ਖਾਸ ਖਬਰਾਂ

ਗੁਰੂ ਦੇ ਅਦਬ ਨੂੰ ਮੁੱਖ ਰੱਖਦਿਆਂ ਸਿੱਖ ਜਥਾ ਮਾਲਵਾ ਵਲੋਂ ਸ਼ਲਾਘਾਯੋਗ ਉਪਰਾਲਾ

By ਸਿੱਖ ਸਿਆਸਤ ਬਿਊਰੋ

May 05, 2023

 ਚੰਡੀਗੜ੍ਹ – ਗੁਰੂ ਦੇ ਅਦਬ ਵਿੱਚ ਖਲਲ ਪਾਉਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਗੁਰੂ ਦੇ ਅਦਬ ਨੂੰ ਮੁੱਖ ਰੱਖਦਿਆਂ ਸਿੱਖ ਜਥਾ ਮਾਲਵਾ ਵਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਿਛਲੇ ਕੁਝ ਦਿਨਾਂ ਤੋਂ ‘ਸਿੱਖ ਜਥਾ ਮਾਲਵਾ’ ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਨੂੰ ਵੇਖਿਆ ਜਾ ਰਿਹਾ ਹੈ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਤੇ ਸੇਵਾ ਸੰਭਾਲ ਜਥਾ (ਪ੍ਰਬੰਧਕ ਕਮੇਟੀ) ਨੂੰ ਮਿਲ ਕੇ ਗੁਰੂ ਪਾਤਿਸਾਹ ਦੇ ਅਦਬ ਸਬੰਧੀ ਸਾਡੀਆਂ ਬਣਦੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ, ਉਥੇ ਪਾਈ ਗਈ ਢਿੱਲ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਓਹਨਾ ਨੂੰ ‘ਸਿੱਖ ਜਥਾ ਮਾਲਵਾ’ ਵੱਲੋਂ ਜਾਰੀ ਕੀਤਾ ਗਿਆ ਚੌ-ਵਰਕੀ ਦਸਤਾਵੇਜ ‘ਅਦਬਨਾਮਾ’ ਵੀ ਦਿੱਤਾ ਜਾ ਰਿਹਾ ਹੈ।

ਹੁਣ ਤੱਕ ਜਥੇ ਵੱਲੋਂ 30 ਤੋਂ ਵੱਧ ਪਿੰਡਾਂ ਵਿੱਚ ਅਤੇ 70 ਤੋਂ ਵੱਧ ਗੁਰਦੁਆਰਾ ਸਾਹਿਬਾਨ ਵਿੱਚ ਜਾ ਕੇ ਉਥੋਂ ਦੇ ਸੇਵਾਦਾਰਾਂ ਨੂੰ ਮਿਲਿਆ ਗਿਆ ਹੈ ਅਤੇ ਲਗਾਤਾਰ ਮਿਲਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ‘ਅਦਬਨਾਮਾ‘ ਲੰਘੇ ਸਾਲ ਅਪ੍ਰੈਲ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੇ ਯਤਨ ਵਜੋਂ ਬਹੁਤ ਹੀ ਸਰਲ ਅਤੇ ਸੰਖੇਪ ਰੂਪ ਵਿੱਚ ਪੰਥਕ ਰਵਾਇਤ ਅਤੇ ਸਾਡੀਆਂ ਬਣਦੀਆਂ ਜਿੰਮੇਵਾਰੀਆਂ ਜਿਨ੍ਹਾਂ ਵਿੱਚ ਪਿੰਡਾਂ ਦੇ ਗੁਰਦੁਆਰਾ ਸੇਵਾ ਸੰਭਾਲ ਜਥੇ (ਗੁਰਦੁਆਰਾ ਪ੍ਰਬੰਧਕ ਕਮੇਟੀਆਂ), ਪਿੰਡ ਵਾਸੀਆਂ, ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਣਦੀਆਂ ਜਿੰਮੇਵਾਰੀਆਂ ਅਤੇ ਪੰਥਕ ਰਵਾਇਤ ਅਨੁਸਾਰ ਫੈਸਲੇ ਕਰਨ ਦੀ ਜੁਗਤ ਦਾ ਜਿਕਰ ਕੀਤਾ ਗਿਆ ਹੈ।

ਸਿੱਖ ਜਥਾ ਮਾਲਵਾ ਵੱਲੋਂ ਜਾਰੀ ਕੀਤਾ ਚੌ-ਵਰਕੀ ਦਸਤਾਵੇਜ ‘ਅਦਬਨਾਮਾ ‘ ਪੜ੍ਹੋ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: