੇ ਆਪਣੇ ਲਹੂ ਨਾਲ ਸਕਾਰ ਕੀਤੇ। ਉਹਨਾਂ ਕਿਹਾ ਤੀਜਾ ਘੱਲੂਘਾਰਾ ਇੰਡੀਅਨ ਬਿਪਰ ਸਟੇਟ ਨਾਲ ਸਿੱਖਾਂ ਦੀ ਸਿੱਧੀ ਜੰਗ ਸੀ ਜਿਸ ਵਿੱਚ ਸਿੰਘ ਸੂਰਮਿਆਂ ਨੇ ਆਪਣੀ ਸੂਰਮ ਗਤੀ ਦੇ ਬਾਖੂਬੀ ਜੌਹਰ ਵਿਖਾਉਂਦਿਆਂ ਅਤੇ ਬਿਪਰ ਸੰਸਕਾਰੀ ਸਟੇਟ ਦੀ ਹਉਂ ਨੂੰ ਭੰਨਦਿਆਂ ਜਾਮੇ ਏ ਸ਼ਹਾਦਤ ਪੀਤਾ। ਉਹਨਾਂ ਕਿਹਾ ਘੱਲੂਘਾਰਾ ਜੂਨ 1984 ਕੋਈ ਤਾਲੋਂ ਟੁੱਟੀ ਅਤੇ ਇਕਹਿਰੀ ਘਟਨਾ ਨਹੀਂ ਹੈ। ਘੱਲੂਘਾਰਾ ਭਾਰਤੀ ਬਹੁ ਗਿਣਤੀ ਦੀ ਸਮਾਜਿਕ ਬਣਤਰ ਦੇ ਬਾਰੀਕ ਤਰਕ ਦਿੱਲੀ ਦੇ ਨਿਜ਼ਾਮ ਪਿੱਛੇ ਕਾਰਜਸ਼ੀਲ ਅਰੂਪ ਵਹਿਣ ਅਤੇ ਰਾਜਨੀਤਿਕ ਤੌਰ ਤੇ ਸੰਚਾਲਕ ਸੋਮਿਆਂ ਦਾ ਕਰੂਪ ਖੁੱਲਾ ਅਤੇ ਬੇਸ਼ਰਮ ਪ੍ਰਗਟਾਵਾ ਹੈ। ਘੱਲੂਘਾਰੇ ਨੇ ਸਿੱਖਾਂ ਦੀ ਸਾਂਝੀ ਪ੍ਰਤਿਭਾ ਨੂੰ ਦਿੱਲੀ ਤਖਤ ਦੇ ਉਸ ਕਰੂਪ ਚਿਹਰੇ ਦੇ ਰੂਬਰੂ ਖੜਾ ਕਰ ਦਿੱਤਾ ਹੈ ਜੋ ਵਿਆਖਿਆ ਅਤੇ ਬਿਰਤਾਂਤ ਦੀ ਮਹਾਂ ਸ਼ਕਤੀ ਦੇ ਲੱਖਾਂ ਪੜਦਿਆਂ ਪਿੱਛੇ ਲੁਕਾਇਆ ਗਿਆ ਹੈ। ਘਲੂਘਾਰਾ ਕੋਈ ਅੰਨ੍ਹੀ ਅਤੇ ਬੇਤਰਤੀਬੀ ਹਿੰਸਾ ਨਹੀਂ ਸੀ ਇਹ ਬਿਲਕੁਲ ਸੋਚੇ ਸਮਝੇ ਡਿਜ਼ਾਇਨ ਵਿੱਚ ਕੀਤੀ ਗਈ ਨਸਲ ਕੁਸ਼ੀ ਸੀ ਜੋ ਤਿੰਨ ਜੂਨ ਤੋਂ 6 ਜੂਨ 1984 ਤੱਕ ਨਹੀਂ ਚੱਲੀ ਬਲਕਿ 1992 ਤੱਕ ਲਗਾਤਾਰ ਤੇ ਨੰਗੇ ਚਿੱਟੇ ਰੂਪ ਵਿੱਚ ਚੱਲੀ ਅਤੇ ਉਸ ਤੋਂ ਬਾਅਦ ਲੁਕਮੇ ਰੂਪ ਵਿੱਚ ਅੱਜ ਵੀ ਜਾਰੀ ਹੈ। ਸਿੱਖਾਂ ਦੇ ਅਵਚੇਤਨ ਮਨ ਦੀ ਸਾਂਝੇ ਰੂਪ ਵਿੱਚ ਕੀਤੀ ਅਰਦਾਸ ਦੀ ਸ਼ਿੱਦਤ ਨੇ ਸੰਤ ਜਰਨੈਲ ਸਿੰਘ ਵਰਗਾ ਸਿਰਲੱਥ, ਮਹਾਨ ਜਰਨੈਲ ਪੈਦਾ ਕੀਤਾ। ਕਿਸੇ ਜਥੇਬੰਦੀ ਵੱਲੋਂ ਇਦਾਂ ਦਾ ਜਰਨੈਲ ਪੈਦਾ ਕਰ ਦੇਣ ਦੀ ਸਮਰੱਥਾ ਨਹੀਂ ਹੁੰਦੀ ਜਦ ਤੱਕ ਕੌਮ ਦੀ ਅਰਦਾਸ ਉਹਦੀ ਮੰਗ ਨਹੀਂ ਕਰਦੀ। ਖਾਲਸਾ ਪੰਥ ਦਾ ਅਪਣੇ ਚਰਿੱਤਰ ਅਤੇ ਵਿਲੱਖਣ ਇਤਹਾਸ ਤੇ ਮਾਣ ਕਰਨਾ ਨਿਰੋਲ ਰੂਹਾਨੀ ਗੱਲ ਹੈ। ਸਿੱਖ ਕੌਮ ਦਾ ਮਾਣਮੱਤਾ ਅਤੇ ਲਹੂ ਭਿੱਜਾ ਇਤਹਾਸ ਸੱਦਾ ਹੀ ਜ਼ੁਲਮ ਦੇ ਟਾਕਰੇ ਲਈ ਮਹਾਨ ਸਿਰਲੱਥ ਯੋਧਿਆਂ ਨੂੰ ਸਿਰਜਦਾ ਆਇਆ ਹੈ ਅਤੇ ਨੋਜਵਾਨਾਂ ਵਿੱਚ ਬਾਣੀ ਅਤੇ ਬਾਣੇ ਨਾਲ ਪਿਆਰ ਦਾ ਮੁੱਢ ਬਣਦਾ ਰਿਹਾ ਹੈ।
ਇਹ ਦੋ ਤਖਤਾਂ ਦੇ ਦਰਮਿਆਨ ਜੰਗ ਸੀ ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਔਰ ਇੱਕ ਪਾਸੇ ਦਿੱਲੀ ਦਾ ਤਖਤ। ਜਿਸ ਤਰ੍ਹਾਂ ਦੀਆਂ ਨੀਤੀਆਂ ਉੱਤੇ ਦਿੱਲੀ ਤਖਤ ਚੱਲ ਰਿਹਾ ਸੀ ਉਸ ਨੂੰ ਪੂਰੇ ਹਿੰਦੁਸਤਾਨ ਵਿੱਚੋਂ ਕੇਵਲ ਸਿੱਖਾਂ ਵੱਲੋ ਹੀ ਮੁਕਾਬਲਾ ਦਿੱਤਾ ਗਿਆ ਹੈ।ਉਨ੍ਹਾਂ ਇਸ ਮੌਕੇ ਸਿੱਖ ਰਾਜ ਦੀ ਗੱਲ ਕਰਦਿਆਂ ਕਿਹਾ ਕਿ ਖਾਲਸਾ ਰਾਜ ਦੇ ਨਿਜ਼ਾਮ ਵਿੱਚ ਪਿੰਡ ਦਾ ਸੁਤੰਤਰ ਦੇਸ਼ ਦੇ ਵਾਂਗੂੰ ਇੱਕ ਨਿਜ਼ਾਮ ਚੱਲਦਾ ਸੀ, ਪਿੰਡ ਆਪਣੇ ਆਪ ਵਿੱਚ ਇੱਕ ਸੰਪੂਰਨ ਇਕਾਈ ਸੀ। ਸ਼ਕਤੀਆਂ ਦੀ ਸੰਪੂਰਨ ਤੌਰ ਤੇ ਡਿਸਟਰੀਬਿਊਸ਼ਨ ਹੋਈ ਹੋਈ ਸੀ। ਖਾਲਸਾ ਰਾਜ ਦੀਆਂ ਪੰਚਾਇਤਾਂ ਵਿੱਚ ਜੋ ਨਿਯਮ ਸਨ ਉਹ ਹਰੇਕ ਜਗ੍ਹਾ ਉੱਤੇ ਸਨਮਾਨ ਰੂਪ ਵਿੱਚ ਲਾਗੂ ਹੁੰਦੇ ਸਨ। ਮੁਸਲਮਾਨ ਮਹੱਲੇ ਦਾ ਨਿਜ਼ਾਮ ਉਹਨਾਂ ਦੇ ਧਰਮ ਦੀ ਸ਼ਰਾ ਦੇ ਮੁਤਾਬਕ ਕੀਤਾ ਗਿਆ ਅਤੇ ਹਿੰਦੂਆਂ ਦੇ ਮੁਹੱਲੇ ਵਿੱਚ ਫੈਸਲੇ ਉਹਨਾਂ ਦੇ ਧਾਰਮਿਕ ਅਕੀਦਿਆਂ ਦੇ ਅਨੁਸਾਰ ਕੀਤੇ ਗਏ। ਆਮ ਲੋਕਾਂ ਦੇ ਅਕੀਦਿਆ ਨੂੰ ਕਾਨੂੰਨ ਦਾ ਦਰਜਾ ਦਿੱਤਾ ਸੀ।
ਇਸ ਮੌਕੇ ਮੰਚ ਦਾ ਸੰਚਾਲਨ ਕਰਦਿਆਂ ਸਿੱਖ ਆਗੂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਹੁਣ ਆਲਮੀ ਤਾਕਤ ਦਾ ਤਵਾਜਨ ਏਸ਼ੀਆਈ ਖਿੱਤੇ ਵਿੱਚੋਂ ਤੈਅ ਹੋਣ ਦੇ ਆਸਾਰ ਬਣ ਰਹੇ ਹਨ ਤਾਂ ਇਸ ਖਿੱਤੇ ਵਿੱਚ ਰਾਜ ਕਰਨ ਦੇ ਜਨਮ ਸਿੱਧ ਅਧਿਕਾਰੀਆਂ ਵਿੱਚ ਖਾਲਸਾ ਵੀ ਮਹੱਤਵਪੂਰਨ ਥਾਂ ਰੱਖਦਾ ਹੈ। ਬੇਸ਼ੱਕ ਖਾਲਸਾ ਜੀ ਨੇ ਇਤਿਹਾਸ ਵਿੱਚ ਸ਼ਾਹੀ ਹੰਡਾਈ ਹੈ ਅਤੇ ਇਸ ਕੋਲ ਰਾਜ ਪ੍ਰਬੰਧ ਚਲਾਉਣ ਲਈ ਇੱਕ ਅਜੀਮ ਫਲਸਫਾ ਵੀ ਮੌਜੂਦ ਹੈ। ਇਸ ਲਈ ਸਿੱਖ ਪ੍ਰਤਿਭਾ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਆਲਮੀ ਭਾਈਚਾਰੇ ਨੂੰ ਖਾਲਸਾ ਜੀ ਦੀ ਰਾਜਸੀ ਪਹੁੰਚ ਵਿਧੀ ਅਤੇ ਇਸ ਵਿੱਚੋਂ ਨਿਕਲਦੇ ਰਾਜਸੀ ਨਿਆਇਕ ਅਤੇ ਪ੍ਰਬੰਧਕੀ ਢਾਂਚਿਆਂ ਅਤੇ ਇਹਨਾਂ ਬਣਤਰਾਂ ਪਿੱਛੇ ਕਾਰਜਸ਼ੀਲ ਤਰਕ ਤੇ ਫਲਸਫੇ ਸਪੱਸ਼ਟ ਕਰਨ ਵਾਲੇ ਦਸਤਾਵੇਜ ਪੈਦਾ ਕਰੇ। ਹੁਣ ਵੇਲਾ ਹੈ ਜਦੋਂ ਦੱਸਿਆ ਜਾ ਸਕਦਾ ਹੈ ਕਿ ਖਾਲਸੇ ਦੀ ਤੇਗ ਦੇ ਗਜਬ ਵਿੱਚ ਰਹਿਮ ਅਤੇ ਸ਼ੁਕਰ ਕਿਸ ਤਰ੍ਹਾਂ ਸ਼ਾਮਿਲ ਰਹਿੰਦੇ ਹਨ ਅਤੇ ਇਹਨਾਂ ਦਾ ਅਨੁਪਾਤ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਲੈ ਕੇ ਆਉਂਦਾ ਹੈ। ਇਹੀ ਵੇਲਾ ਹੈ ਜਦੋਂ ਦੱਸਿਆ ਜਾ ਸਕਦਾ ਹੈ ਕਿ ਸਿੱਖੀ ਵਿੱਚ ਤਾਕਤ ਦਾ ਵਿਕੇਂਦਰੀਕਰਨ ਕਿਸ ਤਰ੍ਹਾਂ ਦੀ ਸਮਾਜਿਕ ਸਥਿਤੀ ਦੀ ਸਿਰਜਣਾ ਕਰ ਸਕਦਾ ਹੈ। ਇਹ ਸਭ ਤੋਂ ਜਰਖੇਜ ਸਮਾਂ ਹੈ ਜਦ ਦੁਨੀਆਂ ਇਹ ਸੁਣਨ ਲਈ ਤਿਆਰ ਹੈ ਕਿ ਸਿੱਖੀ ਵਿੱਚ ਬਹੁਲਤਾਵਾਂ ਅਤੇ ਭਿੰਨਤਾਵਾਂ ਆਪਣੇ ਮੌਲਿਕ ਰੂਪ ਬਰਕਰਾਰ ਰੱਖਦੇ ਹੋਏ ਖਾਲਸਾ ਆਦਰਸ਼ ਹੇਠ ਆਦਰਯੋਗ ਸ਼ਹਿਰੀਅਤ ਹਾਸਲ ਕਰ ਸਕਦੀਆਂ ਹਨ।
ਇਸ ਮੌਕੇ ਖਾਲਸਾ ਪੰਥ ਲਈ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਤਿੰਨ ਸਿੰਘਾਂ ਦਾ ਸਨਮਾਨ ਕੀਤਾ ਗਿਆ। ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਬਾਬਾ ਬਲਵੀਰ ਸਿੰਘ ਮੌਲਵੀਵਾਲਾ ਅਤੇ ਨਰੈਣ ਸਿੰਘ ਚੌੜਾ ਜੀ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਇਲਾਕੇ ਦੀ ਸੰਗਤ ਤੋਂ ਇਲਾਵਾ ਭਾਈ ਦਲਜੀਤ ਸਿੰਘ, ਬਾਬਾ ਨਾਗਰ ਸਿੰਘ ਤਰਨਾ ਦਲ, ਬਾਬਾ ਨਰੰਗ ਸਿੰਘ ਤਰਨਾ ਦਲ, ਪਰਮਜੀਤ ਸਿੰਘ ਗਾਜ਼ੀ ਸੰਪਾਦਕ ਸਿੱਖ ਸਿਆਸਤ, ਅਮਰੀਕ ਸਿੰਘ, ਅਮਰਜੀਤ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ ਮਿਸ਼ਨਰੀ ਕਾਲਜ, ਗੁਰਮੀਤ ਸਿੰਘ ਗੁਜ਼ਰ ਪੁਰ, ਭਾਈ ਘਨ੍ਹਈਆ ਦਲ, ਬਲਜਿੰਦਰ ਸਿੰਘ ਹੁਸੈਨਪੁਰ, ਜਰਨੈਲ ਸਿੰਘ, ਹਰਦੀਪ ਸਿੰਘ ਸਾਧੜਾ, ਸਤਨਾਮ ਸਿੰਘ ਭਾਰਾ ਪੁਰ,ਰਾਵਲ ਸਿੰਘ ਬੁਲੋਵਾਲ,ਤੀਰਥਾ ਸਿੰਘ, ਦਲਜੀਤ ਸਿੰਘ ਮੋਲਾ, ਸਤਵੀਰ ਸਿੰਘ, ਸੁਖਵਿੰਦਰ ਸਿੰਘ ਛੀਨਾ, ਗੁਰਮੀਤ ਸਿੰਘ ਝੰਡੇਰ, ਅਵਤਾਰ ਸਿੰਘ ਜਗਤਪੁਰ, ਮਾਸਟਰ ਬਖਸ਼ੀਸ਼ ਸਿੰਘ, ਮਾਸਟਰ ਬੇਅੰਤ ਸਿੰਘ ਨੀਲੋਂਵਾਲ, ਸ਼ਿੰਦਰਪਾਲ ਸਿੰਘ ਸੋਨਾ, ਜਤਿੰਦਰ ਸਿੰਘ, ਆਦਿ ਹਾਜ਼ਰ ਸਨ।
⊕ ਹੋਰ ਸਬੰਧਤ ਖਬਰਾਂ ਪੜ੍ਹੋ –
- ਪੰਥ ਸੇਵਕ ਜਥਾ ਮਾਝਾ ਵੱਲੋਂ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ
- ਤੀਜੇ ਘੱਲੂਘਾਰੇ ਨੂੰ ਸਮਰਪਿਤ ਸਮਾਗਮ ਦੌਰਾਨ ਕਿਤਾਬ ‘ਅਮਰਨਾਮਾ’ ਅੰਮ੍ਰਿਤਸਰ ਵਿਖੇ ਹੋਈ ਜਾਰੀ
- ਤੀਜੇ ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਪਿੰਡ ਬਡਰੁੱਖਾਂ ਵਿਖੇ ਕਰਵਾਇਆ ਗਿਆ
- ਕੋਟ ਭਾਰਾ ’ਚ ਤੀਜੇ ਘੱਲੂਘਾਰੇ ਦੀ 40 ਵੀਂ ਵਰ੍ਹੇ ਗੰਢ ਮੌਕੇ ਕਿਤਾਬ ‘ਰਾਜਘਾਟ ’ਤੇ ਹਮਲਾ’ ਜਾਰੀ