Site icon Sikh Siyasat News

ਭਾਈ ਹਰਦੀਪ ਸਿੰਘ ਨਿੱਝਰ ਦੇ ਕਨੇਡਾ ਵਿਚ ਕਤਲ ਬਾਰੇ ਦਲ ਖਾਲਸਾ ਦਾ ਪ੍ਰਤੀਕਰਮ

ਭਾਈ ਹਰਦੀਪ ਸਿੰਘ ਨਿੱਝਰ

ਚੰਡੀਗੜ੍ਹ-  ਦਲ ਖ਼ਾਲਸਾ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਖਬਰ ਉਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਥ ਦੇ ਦੁਸ਼ਮਣਾਂ ਨੇ ਭਾਉ ਪਰਮਜੀਤ ਸਿੰਘ ਪੰਜਵੜ ਤੋਂ ਬਾਅਦ ਖ਼ਾਲਿਸਤਾਨ ਦੇ ਸੰਘਰਸ਼ ਦਾ ਇਕ ਹੋਰ ਕੀਮਤੀ ਹੀਰਾ ਸਾਥੋਂ ਖੋਹ ਲਿਆ ਹੈ।

ਦੁੱਖ ਦਾ ਇਜ਼ਹਾਰ ਕਰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਖ਼ਬਰ ਸੁਣ ਕੇ ਯਕੀਨ ਨਹੀਂ ਆਇਆ।

ਜ਼ਿਕਰਯੋਗ ਹੈ ਕਿ ਭਾਈ ਨਿੱਝਰ ਕੈਨੇਡਾ ਦੇ ਸਰੀ ਸ਼ਹਿਰ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਸੇਵਾ ਨਿਭਾ ਰਹੇ ਸਨ। ਉਹ ਭਾਰਤ ਸਰਕਾਰ ਦੇ ਚੰਦ ਅਤਿ ਲੋੜੀਂਦੇ ਸਿੱਖਾਂ ਵਿੱਚੋਂ ਇੱਕ ਸਨ ਜਿਸ ਦੀ ਹਵਾਲਗੀ ਦੀ ਮੰਗ ਭਾਰਤ ਸਰਕਾਰ ਕੈਨੇਡਾ ਪਾਸੋਂ ਲੰਮੇ ਸਮੇ ਤੋਂ ਕਰ ਰਹੀ ਸੀ।

ਦਲ ਖਾਲਸਾ ਆਗੂ ਨੇ ਕਿਹਾ ਕਿ ਭਾਈ ਨਿੱਝਰ ਅਕਸਰ ਹੀ ਆਪਣੀ ਤਕਰੀਰ ਵਿੱਚ ਕਿਹਾ ਕਰਦਾ ਸੀ ਕਿ ਭਾਰਤੀ ਏਜੰਸੀਆਂ ਉਸ ਨੂੰ ਆਪਣੀ ਨਫ਼ਰਤ ਦਾ ਨਿਸ਼ਾਨਾ ਬਣਾਉਣ ਲਈ ਉਤਾਵਲੀਆਂ ਹਨ ਅਤੇ ਉਸ ਦਾ ਅੰਤਿਮ ਸਮਾਂ ਕਿਸੇ ਵੇਲੇ ਵੀ ਆ ਸਕਦਾ ਹੈ । ਧਾਮੀ ਨੇ ਦਸਿਆ ਕਿ ਮੌਕੇ ਤੇ ਮੌਜੂਦ ਸੰਗਤਾਂ ਨੇ ਪੁਸ਼ਟੀ ਕੀਤੀ ਕਿ ਅੱਜ ਵੀ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਖੇ ਬੋਲਦਿਆਂ ਆਪਣਾ ਇਹ ਖ਼ਦਸ਼ਾ ਦੁਹਰਾਇਆ ਸੀ ਅਤੇ ਆਪਣੇ ਸਪੀਚ ਦੇ ਅੰਤ ਵਿੱਚ ‘ਕੀਰਤਨ ਸੋਹਲਾ’ ਦੀ “ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ” ਤੁਕ ਪੜ੍ਹ ਆਖ਼ਰੀ ਫਤਹਿ ਬੁਲਾਈ ਸੀ।

ਉਹਨਾਂ ਨੇ ਭਾਈ ਨਿੱਝਰ ਨੂੰ ਖਾਲਿਸਤਾਨ ਦੇ ਸੰਘਰਸ਼ ਦਾ ਸ਼ਹੀਦ ਕਰਾਰ ਦਿੱਤਾ। ਉਹਨਾਂ ਕਿਹਾ ਕਿ ਨੇੜਲੇ ਸਮੇ ਵਿੱਚ ਸਿੱਖ ਆਜ਼ਾਦੀ ਪਸੰਦਾਂ ਉਤੇ ਭਾਰਤੀ ਏਜੰਸੀਆਂ ਦਾ ਵਿਦੇਸ਼ਾਂ ਦੀ ਧਰਤੀ ‘ਤੇ ਇਕ ਤੋਂ ਬਾਦ ਇਹ ਦੂਜਾ ਘਾਤਕ ਹਮਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version