ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸਤੋਂ ਬਾਅਦ ਵਾਪਰੀਆਂ ਦਰਦਨਾਕ ਘਟਨਾਵਾਂ ਦੇ ਸੰਦਰਭ ਵਿੱਚ ਇਨਸਾਫ ਹਾਸਲ ਕਰਨ ਲਈ ਚੱਲ ਰਹੇ ਅੰਦੋਲਨ ਨੂੰ ਨੇਮਬੱਧ ਕਰਦਿਆਂ ਸਿੱਖ ਧਾਰਮਿਕ ਸੰਸਥਾਵਾਂ ਨੇ ਹਰ ਜਿਲ੍ਹੇ ਵਿੱਚ ਸਿਰਫ ਇੱਕੋ ਹੀ ਸੜਕ ਤੇ ਦਸ ਤੋਂ ਇੱਕ ਵਜੇ ਤੱਕ ਜਾਮ ਲਾਉਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਇਹਨਾਂ ਸੰਸਥਾਵਾਂ ਦੀ ਸਮੂਹਿਕ ਲੀਡਰਸਿਪ ਨੇ ਦਿੱਤੀ।
ਅੱਜ ਸਾਮ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਮਤਿ ਸੇਵਾ ਲਹਿਰ ਦੇ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਜ: ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ ਨੇ ਦੱਸਿਆ ਕਿ ਆਮ ਲੋਕਾਂ ਦੀਆਂ ਮੁਸਕਿਲਾਂ ਖਾਸਕਰ ਸਕੂਲੀ ਬੱਚਿਆਂ ਦੇ ਹੋ ਰਹੇ ਨੁਕਸਾਨ ਨੂੰ ਮੁੱਖ ਰਖਦਿਆਂ ਸਾਰੀਆਂ ਹੀ ਉਹਨਾਂ ਸਿੱਖ ਧਾਰਮਿਕ ਸੰਸਥਾਵਾਂ ਨੇ ਹਰ ਜਿਲ੍ਹੇ ਵਿੱਚ ਦਸ ਤੋਂ ਇੱਕ ਵਜੇ ਤੱਕ ਬਦਲ ਬਦਲ ਕੇ ਸਿਰਫ ਇੱਕ ਥਾਂ ਤੇ ਜਾਮ ਲਾਉਣ ਦਾ ਫੈਸਲਾ ਕੀਤਾ ਹੈ। ਫਿਲਹਾਲ ਇਹ ਸਿਲਸਿਲਾ ਬਹਿਬਲ ਕਲਾਂ ਵਿਖੇ ਪੁਲਿਸ ਗੋਲੀਆਂ ਨਾਲ ਮਾਰੇ ਗਏੇ ਦੋ ਵਿਅਕਤੀਆਂ ਦੇ ਭੋਗ ਭਾਵ 25 ਅਕਤੂਬਰ ਤੱਕ ਚੱਲੇਗਾ। ਜਿੱਥੋਂ ਤੱਕ ਬਰਗਾੜੀ ਵਾਲੇ ਮੁੱਖ ਧਰਨੇ ਦਾ ਸੁਆਲ ਹੈ ਉਹ ਲਗਤਾਰ ਚਲਦਾ ਰਹੇਗਾ।
ਰਾਜ ਦੇ ਵੱਖ ਵੱਖ ਹਿੱਸਿਆਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਅਤੇ ਅੰਗਾਂ ਦੀ ਹੋ ਰਹੀ ਬੇਅਦਬੀ ਨੂੰ ਪੰਥ ਦੋਖੀ ਏਜੰਸੀਆਂ ਵੱਲੋਂ ਭਾੜੇ ਦੇ ਵਿਅਕਤੀਆਂ ਦੁਆਰਾ ਕਰਵਾਈ ਜਾ ਰਹੀ ਕਾਰਵਾਈ ਕਰਾਰ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਇਹ ਸਰਕਾਰ ਦੀ ਜੁਮੇਵਾਰੀ ਹੈ, ਕਿ ਉਹ ਅਸਲੀਅਤ ਲੱਭ ਕੇ ਦੋਸ਼ੀਆਂ ਨੂੰ ਸਜਾਵਾਂ ਦੁਆਵੇ। ਅਗਰ ਉਹ ਦੋਸ਼ੀਆਂ ਨੂੰ ਲੱਭਣ ਵਿੱਚ ਸਫ਼ਲ ਨਹੀਂ ਹੁੰਦੀ ਤਾਂ ਇਹ ਸਰਕਾਰ ਦਾ ਨਿਕੰਮਾਪਣ ਹੈ, ਜੇਕਰ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਜਾਂਦਾ, ਤਾਂ ਇਹ ਬੇਈਮਾਨੀ ਦਾ ਸਭ ਤੋਂ ਵੱਡਾ ਸਬੂਤ ਹੈ।
ਭਾਈ ਪੰਥਪ੍ਰੀਤ ਦੇ ਵਿਚਾਰ ਅਨੁਸਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਰਕਾਰ ਇਸ ਲਈ ਵੀ ਅਸਫਲ ਸਾਬਤ ਹੋ ਰਹੀ ਹੈ, ਕਿਉਂਕਿ ਬੇਅਦਬੀ ਜਨਤਕ ਬੇਚੈਨੀ ਅਤੇ ਰੋਸ ਨੂੰ ਰੋਕਣ ਦੇ ਪੇਸਗੀ ਪ੍ਰਬੰਧ ਵਜੋਂ ਉਸਨੇ ਸੂਬੇ ਦੇ ਕਿਸੇ ਵੀ ਗੁਰੂਘਰ ਵਿਖੇ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਕੀਤੇ। ਉਹਨਾਂ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਇਲਾਕੇ ਦੇ ਦਰਬਾਰ ਸਾਹਿਬਾਨ ਦੁਆਲੇ ਸੀ ਸੀ ਟੀ ਵੀ ਕੈਮਰੇ ਲਗਵਾਉਣ। ਸਰਕਾਰ ਅਤੇ ਪੁਲਿਸ ਨੂੰ ਕਟਹਿਰੇ ’ਚ ਖੜਾ ਕਰਦਿਆਂ ਉਹਨਾਂ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਦੁਰਘਟਨਾ ਤੋਂ ਬਾਅਦ ਵੀ ਜੇਕਰ ਅਜਿਹੇ ਪ੍ਰਬੰਧ ਕੀਤੇ ਹੁੰਦੇ ਤਾਂ ਬਰਗਾੜੀ ਵਿਖੇ ਜੋ ਦੁਖਾਂਤ ਵਾਪਰਿਆ ਹੈ, ਉਹ ਨਹੀਂ ਸੀ ਵਾਪਰਨਾ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਨੂੰ ਰੱਦ ਕਰਨ ਬਾਰੇ ਪੁੱਛੇ ਪ੍ਰਤੀਕਰਮ ਤੇ ਭਾਈ ਪੰਥਪ੍ਰੀਤ ਸਿੰਘ ਦਾ ਕਹਿਣਾ ਸੀ, ਕਿ ਮੁਆਫ ਕਰਨ ਵਾਲਾ ਪੱਤਰ ਹੁਕਮਨਾਮਾ ਨਾ ਹੋ ਕੇ ਰਾਜਸੀ ਲੀਡਰਾਂ ਵੱਲੋਂ ਜਾਰੀ ਕਰਵਾਇਆ ਸਿਆਸੀਨਾਮਾ ਸੀ, ਜਦ ਕਿ ਹਾਲੀਆ ਫੈਸਲਾ ਪੰਥਕ ਜਿੱਤ ਹੈ। ਉਹਨਾਂ ਇਹ ਵੀ ਦੱਸਿਆ ਕਿ ਗੋਲੀ ਕਾਂਡ ਵਿੱਚ ਸਹੀਦ ਹੋਏ ਦੋਵਾਂ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਥਕ ਦਸਵੰਧ ਵਿੱਚੋਂ ਆਰਥਿਕ ਮੱਦਦ ਮੁਹੱਈਆ ਕਰਵਾਈ ਜਾਵੇਗੀ।