Site icon Sikh Siyasat News

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਅਤੇ ਡਿਬਰੂਗੜ੍ਹ ਨਜ਼ਰਬੰਦਾਂ ਦੀ ਰਿਹਾਈ ਲਈ ਅਰਦਾਸ ਕੀਤੀ

ਅਨੰਦਪੁਰ ਸਾਹਿਬ: ਬੀਤੇ ਦਿਨ, 19 ਨਵੰਬਰ ਦਿਨ ਐਤਵਾਰ ਨੂੰ, ਸਿੱਖ ਸੰਘਰਸ਼ ਦੌਰਾਨ ਪਾਏ ਯੋਗਦਾਨ ਲਈ ਲੰਮੇ ਸਮੇਂ ਤੋਂ ਇੰਡੀਆ ਹਕੂਮਤ ਵੱਲੋਂ ਕੈਦ ਕੀਤੇ ਗਏ ਬੰਦੀ ਸਿੰਘਾਂ ਅਤੇ ਇਸ ਵਰ੍ਹੇ ਦੇ ‘ਨੈਸ਼ਨਲ ਸਕਿਉਰਿਟੀ ਐਕਟ’ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਗਏ ਵਾਰਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ ।

ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਸਿੱਖ ਸਿਆਸਤ ਨੂੰ ਲਿਖਤੀ ਤੌਰ ਉਤੇ ਭੇਜੀ ਜਾਣਕਾਰੀ ਰਾਹੀਂ ਦੱਸਿਆ ਇਹ ਪੰਜਾਂ ਤਖ਼ਤਾਂ ’ਤੇ ਕੀਤੇ ਜਾ ਰਹੇ ਅਰਦਾਸ ਸਮਾਗਮ ਦਾ ਦੂਸਰਾ ਪੜਾਅ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਅਗਲਾ ਅਰਦਾਸ ਸਮਾਗਮ ਤਿੰਨ ਦਸੰਬਰ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਹੋਵੇਗਾ।

ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਸਿੱਖ ਸਿਆਸਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਰਦਾਸ ਸਮਾਗਮ ਲਈ 17 ਨਵੰਬਰ 2023 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। 19 ਨਵੰਬਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਜਿਸ ਤੋਂ ਬਾਅਦ ਸਮੂਹ ਬੰਦੀ ਸਿੰਘਾਂ ਅਤੇ ਨਜ਼ਰਬੰਦਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈ ਅਰਦਾਸ ਕੀਤੀ ਗਈ।

ਸਿੱਖ ਸਿਆਸਤ ਨੂੰ ਬੀਬੀ ਬਲਵਿੰਦਰ ਕੌਰ ਵੱਲੋਂ ਲਿਖਤੀ ਤੌਰ ਉੱਤੇ ਮਿਲੀ ਜਾਣਕਾਰੀ ਮੁਤਾਬਿਕ ਸਮਾਗਮ ਵਿੱਚ ਇੰਗਲੈਂਡ ’ਚ 34 ਸਾਲ ਦੀ ਕੈਦ ਤੋਂ ਬਾਅਦ ਪੰਥ ਸੇਵਾ ਲਈ ਪੰਜਾਬ ਪਰਤੇ ਪੰਥ ਸੇਵਕ ਭਾਈ ਰਜਿੰਦਰ ਸਿੰਘ ਗੁਗਲਵਾਲ, ਸ਼੍ਰੋਮਣੀ ਗੁ.ਪ੍ਰ. ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਬਖ਼ਸ਼ੀਸ਼ ਸਿੰਘ, ਪਰਮਜੀਤ ਸਿੰਘ ਬਾਠ ਮੋਹਾਲੀ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਮੀਤ ਮੈਨੇਜਰ ਹਰਦੇਵ ਸਿੰਘ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਹੋਈ। ਬੀਬੀ ਬਲਵਿੰਦਰ ਕੌਰ ਨੇ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣਨ ਦਾ ਹੋਕਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version