ਨਵੀਂ ਦਿੱਲੀ (22 ਫਰਵਰੀ, 2016): 1984 ਦੇ ਦਿੱਲੀ ਦੇ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਖਿਲਾਫ ਚੱਲ ਰਹੀ ਸੀਬੀਆਈ ਜਾਂਚ ਦੀ ਰਿਪੋਰਟ ਅੱਜ ਦਿੱਲੀ ਅਦਾਲਤ ਨੂੰ ਸੌਪੀ ਗਈ।
ਸੀਬੀਅਾਈ ਦੇ ਐਸਪੀ ਅਨੁਰਾਗ ਸਿੰਘ ਨੇ ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਸ਼ਿਵਾਲੀ ਸ਼ਰਮਾ ਮੂਹਰੇ ਇਹ ਰਿਪੋਰਟ ਪੇਸ਼ ਕੀਤੀ। ਅਦਾਲਤ ਵੱਲੋਂ ਜਾਂਚ ਮੁਕੰਮਲ ਹੋਣ ਦੇ ਸਮੇਂ ਬਾਰੇ ਪੁੱਛੇ ਜਾਣ ’ਤੇ ਸੀਬੀਆਈ ਨੇ ਦੋ ਮਹੀਨਿਆਂ ਦੀ ਮੰਗ ਕੀਤੀ।
ਅਦਾਲਤ ਨੇ 27 ਅਪਰੈਲ ’ਤੇ ਸੁਣਵਾਈ ਪਾਉਂਦਿਆਂ ਸੀਬੀਆਈ ਨੂੰ ਉਸ ਦਿਨ ਵਿਸਥਾਰਤ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਪੀੜਤਾਂ ਵੱਲੋਂ ਅਦਲਾਤ ਵਿੱਚ ਲੰਬੇ ਸਮੇਂ ਤੋਂ ਸਿੱਖ ਕਤਲੇਆਮ ਦੇ ਕੇਸਾਂ ਦੀ ਪੈਰਵੀ ਕਰ ਰਹੇ ਸੀਨਅਰ ਵਕੀਲ਼ ਹਰਿੰਦਰ ਸਿੰਘ ਫੂਲਕਾ ਹਾਜ਼ਰ ਹੋਏ। ਸੁਣਵਾਈ ਦੌਰਾਨ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਰਿਪੋਰਟ ਦੀ ਕਾਪੀ ਮੰਗੀ ਜਿਸ ’ਤੇ ਅਦਾਲਤ ਨੇ ਇਹ ਮੰਗ ਠੁਕਰਾ ਦਿੱਤੀ।