ਵੀਡੀਓ

ਸ਼੍ਰੋ.ਗੁ.ਪ੍ਰ.ਕ. ਚੋਣਾਂ: ਸਿੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਗੁਰਦੁਆਰਾ ਚੋਣ ਕਮਿਸ਼ਨਰ ਨੂੰ ਮਿਲੇ

By ਸਿੱਖ ਸਿਆਸਤ ਬਿਊਰੋ

February 26, 2024

ਚੰਡੀਗੜ੍ਹ –  ਸਿੱਖ ਜਥੇਬੰਦੀਆ ਦੇ ਆਗੂਆਂ ਦਾ ਇਕ ਵਫ਼ਦ ਅੱਜ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਜਸਟਿਸ ਐੱਸ ਐੱਸ ਸਾਰੋ ਨੂੰ ਉਹਨਾਂ  ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਮਿਲਿਆ।

ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ ਦੁਆਰਾ ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਸਟਿਸ ਸਾਰੋ ਨੂੰ ਮੈਮੋਰੰਡਮ ਸੌਂਪਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਹੋਰ ਅੱਗੇ ਵਧਾਉਣ ਦੀ ਬੇਨਤੀ ਕੀਤੀ ਗਈ ਹੈ।

ਉਹਨਾਂ ਆਖਿਆ ਕਿ ਮੌਜੂਦਾ ਸਮੇ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਕਾਰਨ ਸਿੱਖ ਵੋਟਰਾਂ ਦਾ ਧਿਆਨ ਅੰਦੋਲਨ ਵੱਲ ਕੇਂਦਰਿਤ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸੰਭਵ ਹਨ। ਇਸ ਤੋਂ ਇਲਾਵਾ ਵੋਟਾਂ ਬਣਾਉਣ ਦਾ ਤਰੀਕਾ ਔਖਾ ਹੋਣ ਕਰਕੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਹੁਣ ਤੱਕ 50 ਪ੍ਰਤੀਸ਼ਤ ਵੋਟਰ ਵੀ ਰਜਿਸਟਰ ਨਹੀਂ ਹੋਏ ਹਨ ।

ਜਿਸ ਕਾਰਨ ਵੋਟਾਂ ਬਣਾਉਣ ਦੀ ਆਖਰੀ ਮਿਤੀ ਜੋ ਕਿ ਹਾਲੇ 29 ਫਰਵਰੀ ਹੈ, ਵਿੱਚ ਹੋਰ ਵਾਧਾ ਕਰਨਾ ਬਹੁਤ ਜਰੂਰੀ ਹੈ।

ਇਸ ਤੋਂ ਇਲਾਵਾ ਸਿੱਖ ਆਗੂਆਂ ਨੇ ਵੋਟਾਂ ਬਨਾਉਣ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਤਰੀਕਾ ਅਪਨਾਉਣ ਦੀ ਵੀ ਬੇਨਤੀ ਕੀਤੀ ਅਤੇ ਵੋਟਰ ਬਣਨ ਲਈ ਘੱਟੋ ਘੱਟ ਉਮਰ 18 ਸਾਲ ਨੀਅਤ ਕਰਨ ਦੀ ਬੇਨਤੀ ਕੀਤੀ।

ਜਿਸ ਤੇ ਜਸਟਿਸ ਸਾਰੋ ਨੇ ਤਿੰਨਾਂ ਮੰਗਾਂ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਰਬੰਸ ਸਿੰਘ ਕੰਧੋਲਾ, (ਸਾਬਕਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ), ਤਜਿੰਦਰ ਸਿੰਘ ਪੰਨੂ ( ਸ਼੍ਰੋਮਣੀ ਅਕਾਲੀ ਦਲ 1920),  ਸਰਦਾਰ ਅਜੈਪਾਲ ਸਿੰਘ ਬਰਾੜ ਅਤੇ ਹਰਪ੍ਰੀਤ ਸਿੰਘ ਮੋਹਾਲੀ (ਮਿਸਲ ਸਤਲੁਜ), ਹਰਪ੍ਰੀਤ ਸਿੰਘ ਸੋਢੀ (ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ),  ਜਗਪ੍ਰੀਤ ਸਿੰਘ ਫਗਵਾੜਾ (ਖ਼ਾਲਸਾ ਪਰਿਵਾਰ ਟਰੱਸਟ), ਸੁਖਦੇਵ ਸਿੰਘ ਫਗਵਾੜਾ (ਅਲਾਇੰਸ ਆਫ ਸਿੱਖ ਔਰਗਨਾਈਜੇਸ਼ਨ) ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: