ਭਾਈ ਸੁਰਿੰਦਰਪਾਲ ਸਿੰਘ ਠਰੂਆ

ਆਮ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਦੂਰ-ਅੰਦੇਸ਼ ਆਗੂ ਸਨ: ਫੈਡਰੇਸ਼ਨ

By ਸਿੱਖ ਸਿਆਸਤ ਬਿਊਰੋ

August 18, 2010

ਪਟਿਆਲਾ (18 ਅਗਸਤ, 2010) ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਜੁਝਾਰੂ ਲਹਿਰ ਦੇ ਸਰਗਰਮ ਆਗੂ ਰਹੇ ਭਾਈ ਸੁਰਿੰਦਰਪਾਲ ਸਿੰਘ ਠਰੂਆ ਬੀਤੇ ਦਿਨ ਅਕਾਲ ਚਲਾਣਾ ਕਰ ਗਏ। ਉਸ 48 ਵਰ੍ਹਿਆਂ ਦੇ ਸਨ ਅਤੇ ਪਿਛਲੇ ਤਕਰੀਬਨ ਦੋ ਸਾਲ ਤੋਂ ਬਿਮਾਰ ਸਨ।ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਉਨ੍ਹਾਂ ਦੇ ਸਦੀਵੀ ਵਿਝੋੜੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ. ਪਰਮਜੀਤ ਸਿੰਘ ਗਾਜ਼ੀ ਅਤੇ ਮੀਤ ਪ੍ਰਧਾਨ ਸ. ਮੱਖਣ ਸਿੰਘ ਗੰਢੂਆਂ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਭਾਈ ਸੁਰਿੰਦਰਪਾਲ ਸਿੰਘ ਇੱਕ ਦੂਰ-ਅੰਦੇਸ਼, ਸੰਘਰਸ਼ਸ਼ੀਲ ਅਤੇ ਚੜ੍ਹਦੀਕਲਾ ਵਿਚ ਰਹਿਣ ਵਾਲੇ ਆਗੂ ਸਨ ਜਿਨ੍ਹਾਂ ਦਾ ਵਿਝੋੜਾ ਪੰਥ ਅਤੇ ਸਿੱਖ ਸੰਘਰਸ਼ ਲਈ ਵੱਡਾ ਘਾਟਾ ਹੈ।

ਭਾਈ ਸੁਰਿੰਦਰਪਾਲ ਸਿੰਘ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਦੇ ਕਰੀਬੀ ਸਾਥੀ ਤੇ ਰਿਸ਼ਤੇਦਾਰ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੁੱਖ ਆਗੂ ਵੀ ਸਨ। ਸੰਨ 1984 ਤੋਂ ਬਾਅਦ ਚੱਲੇ ਸਿੱਖ ਸੰਘਰਸ਼ ਦੌਰਾਨ ਨੌ ਵਰ੍ਹੇ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ, ਜਿਸ ਦੌਰਾਨ ਉਨ੍ਹਾਂ ਨੂੰ ਭਾਰੀ ਸਰੀਰਕ ਅਤੇ ਮਾਨਸਿਕ ਤਸ਼ੱਦਦ ਝੱਲਣਾ ਪਿਆ ਸੀ। ਫੈਡਰੇਸ਼ਨ ਆਗੂਆਂ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ‘ਜਿੱਥੇ ਜੇਲ੍ਹ ਦੀਆਂ ਕੰਧਾਂ ਮਨੁੱਖ ਦੀ ਸੋਚ ਦੇ ਦਾਇਰੇ ਨੂੰ ਸੀਮਤ ਕਰ ਦਿੰਦੀਆਂ ਹਨ, ਓਥੇ ਭਾਈ ਸੁਰਿੰਦਰਪਾਲ ਸਿੰਘ ਇਸ ਦੌਰ ਵਿੱਚੋਂ ਗੁਰੂ ਆਸਰੇ ਪੂਰੀ ਚੜ੍ਹਦੀਕਲਾ ਨਾਲ ਨਿਕਲੇ ਅਤੇ 1999 ਵਿੱਚ ਹੋਈ ਰਿਹਾਈ ਤੋਂ ਬਾਅਦ ਮੁੜ ਪੰਥਕ ਪਿੜ ਵਿੱਚ ਸਰਗਰਮ ਹੋ ਗਏ’।

ਸਿੱਖ ਸ਼ਹਾਦਤ ਰਸਾਲਾ ਸ਼ੁਰੂ ਕਰਨ, ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪਨਰ-ਗਠਤ ਕਰਕੇ ਇਸ ਦੀ ਅਗਵਾਈ ਵਿਦਿਆਰਥੀਆਂ ਨੂੰ ਸੌਂਪਣ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਰੱਦ ਕਰਨ ਲਈ ਪੰਥਕ ਤੌਰ ਉੱਤੇ ਲਾਮ-ਬੰਦੀ ਕਰਨ ਅਤੇ ਸਿੱਖ ਸਿਆਸਤ ਵਿੱਚ ਭਾਈ ਸੁਰਿੰਦਰਪਾਲ ਸਿੰਘ ਦੀ ਸਰਗਰਮ ਭੂਮਿਕਾ ਰਹੀ।

ਭਾਈ ਸੁਰੰਿਦਰਪਾਲ ਸਿੰਘ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਤਿਮ ਅਰਦਾਸ ਦਾ ਸਮਾਗਮ 22 ਅਗਸਤ ਨੂੰ ਐਤਵਾਰ ਵਾਲੇ ਦਿਨ ਪਟਿਆਲਾ ਵਿਖੇ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: