ਨਵੀਂ ਦਿੱਲੀ (2 ਫਰਵਰੀ, 2016): ਦਿੱਲ਼ੀ ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਖਿਲਾਫ ਕੇਸ ਵਿੱਚ ਚੱਲ ਰਹੀ ਜਾਂਚ ਦੇ ਮਾਮਲੇ ‘ਤੇ ਅਦਾਲਤ ਨੇ ਸੀਬੀਆਈ ਦੀ ਕਾਰਵਾਈ ‘ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਸੀਬੀਆਈ ਦੇ ਐੱਸਪੀ ਨੂੰ ਤਲਬ ਕੀਤਾ ਹੈ।
ਜਗਦੀਸ਼ ਟਾਇਟਲਰ ਖਿਲਾਫ ਸੀ. ਬੀ. ਆਈ. ਜਾਂਚ ਦੀ ਸਥਿਤੀ ਰਿਪੋਰਟ ਹਾਲੇ ਤੱਕ ਅਦਾਲਤ ਦਾਖਲ ਨਾ ਕਰਨ ‘ਤੇ ਸਖਤ ਹੁੰਦਿਆਂ ਦਿੱਲੀ ਦੀ ਇੱਕ ਅਦਾਲਤ ਨੇ ਇਸ ਸਬੰਧ ਵਿਚ ਸੀ. ਬੀ. ਆਈ. ਦੇ ਅਧਿਕਾਰੀ ਨੂੰ ਅਦਾਲਤ ਵਿਚ ਪੇਸ਼ ਹੋ ਕੇ ਇਸ ਸਬੰਧੀ ਸਥਿਤੀ ਸਪਸ਼ਟ ਕਰਨ ਦੇ ਆਦੇਸ਼ ਦਿੱਤੇ ਹਨ ।
ਵਧੀਕ ਚੀਫ ਮੈਟਰੋਪੋਲਿਟਨ ਮੈਜਿਸਟ੍ਰੇਟ ਐਸ ਪੀ ਐਸ ਲਾਲੇਰ ਨੇ ਅੱਜ ਮਾਮਲੇ ਦੀ ਸੁਣਾਵਾਈ ਦੌਰਾਨ ਇਸ ਗੱਲ ‘ਤੇ ਨਰਾਜ਼ ਹੁੰਦਿਆਂ ਕਿ ਨਾ ਤਾਂ ਜਾਂਚ ਅਧਿਕਾਰੀ ਨੇ ਟਾਇਟਲਰ ਖਿਲਾਫ ਜਾਂਚ ਦੀ ਸਥਿਤੀ ਰਿਪੋਰਟ ਹੀ ਅਦਾਲਤ ਵਿਚ ਪੇਸ਼ ਕੀਤੀ ਹੈ ਅਤੇ ਨਾ ਹੀ ਜਾਂਚ ਅਧਿਕਾਰੀ ਖੁਦ ਅਦਾਲਤ ‘ਚ ਪੇਸ਼ ਹੋਇਆ ਹੈ ।
ਅਦਾਲਤ ਨੇ ਜਾਂਚ ਅਧਿਕਾਰੀ ਸੀ. ਬੀ. ਆਈ. ਦੇ ਐਸ. ਪੀ. ਨੂੰ ਆਦੇਸ਼ ਦਿੱਤਾ ਹੈ ਕਿ 22 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋ ਕੇ ਰਿਪੋਰਟ ਪੇਸ਼ ਨਾ ਕਰਨ ਬਾਰੇ ਸਥਿਤੀ ਸਪਸ਼ਟ ਕਰੇ ।
ਜ਼ਿਕਰਯੋਗ ਹੈ ਕਿ ਅਦਾਲਤ ਨੇ 4 ਦਸੰਬਰ 2015 ਨੂੰ ਸੀ. ਬੀ. ਆਈ. ਆਦੇਸ਼ ਦਿੱਤਾ ਸੀ ਕਿ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਅੱਗੇ ਜਾਂਚ ਕੀਤੀ ਜਾਵੇ ।ਉਸੇ ਦਿਨ ਅਦਾਲਤ ਨੇ ਕਿਹਾ ਸੀ ਕਿ ਸੀ. ਬੀ. ਆਈ. ਇਸ ਮਾਮਲੇ ਵਿਚ ਕਈ ਵਾਰ ਕਲੋਜ਼ਰ ਰਿਪੋਰਟ ਪੇਸ਼ ਕਰ ਚੁੱਕੀ ਹੈ, ਹੁਣ ਅਦਾਲਤ ਹਰ ਦੋ ਮਹੀਨੇ ਬਾਅ ਖੁਦ ਜਾਂਚ ਦੀ ਨਿਗਰਾਨੀ ਕਰਨਾ ਚਾਹੁੰਦੀ ਹੈ ਤਾਂ ਕਿ ਕੋਈ ਵੀ ਤੱਥ ਜਾਂਚ ਤੋਂ ਵਿਹੂਣਾ ਨਾ ਰਹਿ ਸਕੇ ।
ਅੱਜ ਜਦੋਂ ਅਦਾਲਤ ਨੇ ਸੁਣਵਾਈ ਦੌਰਾਨ ਜਾਂਚ ਦੀ ਸਥਿਤੀ ਰਿਪੋਰਟ ਮੰਗੀ ਤਾਂ ਪਤਾ ਲੱਗਾ ਕਿ ਜਾਂਚ ਅਧਿਕਾਰੀ ਅਦਾਲਤ ਵਿਚ ਮੌਜੂਦ ਨਹੀਂ ਹੈ ।ਪੀੜ੍ਹਤਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਇਸ ਨੂੰ ਅਦਾਲਤ ਦੇ ਹੁਕਮਾਂ ਉਲੰਘਣਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਜਾਂਚ ਅਧਿਕਾਰੀ ਨੂੰ ਤਲਬ ਕੀਤਾ ਜਾਵੇ । ਅਦਾਲਤ ਨੇ ਸੀਬੀਆਈ ਦੇ ਐਸਪੀ ਨੂੰ ਹੁਕਮ ਦਿੱਤਾ ਕਿ ਉਹ 22 ਫਰਵਰੀ ਨੂੰ ਹਾਜ਼ਰ ਹੋਵੇ ਅਤੇ ਜਾਂਚ ਦੀ ਪ੍ਰਗਤੀ ਰਿਪੋਰਟ ਪੇਸ਼ ਨਾ ਕਰਨ ਬਾਰੇ ਸਪਸ਼ਟੀਕਰਨ ਦੇਵੇ।