ਨਵੀਂ ਦਿੱਲੀ (29 ਜੁਲਾਈ, 2013): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ-ਸੁਪਤਨੀ ਸਵਰਗੀ ਸ਼ ਸੇਵਾ ਸਿੰਘ ਦੇ 27 ਜੁਲਾਈ ਨੂੰ ਚਲਾਣਾ ਕਰ ਜਾਣ ਦੀ ਦੁਖ ਭਰੀ ਖਬਰ ਪ੍ਰਾਪਤ ਹੋਈ ਹੈ। ਬੀਬੀ ਭਗਵਾਨੀ 29 ਸਾਲਾਂ ਤਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਆਪਣੇ ਪਰਵਾਰਕ ਜੀਆਂ ਲਈ ਇਨਸਾਫ ਦੀ ਲੜਾਈ ਲੜਦੀ ਰਹੀ ਅਤੇ ਉਡੀਕ ਕਰਦੀ ਰਹੀ ਕਿ ਕਦੀ ਤਾਂ ਭਾਰਤੀ ਅਦਾਲਤਾਂ ਸੱਚ ਦੀ ਹਾਮੀ ਭਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣਗੀਆਂ; ਪਰ ਅੰਤ ਬੀਬੀ ਭਗਵਾਨੀ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਇਸ ਦੀ ਉਡੀਕ ਵਿਚ ਹੀ ਸੰਸਾਰ ਤੋਂ ਚਲਾਣਾ ਕਰ ਗਈ।
ਸੱਜਣ ਕੁਮਾਰ ਦੇ ਖਿਲਾਫ ਮੁੱਖ ਗਵਾਹਾਂ ਵਿਚੋ ਇਕ ਬੀਬੀ ਨਿਰਪ੍ਰੀਤ ਕੌਰ ਨੇ ਭਰੇ ਮਨ ਨਾਲ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਬੀਬੀ ਭਗਵਾਨੀ ਕੌਰ ਜੋ ਸੁਲਤਾਨ ਪੁਰੀ ਵਿਖੇ ਰਹਿੰਦੇ ਸਨ, ਦੀਆਂ ਅੱਖਾਂ ਦੇ ਸਾਹਮਣੇ ਹੀ ਸੱਜਣ ਕੁਮਾਰ ਦੇ ਕਹਿਣ ਤੇ ਉਨ੍ਹਾਂ ਦੇ ਦੋ ਬੇਟੇ ਸ. ਹੋਸ਼ਿਆਰ ਸਿੰਘ (21 ਸਾਲ) ਅਤੇ ਸ ਮੋਹਨ ਸਿੰਘ (18 ਸਾਲ) ਅਤੇ ਘਰ ਨੂੰ ਅੱਗ ਲਗਾ ਕੇ ਜਿਉਂਦਿਆਂ ਹੀ ਸਾੜ ਦਿੱਤਾ ਗਿਆ ਸੀ ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਬੀ ਨਿਰਪ੍ਰੀਤ ਕੌਰ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਕਰ ਸਰਕਾਰ ਨੇ 10 ਅਗਸਤ ਤਕ ਸੱਜਣ ਕੁਮਾਰ ਦੇ ਖਿਲਾਫ ਸੁਲਤਾਨਪੁਰੀ ਕੇਸ ਦੀ ਐਫ. ਆਈ. ਆਰ ਫਾਈਲ ਨਹੀ ਕੀਤੀ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਮੁੜ ਤੋ ਸੰਘਰਸ਼ ਸ਼ੁਰੂ ਕਰ ਦੇਣਗੇ । ਉਨ੍ਹਾਂ ਸਿੱਖ ਸੰਗਤਾਂ ਤੋਂ ਇਸ ਸੰਭਾਵੀ ਸੰਘਰਸ਼ ਵਿਚ ਸਹਿਯੋਗ ਦੀ ਮੰਗ ਕੀਤੀ ਹੈ।