ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਕਰਨਾਟਕਾ ਵਿਚ ਸਿੱਖ ਨੌਜਵਾਨ ਦੀ ਭੀੜ ਵਲੋਂ ਕੁੱਟਮਾਰ; ਕਕਾਰਾਂ ਦੀ ਕੀਤੀ ਬੇਅਦਬੀ, ਜ਼ਬਰਨ ਕੇਸ ਕਤਲ ਕੀਤੇ

May 28, 2018 | By

ਅੰਮ੍ਰਿਤਸਰ: ਭਾਰਤ ਵਿਚ ਘੱਟਗਿਣਤੀਆਂ ਪ੍ਰਤੀ ਵਧ ਰਹੀ ਨਫਰਤ ਦੀ ਇਕ ਉਦਾਹਰਣ ਕਰਨਾਟਕਾ ਵਿਚ ਸਾਹਮਣੇ ਆਈ ਜਦੋਂ ਭੀੜ ਨੇ ਇਕ ਸਿੱਖ ਵਿਅਕਤੀ ‘ਤੇ ਹਮਲਾ ਕੀਤਾ। ਹਮਲੇ ਦਾ ਸ਼ਿਕਾਰ ਹੋਇਆ 25 ਸਾਲਾ ਸਿੱਖ ਨੌਜਵਾਨ ਅਵਤਾਰ ਸਿੰਘ ਕਰਨਾਟਕਾ ਵਿਚ ਇਕ ਨਿਜੀ ਕੰਪਨੀ ਦੀ ਜੇਸੀਬੀ ਚਲਾਉਂਦਾ ਹੈ। 19 ਮਈ ਦੀ ਸ਼ਾਮ ਨੂੰ ਅਵਤਾਰ ਸਿੰਘ ਆਪਣੀ ਨੌਕਰੀ ਤੋਂ ਬਾਅਦ ਕੋਡਲਾ ਪਿੰਡ ਵਿਚ ਏਟੀਐਮ ਵਰਤਣ ਲਈ ਗਿਆ ਸੀ। ਉਸ ਸਮੇਂ ਸਥਾਨਕ ਹਿੰਦੂ ਲੋਕਾਂ ਦੀ ਭੀੜ ਨੇ ਉਸਨੂੰ ਘੇਰ ਲਿਆ। ਅੰਮ੍ਰਿਤਧਾਰੀ ਸਿੰਘ ਹੋਣ ਕਾਰਨ ਅਵਤਾਰ ਸਿੰਘ ਦੇ ਗਾਤਰੇ ਪਾਈ ਕ੍ਰਿਪਾਨ ਉੱਤੇ ਭੀੜ ਇਤਰਾਜ਼ ਪ੍ਰਗਟਾਉਣ ਲੱਗੀ।

ਸਿੱਖ ਨੌਜਵਾਨ ਨਾਲ ਕੁੱਟਮਾਰ ਕਰਦੀ ਹੋਈ ਭੀੜ (ਖੱਬੇ); ਜੇਰੇ ਇਲਾਜ ਅਵਤਾਰ ਸਿੰਘ (ਸੱਜੇ)

ਅਵਤਾਰ ਸਿੰਘ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ, “ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਕ੍ਰਿਪਾਨ ਹੈ ਅਤੇ ਹਰ ਅੰਮ੍ਰਿਤਧਾਰੀ ਸਿੱਖ ਇਸ ਨੂੰ ਗਾਤਰੇ ਪਾਉਂਦਾ ਹੈ, ਪਰ ਉਹ ਕ੍ਰਿਪਾਨ ਨੂੰ ਉਤਾਰਨ ਲਈ ਮਜ਼ਬੂਰ ਕਰਨ ਲੱਗੇ। ਉਨ੍ਹਾਂ ਦੱਸਿਆ, “ਮੈਂ ਕਮੀਜ਼ ਥੱਲਿਓਂ ਛੋਟੀ ਕ੍ਰਿਪਾਨ ਪਾਈ ਹੋਈ ਸੀ ਇਸ ਲਈ ਮੈਂ ਉਪਰ ਪਾਈ ਕ੍ਰਿਪਾਨ ਉਤਾਰ ਦਿੱਤੀ ਤਾਂ ਮੈਨੂੰ ਭੀੜ ਨੇ ਉੱਥੋਂ ਜਾਣ ਦਿੱਤਾ।”

ਅਵਤਾਰ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਕੁਝ ਦੂਰ ਹੀ ਗਿਆ ਸੀ ਜਦੋਂ ਭੀੜ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਮਾਰ ਕੁੱਟ ਕੀਤੀ ਅਤੇ ਕਕਾਰਾਂ ਦੀ ਬੇਅਦਬੀ ਕੀਤੀ। ਗੁਲਬਰਗਾ ਦੇ ਯੂਨਾਈਟਿਡ ਹਸਪਤਾਲ ਵਿਚ ਜੇਰੇ ਇਲਾਜ਼ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਕੋਡਲਾ ਪਿੰਡ ਦੇ ਪੰਚਾਇਤ ਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਤੇ ਉਸ ਦੇ ਪੈਰ ਦੀ ਹੱਡੀ ਤੋੜ ਦਿੱਤੀ ਗਈ। ਇਸ ਤੋਂ ਇਲਾਵਾ ਮੂੰਹ, ਸਿਰ ਅਤੇ ਹੋਰ ਸਰੀਰ ‘ਤੇ ਵੀ ਗੰਭੀਰ ਸੱਟਾਂ ਵੱਜੀਆਂ ਹਨ। ਅਵਤਾਰ ਸਿੰਘ ਨੇ ਦੱਸਿਆ ਕਿ ਭੀੜ ਨੇ ਉਸ ਦੇ ਕੇਸ ਵੀ ਜਬਰਨ ਕੱਟ ਦਿੱਤੇ।

ਅਵਤਾਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਦਿਨ ਬਾਅਦ ਉਸ ਦੇ ਪਿਤਾ ਕਰਨਾਟਕਾ ਪਹੁੰਚੇ, ਜੋ ਹੁਣ ਉਸਦੀ ਹਸਪਤਾਲ ਵਿਚ ਦੇਖਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੁਲਿਸ ਕੋਲ ਸ਼ਿਕਾਇਤ ਇਸ ਲਈ ਨਹੀਂ ਕਰ ਸਕੇ ਕਿਉਂਕਿ ਉਹ ਜ਼ਖਮੀ ਸੀ ਤੇ ਇਕੱਲਾ ਸੀ। ਉਨ੍ਹਾਂ ਕਿਹਾ ਕਿ ਉਹ ਹੁਣ ਪੁਲਿਸ ਕੋਲ ਇਸ ਘਟਨਾ ਦੀ ਸ਼ਿਕਾਇਤ ਕਰਨਗੇ।

ਅਵਤਾਰ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਨਾਲ ਸਬੰਧਿਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: