ਨਵੀਂ ਦਿੱਲੀ (17 ਜੁਲਾਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਕੇਸ ਦੀ ਸੁਣਵਾਈ ਕਰ ਰਹੀ ਦਿੱਲੀ ਦੇ ਇੱਕ ਅਦਾਲਤ ਨੇ ਪੀੜਤ ਪੱਖ ਦੇ ਗਵਾਹਾਂ ਦੀ ਗਵਾਹੀ ਦਰਜ਼ ਕਰਨ ਲਈ 5 ਅਗਸਤ ਦੀ ਤਰੀਕ ਨਿਸ਼ਚਿਤ ਕੀਤੀ ਹੈ।
ਇਸ ਕੇਸ ਵਿੱਚ ਸਿੱਖ ਨਸਲਕੁਸ਼ੀ ਦੇ ਮੱਖ ਦੋਸ਼ੀ ਮੰਨੇ ਜਾਂਦੇ ਜਗਦੀਸ਼ ਟਾਇਟਲਰ, ਬ੍ਰਹਮਾਨੰਦ ਗੁਪਤਾ ਅਤੇ ਵੇਦ ਪ੍ਰਕਾਸ਼ ਖਿਲਾਫ ਪੱਛਮੀ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਸੁਰਜੀਤ ਸਿੰਘ ਨੂੰ ਕਤਲ ਕਰਨ ਅਤੇ ਦੋ ਭਾਈਚਾਰਿਆਂ ਵਿੱਚ ਦੁਸ਼ਮਣੀ ਫੈਲਾਉਣ ਦਾ ਦੋਸ਼ ਹੈ।
ਜ਼ਿਲ੍ਹਾ ਜੱਜ ਕਮਲੇਸ਼ ਕੁਮਾਰ ਜਿਨ੍ਹਾਂ ਹਾਲ ਹੀ ਵਿਚ ਅਦਾਲਤ ਦਾ ਕਾਰਜਭਾਰ ਸੰਭਾਲਿਆ ਹੈ, ਨੇ ਬਿਆਨ ਦਰਜ ਕਰਨ ਲਈ 5 ਅਗਸਤ ਦੀ ਤਾਰੀਖ ਨਿਸਚਿਤ ਕੀਤੀ ਹੈ। ਇਸੇ ਦੌਰਾਨ ਸੀ. ਬੀ. ਆਈ. ਨੇ ਮਾਮਲੇ ਵਿਚ ਇਕ ਦੋਸ਼ੀ ਦੀ ਮੌਤ ਦੇ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਇਸ ਬਾਰੇ ਅਦਾਲਤ ਨੂੰ ਦੱਸ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 17 ਮਈ ਜਾਂਚ ਏਜੰਸੀ ਨੂੰ ਦੋਸ਼ੀ ਪੀਰੀਯਾ ਦੀ ਮੌਤ ਦੀ ਸੱਚਾਈ ਜਾਣਨ ਦੀ ਹਦਾਇਤ ਕੀਤੀ ਸੀ ।
ਜ਼ਿਕਰਯੋਗ ਹੈ ਕਿ ਨਵੰਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭਾਰਤ ਦੀ ਕੇਂਦਰੀ ਸੱਤਾ ‘ਤੇ ਬਿਰਾਜ਼ਮਾਨ ਰਾਜਸੀ ਆਗੂਆਂ ਦੇ ਇਸ਼ਾਰੇ ‘ਤੇ ਸਰਕਾਰੀ ਤੰਤਰ ਦੀ ਮੱਦਦ ਨਾਲ ਸਿੱਖਾਂ ਦੀ ਯੋਜਨਾਬੱਧ ਤਰੀਕੇ ਨਾਲ ਨਸਲਕੁਸ਼ੀ ਕੀਤੀ ਗਈ ਸੀ।ਲਗਾਤਾਰ ਦਿਨ-ਦਿਹਾੜੇ ਚੱਲੀ ਇਸ ਨਸਲਕੁਸ਼ੀ ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕਾਨੂੰਨ ਮੂਕ ਦਰਸ਼ਕ ਬਣਿਆ ਸਭ ਕੁਝ ਵੇਖ ਰਿਹਾ ਸੀ।