ਲੁਧਿਆਣਾ(30 ਮਾਰਚ, 2015): ਦਿੱਲੀ ਸਿੱਖ ਕਤਲੇਆਮ ਦੀਆਂ ਪੀੜਤਾਂ ਬੀਬੀਆਂ ਵੱਲੋਂ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਪੀੜਤਾਂ ਨੂੰ ਰਾਹਤ ਸਹਾਇਤਾ ਦੇਣ ਦੇ ਕੀਤੇ ਐਲਾਨ ਨੂੰ ਲਾਗੂ ਨਾ ਕਰਨ ਖਿਲਾਫ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਵੱਲੋਂ ਬਾਦਲ ਸਰਕਾਰ ਖਿਲਾਫ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ ਹੈ।
1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰ ਮੁਹੰਮਦ) ਵੱਲੋਂ ’84 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ 2 ਅਪ੍ਰੈਲ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਨਿਵਾਸ ਅਸਥਾਨ ਤੱਕ ਇਨਸਾਫ਼ ਮਾਰਚ ਕਰਕੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ 6 ਵਿਧਵਾਵਾਂ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ।
ਇਸ ਸਬੰਧੀ ਅੱਜ ਸੁਸਾਇਟੀ ਦੀ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੁੱਗਰੀ ਨੇ ਦੋ ਦਰਜਨ ਤੋਂ ਵੱਧ ਵਿਧਵਾ ਔਰਤਾਂ ਸਮੇਤ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਪੰਜਾਬ ਦੀ ਪੰਥਕ ਸਰਕਾਰ ਵੱਲੋਂ ਕਤਲੇਆਮ ਪੀੜਤ ਪਰਿਵਾਰਾਂ ਨੂੰ ਸਹਾਇਤਾ ਦੇਣ ਲਈ ਕੀਤੇ ਗਏ ਫੈਸਲੇ ਅਫ਼ਸਰਸ਼ਾਹੀ ਵੱਲੋਂ ਲਾਗੂ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਪੀੜਤ ਪਰਿਵਾਰ ਮੁਸ਼ਕਿਲ ਭਰੇ ਦੌਰ ਵਿਚੋਂ ਗੁਜ਼ਰ ਰਹੇ ਹਨ ।
ਬੀਬੀ ਗੁਰਦੀਪ ਕੌਰ ਨੇ ਦੱਸਿਆ ਕਿ ਬਾਦਲ ਦਲ ਨੇ ’84 ਕਤਲੇਆਮ ਨੂੰ ਮੁੱਦਾ ਬਣਾ ਕੇ ਪੰਜਾਬ ਵਿਚ ਚਾਰ ਵਾਰ ਪੰਥਕ ਸਰਕਾਰ ਦਾ ਗਠਨ ਕੀਤਾ ਹੈ, ਪਰ 30 ਹਜ਼ਾਰ ਪਰਿਵਾਰਾਂ ‘ਚੋਂ ਸਿਰਫ਼ 1700 ਪਰਿਵਾਰਾਂ ਨੂੰ ਹੀ ਰਾਹਤ ਦਿੱਤੀ ਗਈ ਹੈ, ਜਦ ਕਿ ਬਾਕੀ ਰਹਿੰਦੇ ਪਰਿਵਾਰ 30 ਸਾਲਾ ਤੋਂ ਸਰਕਾਰ ਦਾ ਮੂੰਹ ਦੇਖ ਰਹੇ ਹਨ ।
ਉਨ੍ਹਾਂ ਕਿਹਾ ਕਿ ਪਹਿਲੇ ਜੱਥੇ ਵਿਚ ਉਨ੍ਹਾਂ ਤੋਂ ਇਲਾਵਾ ਜੀਵਨ ਪਾਰਕ ਦਿੱਲੀ ਦੀ ਸਵਰਨ ਕੌਰ, ਬੀਬੀ ਭੁਪਿੰਦਰ ਕੌਰ, ਕਾਹਨਪੁਰ ਤੋਂ ਬੀਬੀ ਗੁਰਮੇਲ ਕੌਰ, ਦਿੱਲੀ ਤੋਂ ਬੀਬੀ ਰਣਜੀਤ ਕੌਰ ਅਤੇ ਕਲਕੱਤਾ ਤੋਂ ਬੀਬੀ ਗੁਰਦੇਵ ਕੌਰ ਵੀ ਮਰਨ ਵਰਤ ‘ਤੇ ਬੈਠਣਗੀਆਂ ।
ਉਨ੍ਹਾਂ ਤੋਂ ਬਾਅਦ ਬੀਬੀ ਹਰਬੰਸ ਕੌਰ ਦੀ ਅਗਵਾਈ ਹੇਠ ਬੀਬੀਆਂ ਦਾ ਜੱਥਾ ਮਰਨ ਵਰਤ ‘ਤੇ ਬੈਠੇਗਾ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ, ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ, ਅਮਰੀਕ ਸਿੰਘ ਅਬੋਹਰ ਅਤੇ ਮਨਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ ।