ਸਿੱਖ ਖਬਰਾਂ

ਸੰਗਰੂਰ ਵਿਖੇ “ਭਾਈ ਕਾਨ੍ਹ ਸਿੰਘ ਨਾਭਾ ਕਿਤਾਬਘਰ” ਦੀ ਸ਼ੁਰੂਆਤ ਕੀਤੀ

By ਸਿੱਖ ਸਿਆਸਤ ਬਿਊਰੋ

July 16, 2022

ਚੰਡੀਗੜ੍ਹ –  ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਧੂਰੀ ਗੇਟ ਸੰਗਰੂਰ ਵਿਖੇ ਅੱਜ ‘ਭਾਈ ਕਾਨ੍ਹ ਸਿੰਘ ਨਾਭਾ ਕਿਤਾਬਘਰ’ ਦੀ ਸ਼ੁਰੂਆਤ ਲਈ ਸੰਗਤੀ ਰੂਪ ਵਿੱਚ ਗੁਰੂ ਪਾਤਿਸਾਹ ਨੂੰ ਅਰਦਾਸ ਬੇਨਤੀ ਕੀਤੀ ਗਈ। ਇਹ ਕਿਤਾਬਘਰ ਸਿੱਖ ਜਥਾ ਮਾਲਵਾ ਦੇ ਉੱਦਮ ਅਤੇ ਪ੍ਰਬੰਧਕੀ ਜਥਾ (ਗੁਃ ਸ੍ਰੀ ਗੁਰੂ ਸਿੰਘ ਸਭਾ, ਸੰਗਰੂਰ) ਅਤੇ ਸੰਗਤ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਇਸ ਕਿਤਾਬਘਰ ਵਿੱਚ ਸੰਗਤ ਕਿਤਾਬਾਂ ਪੜ੍ਹ ਸਕਦੀ ਹੈ ਅਤੇ ਪੜ੍ਹਨ ਲਈ ਘਰ ਵੀ ਲੈ ਕੇ ਜਾ ਸਕਦੀ ਹੈ।

ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਕੀਤੀ, ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਸਿੱਖ ਜਥਾ ਮਾਲਵਾ ਦੇ ਭਾਈ ਮਲਕੀਤ ਸਿੰਘ ਨੇ ਸੰਗਤਾਂ ਨਾਲ ਕਿਤਾਬਘਰ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਬੋਲਦਿਆਂ ਦੱਸਿਆ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਅੰਦਰ ਜੋ ਗੁਰਦੁਆਰਾ ਸਾਹਿਬ ਬਾਬਤ ਲਿਖਿਆ ਹੈ, ਸਾਡੀ ਸਭ ਦੀ ਜਿੰਮੇਵਾਰੀ ਹੈ ਕਿ ਆਪੋ ਆਪਣੇ ਨੇੜੇ ਦੇ ਗੁਰਦੁਆਰਾ ਪ੍ਰਬੰਧ ਵਿੱਚ ਲੋੜੀਂਦੇ ਯਤਨ ਕਰਨੇ ਚਾਹੀਦੇ ਹਨ ਅਤੇ ਸਿੱਖ ਜਥਾ ਮਾਲਵਾ ਅਗਲੇ ਉਪਰਾਲੇ ਵਜੋਂ ਇਸ ਅਸਥਾਨ ’ਤੇ ਸੰਗਤ ਦੀ ਸਿਹਤ ਸਹੂਲਤ ਦੇ ਪ੍ਰਬੰਧ ਲਈ ਵੀ ਯਤਨਸ਼ੀਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੇ ਧਾਰਮਿਕ, ਸਮਾਜਿਕ ਅਤੇ ਰਾਜਸੀ ਫੈਸਲੇ ਆਪਣੀ ਪੰਥਕ ਰਵਾਇਤ ਅਨੁਸਾਰ ਕਰਨੇ ਚਾਹੀਦੇ ਹਨ ਅਤੇ ਸਮੇਂ ਦੀ ਲੋੜ ਅਨੁਸਾਰ ਆਪਣੇ ਇਤਿਹਾਸ ਤੋਂ ਸੇਧ ਲੈਂਦਿਆਂ ਜਥੇਬੰਦ ਹੋਣ ਦੀ ਪੰਥਕ ਜੁਗਤ ਦੇ ਰਾਹ ਪੈਣਾ ਚਾਹੀਦਾ ਹੈ। ਭਾਈ ਇੰਦਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਕਿਤਾਬਘਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਸ. ਭੁਪਿੰਦਰ ਸਿੰਘ ਗਰੇਵਾਲ ਨੇ ਸਟੇਜ ਦੀ ਜਿੰਮੇਵਾਰੀ ਨਿਭਾਈ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ। ਸਿੱਖ ਜਥਾ ਮਾਲਵਾ ਨੇ ਗੁਰਦੁਆਰਾ ਪ੍ਰਬੰਧਕੀ ਜਥੇ ਦਾ ਸਨਮਾਨ ਕੀਤਾ।

ਇਸ ਮੌਕੇ ਭਾਈ ਹਰਨੇਕ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਭਾਈ ਸਤਪਾਲ ਸਿੰਘ ਮੁੱਖ ਸੇਵਾਦਾਰ, ਮਾਸਟਰ ਜਰਨੈਲ ਸਿੰਘ ਖਜਾਨਚੀ, ਭਾਈ ਗੁਰਜੀਤ ਸਿੰਘ, ਭਾਈ ਪਰਵਿੰਦਰ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ ਦਮਦਮੀ, ਭਾਈ ਅਜੀਤਪਾਲ ਸਿੰਘ, ਭਾਈ ਇੰਦਰਪਾਲ ਸਿੰਘ, ਮੋਹਿਤ ਸਿੰਘ, ਭਾਈ ਬਲਵਿੰਦਰ ਸਿੰਘ ਘਰਾਚੋਂ ਅਤੇ ਹੋਰ ਸਿੱਖ ਸੰਗਤ ਹਾਜਰ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: