ਦਸਤਾਵੇਜ਼

ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ) ਕਿਤਾਬ ਦੀ ਭੂਮਿਕਾ

By ਸਿੱਖ ਸਿਆਸਤ ਬਿਊਰੋ

November 01, 2022

੧.੦.    ਹਾਰੇ ਹੋਏ ਸਮਾਜਾਂ ਜਾਂ ਮਹਿਕੂਮ ਸਭਿਆਚਾਰਾਂ ਨਾਲ ਨਸਲਕੁਸ਼ੀ, ਘੱਲੂਘਾਰੇ ਅਤੇ ਸਾਕੇ ਵਾਪਰਨ ਦਾ ਵਰਤਾਰਾ ਸੰਸਾਰ-ਵਿਆਪੀ ਅਤੇ ਕਾਲ-ਵਿਆਪੀ ਹੈ ਪਰ ਸੱਤਾਧਾਰੀ ਅਤੇ ਹਾਕਮ ਕੌਮਾਂ ਅਤੇ ਸਭਿਆਚਾਰਾਂ ਨਾਲ ਅਜਿਹੇ ਵਰਤਾਰੇ ਵਾਪਰਨ ਦੀ ਇਤਿਹਾਸ ਵਿਚ ਅਣਹੋਂਦ ਹੀ ਰਹੀ ਹੈ। ਇਸ ਲਈ ਅਜਿਹੇ ਵਰਤਾਰਿਆਂ ਤੋਂ ਸਿੱਖਣ ਦੀ ਵਧੇਰੇ ਲੋੜ ਮਹਿਕੂਮ ਸਭਿਆਚਾਰਾਂ ਦੀ ਹੀ ਹੈ। ਨਸਲਕੁਸ਼ੀ ਜਾਂ ਘੱਲੂਘਾਰਿਆਂ ਬਾਬਤ ਸਮਝ ਬਣਾਉਣੀ ਕੇਵਲ ਉਸ ਕੌਮ ਜਾਂ ਸਭਿਆਚਾਰ ਦੀ ਹੀ ਲੋੜ ਨਹੀਂ ਹੁੰਦੀ ਜਿਸ ਨਾਲ ਇਹ ਵਾਪਰਿਆ ਹੁੰਦਾ ਹੈ ਬਲਕਿ ਉਸ ਵਰਗੀ ਹਾਲਤ ਵਿਚ ਜਿਉਂ ਰਹੇ ਤਮਾਮ ਸਭਿਆਚਾਰਾਂ ਲਈ ਵੀ ਓਨਾ ਹੀ ਜਰੂਰੀ ਹੁੰਦੀ ਹੈ ਕਿਉਂਕਿ ਇਹ ਪ੍ਰਤੱਖ ਹੈ ਕਿ ਹਕੂਮਤਾਂ, ਤਾਕਤਾਂ ਦਮਨ ਅਤੇ ਜਬਰ ਦੇ ਰੂਪਾਂ ਨੂੰ ਲਗਾਤਾਰ ਨਵਿਆਈ ਜਾ ਰਹੀਆਂ ਹਨ ਅਤੇ ਸੂਖਮ ਤੋਂ ਸੂਖਮ ਬਣਾਈ ਜਾ ਰਹੀਆਂ ਹਨ। ਇਸੇ ਕਰਕੇ ਜਿਸ ਮਹਿਕੂਮ ਜਾਂ ਕਮਜੋਰ ਸਭਿਆਚਾਰ ਕੌਮ ਨਾਲ ਇਹ ਵਰਤਾਰਾ ਪਹਿਲੀ ਵਾਰੀ ਵਾਪਰਦਾ ਹੈ ਉਸ ਨੂੰ ਇਸ ਦੀ ਠੀਕ ਸਮਝ ਨਹੀਂ ਪੈਂਦੀ। ਲਾਜਮੀ ਹੈ ਕਿ ਜਿਉਂ ਜਿਉਂ ਹਕੂਮਤਾਂ, ਤਾਕਤਾਂ, ਸੱਤਾਧਾਰੀ ਧਿਰਾਂ ਜਾਂ ਬਸਤੀਕਾਰ ਧਿਰਾਂ ਆਪਣੀਆਂ ਨੀਤਾਂ ਅਤੇ ਅਮਲ ਦੇ ਸੰਦਾਂ ਦਾ ਵਿਕਾਸ ਤੇ ਬਦਲਾਅ ਕਰੀ ਜਾ ਰਹੀਆਂ ਹਨ ਉਸ ਦੇ ਬਰਾਬਰ ਹੀ ਮਹਿਕੂਮ ਧਿਰਾਂ ਨੂੰ ਵੀ ਠੀਕ ਰੂਪ ਵਿਚ ਵਿਕਸਤ ਹੋਣਾ ਪਵੇਗਾ। ਹਕੂਮਤਾਂ ਦੀਆਂ ਚਾਲਾਂ ਤਰਕੀਬਾਂ ਜੁਗਤਾਂ ਅਤੇ ਉਸ ਦੀ ਤਾਕਤ ਦੇ ਨਾਲ ਨਾਲ ਉਸ ਦੀ ਸਬੰਧਤ ਸਭਿਆਚਾਰ ਪ੍ਰਤੀ ਨੀਤੀ ਨੂੰ ਵੀ ਠੀਕ ਰੂਪ ਵਿਚ ਆਂਕਣਾ ਹੋਵੇਗਾ। ਜੇ ਉਹ ਇਸ ਅਮਲ ਵਿਚ ਨਹੀਂ ਪੈਂਦੇ ਤਾਂ ਮਹਿਕੂਮ ਆਪਣੀ ਪਛਾਣ ਅਤੇ ਵਿਰਾਸਤ ਨੂੰ ਬਚਾਉਣ ਖੁੰਝਣ ਦੇ ਅਮਲ ਵਿਚ ਪੈ ਜਾਣਗੇ ਅਤੇ ਹੌਲੀ ਹੌਲੀ ਉਹ ਜਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਸੇ ਸੱਤਾਧਾਰੀ ਧਿਰ ਦੇ ਸਦਾ ਲਈ ਅਧੀਨ ਹੋ ਜਾਣਗੀਆਂ।

੨.੧. ਕਿਸੇ ਮਹਿਕੂਮ ਸਭਿਆਚਾਰ ਨੂੰ ਤਾਕਤ ਜਾਂ ਸੱਤਾਧਾਰੀ ਧਿਰ ਦੇ ਫੌਜੀ ਧਾੜਵੀ ਅਮਲ ਦੀ ਸਮਝ ਦੇ ਨਾਲ-ਨਾਲ ਸਹੂਲਤਾਂ ਵਜੋਂ ਕੀਤੇ ਜਾ ਰਹੇ ਕਾਰਜਾਂ ‘ਤੇ ਵੀ ਬਰੀਕ ਨਜਰਸਾਨੀ ਕਰਨੀ ਚਾਹੀਦੀ ਹੈ। ਇਹ ਸਰਬ ਪ੍ਰਵਾਨਤ ਹੈ ਕਿ ਦਮਨਕਾਰੀ ਤਾਕਤ ਜਾਂ ਸੱਤਾ ਵੱਲੋਂ ਮਹਿਕੂਮ ਲੋਕਾਂ ਨੂੰ ਦਿੱਤੀ ਕੋਈ ਵੀ ਸਹੂਲਤ ਅਤੇ ਰਿਆਇਤ ਦਮਨ ਤੋਂ ਮੁਕਤ ਨਹੀਂ ਹੁੰਦੀ। ਨਵੰਬਰ ੧੯੮੪ ਸਿੱਖ ਨਸਲਕੁਸ਼ੀ ਵਰਤਾਰੇ ਦੇ ਪ੍ਰਸੰਗ ਦੀ ਸਮਝ ਕਈ ਨੁਕਤੇ ਨਿਖਾਰਦੀ ਹੈ, ਪਹਿਲਾ, ਇਹ ਜੂਨ ੧੯੮੪ ਵਾਂਗ ਫੌਜੀ ਹਮਲਾ ਨਹੀਂ ਸੀ ਸਗੋਂ ਗੈਰਫੌਜੀ ਧਾੜਵੀ ਅਮਲ ਸੀ ਜਿਸ ਦੇ ਪਿੱਛੇ ਹੁਕਮ ਕਰਨ ਵਾਲੀ ਧਿਰ ਉਹੀ ਸੀ ਜੋ ਜੂਨ ੧੯੮੪ ਦੇ ਪਿੱਛੇ ਸੀ। ਦੂਜਾ, ਇਸ ਵਰਤਾਰੇ ਤੋਂ ਬਾਅਦ ਦਾ ਨਿਆਂ ਅਮਲ ਜੋ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਬਸਤੀਕਾਰ ਹਕੂਮਤਾਂ ਆਪਣੇ ਜਨਰਲ ਡਾਇਰ ਅਤੇ ਮਹੰਤ ਨਰਾਇਣ ਦਾਸ ਵਰਗਿਆਂ ਨੂੰ ਬਚਾਉਣ ਲਈ ਕਰਦੀਆਂ ਆਈਆਂ ਹਨ। ਤੀਜਾ, ਪੁਲਸ ਅਤੇ ਸਰਕਾਰੇ ਦਰਬਾਰੇ ਦੇ ਦਫਤਰ ਅਤੇ ਮੁਲਾਜਮ ਬੇਸ਼ਕ ਲੋਕਾਂ ਲਈ ਹੁੰਦੇ ਹਨ ਪਰ ਮਹਿਕੂਮ ਲੋਕਾਂ ਲਈ ਨਹੀਂ ਹੁੰਦੇ। ਚੌਥਾ, ਪੀੜਤ ਧਿਰ ਦੇ ਨੁਕਸਾਨ ਦੀ ਭਰਪਾਈ ਦਾ ਸਰਕਾਰੀ ਅਮਲ ਬੇਹੱਦ ਜਲਾਲਤ ਵਾਲਾ ਅਤੇ ਵਿਤਕਰੇ ਭਰਪੂਰ ਹੁੰਦਾ ਹੈ। ਪੰਜਵਾਂ, ਪੀੜਤ ਪਰਿਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਮਨ ਅਤੇ ਜਲਾਲਤ ਦਾ ਇੱਕ ਹੋਰ ਨਵਾਂ ਅਤੇ ਅਗਲਾ ਰੂਪ ਹੁੰਦੀਆਂ ਹਨ। ਹਥਲੀ ਕਿਤਾਬ ਇਨ੍ਹਾਂ ਨੁਕਤਿਆਂ ਬਾਰੇ ਸਮਝ ਨੂੰ ਸਾਫ ਅਤੇ ਪੁਖਤਾ ਕਰਨ ਵਿਚ ਮਦਾਦੀ ਸਾਬਤ ਹੁੰਦੀ ਹੈ।

ਆਧੁਨਿਕ ਰਾਜ ਪ੍ਰਬੰਧਾਂ ਵਿਚ ਹਕੂਮਤਾਂ ਦੇ ਲੋਕ ਪੱਖੀ ਹੋਣ ਦਾ ਦਾਅਵਾ, ਸੱਤਾਧਾਰੀ ਧਿਰਾਂ ਨੂੰ ਆਪਣੀ ਪਰਜਾ ਮੰਨੇ ਜਾਣ ਵਾਲੇ ਲੋਕਾਂ ਉਪਰ ਜਾਹਰਾ ਤੌਰ ‘ਤੇ ਫੌਜੀ ਅਮਲ ਦੀ ਪ੍ਰਵਾਨਗੀ ਨਹੀਂ ਦਿੰਦਾ ਜਿਵੇਂ ਬਾਹਰੀ ਹਮਲਾਵਰ ਜਾਂ ਹੱਦ ਤੋਂ ਪਾਰਲੇ ਕਿਸੇ ਹੋਰ ਦੁਸ਼ਮਣ ਖਿਲਾਫ ਫੌਜ ਵਰਤਣ ਦੀ ਪ੍ਰਵਾਨਗੀ ਦਿੰਦਾ ਹੈ। ਦੂਜੇ ਪਾਸੇ ਪੱਕੀਆਂ ਹੱਦਾਂ ਵਾਲੇ ਰਾਸ਼ਟਰੀ ਦੇਸਾਂ ਦਰਮਿਆਨ ਵਪਾਰਕ ਅਤੇ ਪੂੰਜੀਵਾਦੀ ਲੋੜਾਂ ਵਧਣ ਕਰ ਕੇ ਬਾਹਰੀ ਲੜਾਈਆਂ ਦੀ ਗੁੰਜਾਇਸ਼ ਘਟਦੀ ਜਾ ਰਹੀ ਹੈ। ਕੁਝ ਚਿੰਤਕ ਇਹ ਮੰਨਦੇ ਹਨ ਕਿ ਭਾਰਤ ਵਰਗੇ ਭੇਖੀ ਲੋਕਤੰਤਰਿਕ ਰਾਸ਼ਟਰਾਂ ਵਿਚ ਫੌਜ ਅੰਦਰਲੇ ਮਹਿਕੂਮ ਵਿਰੋਧਾਂ ਨੂੰ ਦਬਾਉਣ ਲਈ ਹੀ ਵਧੇਰੇ ਵਰਤੀ ਜਾਂਦੀ ਹੈ। (ਅਰੁੰਧਤੀ ਰਾਏ) ਅਜਿਹੇ ਪ੍ਰਸੰਗ ਵਿਚ ਸਰਕਾਰ ਉਨ੍ਹਾਂ ਲੋਕਾਂ ਖਿਲਾਫ ਅਤਿਵਾਦੀ ਹੋਣ ਜਾਂ ਕਿਸੇ ਦੁਸ਼ਮਣ ਦੇਸ਼ ਨਾਲ ਜੁੜ ਕੇ ਸਾਜਿਸ਼ ਕਰਨ ਵਾਲੇ ਹੋਣ ਦੀ ਵਿਆਖਿਆ ਘੜਦੀ ਹੈ। ਫਿਰ ਵੀ ਜੂਨ ੧੯੮੪ ਵਾਂਗ ਪੰਜਾਬ ਤੋਂ ਬਾਹਰ ਪਰ-ਧਰਮੀ ਵਸੋਂ ਵਿਚ ਵਸਦੇ ਸਿੱਖਾਂ ਉਪਰ ਫੌਜ ਨਹੀਂ ਚੜ੍ਹਾਈ ਜਾ ਸਕਦੀ ਸੀ ਕਿਉਂਕਿ ਉਹ ਭਾਰਤੀ ਮੁੱਖਧਾਰਾ ਦੇ ਰਾਸ਼ਟਰੀ ਅਮਲ ਵਿਚ ਕਿਤੇ ਵੀ ਵਿਰੋਧ ਨਹੀਂ ਸਨ ਕਰ ਰਹੇ ਸਗੋਂ ਭਾਰਤ ਦੇ ਬੇਹੱਦ ਗਰੀਬ ਇਲਾਕਿਆਂ ਵਿਚ ਖੇਤੀ, ਉਦਯੋਗ, ਵਪਾਰ ਅਤੇ ਆਵਾਜਾਈ ਪ੍ਰਬੰਧ ਰਾਹੀਂ ਰੁਜਗਾਰ ਦੇ ਰਹੇ ਸਨ। ਭਾਰਤ ਦੇ ਪੈਦਾਵਰੀ ਵਿਕਾਸ (ਜੀਡੀਪੀ) ਵਿਚ ਅਹਿਮ ਹਿੱਸਾ ਪਾ ਰਹੇ ਸਨ। ਭਾਰਤੀ ਸੱਤਾ ਉਨ੍ਹਾਂ ਨੂੰ ਵਿਰੋਧੀ ਜਾਣਦੀ ਸੀ ਪਰ ਸਥਾਨਕ ਲੋਕ ਉਨ੍ਹਾਂ ਨੂੰ ਸਹਿਯੋਗੀ ਵਜੋਂ ਜਾਣਦੇ ਸਨ। ਇਸੇ ਕਰ ਕੇ ਸਿੱਖਾਂ ਵਲੋਂ ਇਹ ਦਰਜ ਕਰਵਾਇਆ ਗਿਆ ਕਿ ਆਪਣਿਆਂ ਵਲੋਂ ਹੀ ਹਮਲੇ ਹੋਏ, ਪਤਾ ਹੀ ਨਹੀਂ ਸੀ ਕਿ ਨੇੜੇ ਵਾਲੇ ਹੀ ਦੁਸ਼ਮਣ ਬਣ ਨਿਭਣਗੇ। ਹਰੇਕ ਗੈਰ ਪੰਜਾਬ ਸਥਾਨਕਤਾ ਖਾਸਕਰ ਮੱਧ, ਦੱਖਣੀ ਅਤੇ ਪੂਰਬੀ ਭਾਰਤ ਵਿਚ ਸਿੱਖ ਕਿਸਾਨਾਂ, ਕਾਰੋਬਾਰੀਆਂ, ਵਪਾਰੀਆਂ ਅਤੇ ਆਵਾਜਾਈ ਪ੍ਰਬੰਧ ਦੇ ਮਾਲਕਾਂ ਦਾ ਬੇਹੱਦ ਸਤਿਕਾਰ ਸੀ ਉਨ੍ਹਾਂ ਖਿਲਾਫ ਖੁਦ-ਬੁਖਦ ਕੋਈ ਕਤਲੇਆਮ ਜਾਂ ਮਾਰ ਧਾੜ ਨਹੀਂ ਸ਼ੁਰੂ ਹੋ ਸਕਦੀ ਸੀ ਕਿਉਂਕਿ ਇਕ ਤਰੀਕੇ ਨਾਲ ਉਹ ਆਪਣੇ ਇਲਾਕਿਆਂ ਵਿਚ ਰੋਜੀ ਦਾਤਾ ਸਨ। ਨਵੰਬਰ ੧੯੮੪ ਵੇਲੇ ਉਨ੍ਹਾਂ ਦੇ ਕਤਲੇਆਮ ਅਤੇ ਲੁੱਟਮਾਰ ਨੂੰ ਅੰਜਾਮ ਦੇਣ ਲਈ ਭਾਰਤੀ ਤੰਤਰ ਅਤੇ ਉਸ ਵੇਲੇ ਦੀ ਕਾਬਜ ਸੱਤਾਧਾਰੀ ਧਿਰ ਨੇ ਗੈਰਫੌਜੀ ਧਾੜਵੀ ਅਮਲ ਵਰਤਾਇਆ। ਅੱਜ ਭਾਰਤੀ ਤੰਤਰ ‘ਤੇ ਕਾਬਜ ਬਿਪਰ ਦਾ ਖਾਸਾ ਖੁਦ ਲੜਾਈ ਜਾਂ ਜੰਗ ਲੜਨ ਦਾ ਨਹੀਂ ਹੈ। ਉਹ ਕੇਵਲ ਲੜਾਈ, ਜੰਗ ਜਾਂ ਹਿੰਸਾ ਕਰਵਾਉਂਦਾ ਹੈ ਅਤੇ ਖੁਦ ਨੂੰ ਅਹਿੰਸਕ, ਸ਼ਾਂਤ ਜਾਂ ਨਿਆਂਕਾਰ ਧਿਰ ਵਜੋਂ ਮੰਨਦਾ-ਮਨਵਾਉਂਦਾ ਹੈ। ਅਸਲ ਵਿਚ ਹਿੰਸਾ/ਜਬਰ ਦਾ ਕਰਤਾ ਬਿਪਰ ਹੁੰਦਾ ਹੈ। ਹਿੰਸਾ ਕਰਨ ਅਤੇ ਸਹਿਣ ਵਾਲੇ ਹੋਰ ਹੁੰਦੇ ਹਨ। ਨਵੰਬਰ 1984 ਦੇ ਪ੍ਰਸੰਗ ਵਿਚ ਵੀ ਮਾਰ-ਧਾੜ ਅਤੇ ਕਤਲੇਆਮ ਕਰਵਾਉਣ ਵਾਲਾ ਕੋਈ ਹੋਰ ਅਤੇ ਕਰਨ ਵਾਲੇ ਅਤੇ ਝੱਲਣ ਵਾਲੇ ਹੋਰ ਸਨ।

ਭਾਰਤੀ ਤੰਤਰ ਨੇ ਗੈਰਫੌਜੀ ਅਮਲ ਰਾਹੀਂ ਅਜਿਹਾ ਵਰਤਾਰਾ ਅਨੇਕਾਂ ਵਾਰ ਵਰਤਾਇਆ ਹੈ ਅਤੇ ਇਹ ਬਿਪਰਵਾਦ ਦਾ ਅਜਮਾਇਆ ਹੋਇਆ ਪੱਕਾ ਹਥਿਆਰ ਹੈ। ਨਵੰਬਰ ੧੯੮੪ ਤੋਂ ਬਾਅਦ ਇਹ ਅਯੁੱਧਿਆ ੧੯੯੨ ਅਤੇ ਗੁਜਰਾਤ ੨੦੦੧ ਵਿਚ ਵੀ ਵਰਤਿਆ ਗਿਆ। ਸਦੀਆਂ ਪਹਿਲਾਂ ਵੀ ਇਹ ਵਿਰੋਧੀਆਂ ਖਿਲਾਫ ਵਰਤਿਆ ਗਿਆ ਅਤੇ ਵੀਹਵੀਂ ਸਦੀ ਵਿਚ 1947 ਦੇ ਹੱਲੇ ਇਸ ਦੀ ਪ੍ਰਤੱਖ ਉਦਾਹਰਣ ਹਨ। ਜਿਨ੍ਹਾਂ ਵਿਚ ਸਿੱਖ ਪਛਾਣ ਦੇ ਕੁਝ ਲੋਕ ਵੀ ਇਸ ਬਿਪਰਵਾਦੀ ਚਾਲ ਦੇ ਮੋਹਰੇ ਬਣ ਗਏ ਸਨ ਪਰ ਭਾਰਤੀ ਤੰਤਰ ਦੇ ਗੁਪਤ ਦਮਨ ਦੇ ਗੈਰਫੌਜੀ ਧਾੜਵੀ ਅਮਲ ਦੇ ਦੰਗਈ ਕਿਰਦਾਰ ਨੂੰ ਉਜਾਗਰ ਕਰਨ ਵਿਚ ਵੀ ਅਹਿਮ ਭੂਮਿਕਾ ਸਿੱਖਾਂ ਨੇ ਹੀ ਨਿਭਾਈ। ਉਨ੍ਹਾਂ ਨੇ ਕੇਵਲ ਭਾਰਤ ਦੀਆਂ ਮਹਿਕੂਮ ਧਿਰਾਂ ਨੂੰ ਹੀ ਨਹੀਂ ਸਗੋਂ ਦੁਨੀਆ ਨੂੰ ਬਿਪਰਵਾਦ ਅਤੇ ਭਾਰਤੀ ਸੱਤਾ ਦੇ ਇਸ ਅਮਲ ਬਾਰੇ ਚਾਨਣ ਕਰ ਦਿੱਤਾ। ਹਥਲੀ ਕਿਤਾਬ ਦੀ ਹਰ ਸਾਖੀ ਭਾਰਤੀ ਸੱਤਾ ਅਤੇ ਬਿਪਰਵਾਦ ਦੇ ਗੈਰਫੌਜੀ ਧਾੜਵੀ ਅਮਲ ਦਾ ਪ੍ਰਤੱਖ ਸਬੂਤ ਅਤੇ ਚਸ਼ਮਦੀਦ ਗਵਾਹੀ ਹੈ। ਹਥਲੀ ਕਿਤਾਬ ਰਾਹੀਂ ਸਾਹਮਣੇ ਆਇਆ ਭਾਰਤੀ ਹਕੂਮਤ ਦਾ ਇਹ ਖਾਸਾ ਇਸ ਦੇ ਅੰਦਰ ਪਈ ਹੋਈ ਪਰੰਪਰਕ ਹਿੰਸਾ ਦੀਆਂ ਜੜ੍ਹਾਂ ਨੰਗਿਆਂ ਕਰਦਾ ਹੈ। ਇਹ ਸਭ ਜਾਣਦੇ ਹਨ ਕਿ ਭਾਰਤ ਦੇ ਬੜੇ ਪ੍ਰਬੁੱਧ ਰਾਜਸੀ ਨੇਤਾ ਮਹਾਤਮਾ ਗਾਂਧੀ ਅਤੇ ਧਾਰਮਿਕ ਵਿਦਵਾਨ ਸਵਾਮੀ ਵਿਵੇਕਾਨੰਦ ਵਲੋਂ ਪੱਛਮੀ ਸਭਿਆਚਾਰ ਅਤੇ ਦੁਨੀਆ ਭਰ ਵਿਚ ਹਿੰਦੂ ਅਤੇ ਭਾਰਤੀ ਰਾਸ਼ਟਰ ਦਾ ਅਹਿੰਸਾਵਾਦੀ ਬਿੰਬ ਸਥਾਪਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਉਪਰ ਅਮਰੀਕੀ ਲੇਖਕਾ ਵੈਂਡੀ ਡੌਨੀਗਰ ਦੀ‘ਆਨ ਹਿੰਦੂਇਜਮ’ ਕਿਤਾਬ ਵਿਚ ਦਿੱਤੀ ਵਿਡਾਣਕ ਟਿੱਪਣੀ ਬਹੁਤ ਅਹਿਮ ਹੈ,

ਜਦੋਂ ਵੰਡ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ੧੯੪੮ ਵਿਚ ਨਵੀਂ ਹਿੰਸਾ ‘ਤੇ ਉਤਰੇ ਤਾਂ ਪੱਛਮੀ ਬੌਧਿਕ ਵਰਗ ਹੱਕਾ-ਬੱਕਾ ਰਹਿ ਗਿਆ ਕਿ ਅਹਿੰਸਕ ਅਤੇ ਸਹਿਣਸ਼ੀਲ ਹਿੰਦੂ ਵੀ ਇਹ ਕੁਝ ਕਰ ਸਕਦੇ ਹਨ। ਅਤੇ ਜਦੋਂ ਦਸੰਬਰ ੧੯੬੧ ਵਿਚ ਭਾਰਤ ਨੇ ਗੋਆ ਤੇ ਹਮਲਾ ਕੀਤਾ ਤਾਂ ਪੱਛਮੀ ਬੌਧਿਕ ਵਰਗ ਇੱਕ ਵਾਰ ਫੇਰ ਹੱਕਾ-ਬੱਕਾ ਰਹਿ ਗਿਆ ਕਿ ਅਹਿੰਸਕ ਅਤੇ ਸਹਿਣਸ਼ੀਲ ਹਿੰਦੂ ਇਹ ਕੁਝ ਵੀ ਕਰ ਸਕਦੇ ਹਨ। ਜਦੋਂ ੧੯੯੨ ਵਿਚ ਹਿੰਦੂਆਂ ਨੇ ਇਸ ਵਿਸ਼ਵਾਸ ਨਾਲ ਬਾਬਰੀ ਮਸਜਿਦ ਢਾਹੀ ਕਿ ਉਹ ਬਾਬਰ ਨੇ ਸ੍ਰੀ ਰਾਮ ਚੰਦਰ ਦੇ ਜਨਮ ਸਥਾਨ ‘ਤੇ ਬਣਾਈ ਹੋਈ ਹੈ ਤਾਂ ਪੱਛਮੀ ਬੌਧਿਕ ਵਰਗ ਹੋਰ ਹੈਰਾਨ ਨਹੀਂ ਹੋਇਆ। ਹੁਣ ਸਾਰਾ ਸੰਸਾਰ ਭਾਰਤ ਵਿਚ ਹੁੰਦੇ ਹਨ ਇਕ ਦੇ ਖੂਨ ਖਰਾਬੇ ਦਾ ਆਦੀ ਹੋ ਗਿਆ ਸੀ।

ਵੈਂਡੀ ਡੌਨੀਗਰ ਨੇ ਇਥੇ ਨਵੰਬਰ ੧੯੮੪ ਦਰਜ ਨਹੀਂ ਕੀਤਾ ਕਿਉਂਕਿ ਸਿੱਖਾਂ ਵਲੋਂ ਭਾਰਤੀ ਹਕੂਮਤ ਨੂੰ ਦਿੱਤੇ ਜਵਾਬ ਉਨ੍ਹਾਂ ਮਨੱਖੀ ਅਧਿਕਾਰਾਂ ਵਾਲੇ ਚਿੰਤਕਾਂ ਦੀ ਵਿਚਾਰਧਾਰਾ ਵਿਚ ਵਾਜਬ ਨਹੀਂ ਹਨ ਕਿਉਂਕਿ ਸਵੈ-ਰੱਖਿਆ ਉਨ੍ਹਾਂ ਦੀਆਂ ਮਾਨਤਾਵਾਂ ਮੁਤਾਬਕ ਹਿੰਸਾ ਹੈ। ਅਸਲ ਧਿਆਨਯੋਗ ਨੁਕਤਾ ਇਹ ਹੈ ਕਿ ਭਾਰਤੀ ਸੱਤਾ ਦੇ ਫਾਸ਼ੀਵਾਦੀ ਰੂਪ ਖਿਲਾਫ ਬੋਲਣ ਵਾਲੇ ਲੇਖਕਾਂ ਦਾ ਮੂਲ ਅਧਾਰ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਹੀ ਬਣਦੀ ਹੈ।

ਹਥਲੀ ਕਿਤਾਬ ਦੇ ਪ੍ਰਸੰਗ ਵਿਚ ਅਹਿਮ ਨੁਕਤਾ ਇਹ ਹੈ ਕਿ ਭਾਰਤੀ ਸੱਤਾ ਦੀ ਅੰਦਰਲੀ ਹਿੰਸਾ ਅਤੇ ਗੈਰਫੌਜੀ ਧਾੜਵੀ ਵਰਤਾਰੇ ਵਿਚੋਂ ਸਿੱਖਾਂ ਨੇ ਭਾਰਤ ਅੰਦਰ ਰਹਿੰਦੀਆਂ ਮਹਿਕੂਮ ਧਿਰਾਂ ਵਿਚੋਂ ਸਭ ਤੋਂ ਵੱਧ ਸਿੱਖਿਆ। ਇਸੇ ਕਰ ਕੇ ਉਨ੍ਹਾਂ ਨੇ ੨੬ ਜਨਵਰੀ ੨੦੨੧ ਨੂੰ ਕਿਸਾਨ ਮੋਰਚੇ ਦੇ ਘਟਨਾਕ੍ਰਮ ਤੋਂ ਬਾਅਦ ਹੋਣ ਵਾਲੇ ਇਸੇ ਤਰ੍ਹਾਂ ਦੇ ਗੈਰਫੌਜੀ ਧਾੜਵੀ ਅਮਲ ਨੂੰ ਨਕਾਰਾ ਅਤੇ ਨਿਰਅਸਰ ਕਰ ਦਿੱਤਾ। ਇਹ ਇਸ ਗੱਲ ਦਾ ਸਬੂਤ ਹੈ ਕਿ ਸਿੱਖ ਮਹਿਕੂਮ ਹੁੰਦੇ ਹੋਏ ਵੀ ਸਮੂਹਿਕ ਤੌਰ ਤੇ ਭਾਰਤੀ ਸੱਤਾ ਨਾਲੋਂ ਵੱਧ ਵਿਕਾਸ ਕਰ ਰਹੇ ਹਨ। ਇਹ ਕਿਸੇ ਮਹਿਕੂਮ ਧਿਰ ਦੀ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਉਹ ਮਨੁੱਖਤਾ ਅਤੇ ਸ਼ਾਂਤੀ ਦੇ ਅਮਲ ਵਿਚ ਹਕੂਮਤ ਨਾਲੋਂ ਵੱਧ ਵਿਕਾਸ ਕਰ ਰਹੀ ਹੋਵੇ। ਅਜਿਹਾ ਦੁਨੀਆਂ ਦੇ ਇਤਿਹਾਸ ਵਿਚ ਕਦੇ-ਕਦਾਈ ਹੀ ਵਾਪਰਦਾ ਹੈ।

੨.੨.      ਸੱਤਾ ਦੇ ਬਰਾਬਰ ਸ਼ਰੀਕ ਬਣ ਕੇ ਨਿਭਣ ਵਾਲੀ ਮਹਿਕੂਮ ਧਿਰ ਨੂੰ ਕੋਈ ਵੀ ਤਾਕਤ ਸਦਾ ਹੀ ਆਡੇ ਅਤੇ ਡੂੰਘੇ ਹੱਥੀਂ ਲੈਂਦੀ ਹੈ। ਰਾਜਸੀ ਸੱਤਾ ‘ਤੇ ਕਾਬਜ ਜਮਾਤ ਅਜਿਹੀ ਮਹਿਕੂਮ ਧਿਰ ਦੇ ਮੂਲ ਅਤੇ ਕੇਂਦਰੀ ਪ੍ਰੇਰਨਾ ਸਰੋਤ ‘ਤੇ ਹਮਲਾ ਕਰਨ ਨੂੰ ਆਪਣ ਪਰਮ ਮਨੋਰਥ ਗਿਣਦੀ ਹੈ। ਇਹ ਮਹਿਕੂਮ ਦੇ ਪਵਿੱਤਰ ਨੂੰ ਤੋੜਨ ਲਈ ਵੀ ਹੁੰਦਾ ਹੈ। ਉਸ ਨੂੰ ਤੇ ਉਸ ਵਰਗੇ ਹੋਰਾਂ ਨੂੰ ਸਬਕ ਸਿਖਾਉਣ ਲਈ ਵੀ ਹੁੰਦਾ ਹੈ ਅਤੇ ਤਾਕਤ ਦੀ ਹਉਮੈ ਨੂੰ ਬਰਕਰਾਰ ਰੱਖਣ ਲਈ ਵੀ ਹੁੰਦਾ ਹੈ। ਹਾਕਮ ਆਪਣੇ ਬਰਾਬਰ ਸ਼ਰੀਕ ਬਣ ਕੇ ਰਹਿ ਰਹੇ ਮਹਿਕੂਮ ਨੂੰ ਸਭ ਤੋਂ ਵੱਧ ਦੁੱਖ ਦੇਣ ਲਈ ਆਪਣੀ ਹਉਮੈ ਦਾ ਸਿਖਰਲਾ ਨਿਭਾਅ ਕਰਦਾ ਹੈ। ਹਰੇਕ ਬੰਦੇ ਅਤੇ ਕੌਮ ਦੇ ਦੁੱਖ ਦਾ ਇੱਕ ਅੰਤ ਹੁੰਦਾ ਹੈ ਉਸ ਤੋਂ ਅਗਾਂਹ ਉਸ ਨੂੰ ਦੁੱਖ ਮਹਿਸੂਸ ਨਹੀਂ ਹੁੰਦਾ। ਜਿਸ ਕੌਮ ਦੇ ਪਵਿੱਤਰ ਅੰਗ, ਤੱਤ, ਵਰਤਾਰੇ ਉਪਰ ਹਮਲਾ ਹੋ ਜਾਂਦਾ ਹੈ ਤਾਂ ਉਹ ਉਸ ਦੇ ਦੁੱਖ ਦਾ ਸਿਖਰ ਹੁੰਦਾ ਹੈ। ਇਸ ਘਟਨਾਕ੍ਰਮ ਵਿਚ ਹਾਕਮ ਧਿਰ ਮਹਿਕੂਮ ਨੂੰ ਅੰਦਰੋਂ ਤੋੜ ਕੇ ਗੁਲਾਮ ਬਣਾਉਣ ਦੇ ਆਹਰ ਵਿਚ ਹੁੰਦੀ ਹੈ ਪਰ ਸਿਦਕਵਾਨ ਕੌਮਾਂ ਉਸ ਸਿਖਰਲੇ ਦੁੱਖ ਤੋਂ ਪਾਰ ਹੋ ਜਾਂਦੀਆਂ ਹਨ ਅਤੇ ਸੱਤਾ ਦੀ ਸਮਰੱਥਾ/ ਤਾਕਤ ਤੋਂ ਸਦਾ ਲਈ ਬਾਹਰ ਹੋ ਜਾਂਦੀਆਂ ਹਨ।

ਸਿੱਖ ਸਦਾ ਹੀ ਹਰੇਕ ਸੱਤਾ ਦੇ ਬਰਾਬਰ ਦੇ ਸ਼ਰੀਕ ਰਹੇ ਹਨ। ਉਹ ਹਕੂਮਤ ਦੀਆਂ ਸੰਸਥਾਵਾਂ, ਅਦਾਲਤਾਂ ਦੇ ਉੱਤੋਂ ਦੀ ਅਦਲੀ ਇਨਸਾਫ ਕਰਨ ਦੇ ਇਤਿਹਾਸ ਦੇ ਵਾਰਸ ਹਨ। ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰ ਕੇ ਜਿਹੜਾ ਉਪੱਦਰ ਕੀਤਾ ਸੀ, ਭਾਰਤੀ ਤੰਤਰ ਉਸ ਨੂੰ ਉਸ ਦੇ ਗੁਨਾਹ ਦੀ ਸਜਾ ਦੇਣ ਦੇ ਸਮਰੱਥ ਨਹੀਂ ਸੀ। ਸਿੱਖਾਂ ਨੇ ਭਾਰਤੀ ਤੰਤਰ ਦੇ ਉੱਤੋਂ ਦੀ ਹੋ ਕੇ ਅਸਲ ਗੁਨਾਹਗਾਰ ਨੂੰ ਸਜਾ ਦਿੱਤੀ। ਇਸ ਤੋਂ ਭਾਰਤੀ ਹਕੂਮਤ ਦੀ ਹਉਮੈ ਬੇਚੈਨ ਹੋਈ ਅਤੇ ਸਿੱਖਾਂ ਦੇ ਏਨਾ ਅਗਾਂਹ ਲੰਘ ਜਾਣ ‘ਤੇ ਉਨ੍ਹਾਂ ਨੇ ਪੂਰੇ ਭਾਰਤ ਵਿਚ ਸਿੱਖਾਂ ਨੂੰ ਸਬਕ ਸਿਖਾਉਣ ਦਾ ਗੈਰਫੌਜੀ ਅਮਲ ਚਲਾਇਆ। ਜਿਸ ਦਾ ਇਕ ਅਹਿਮ ਘਟਨਾਕ੍ਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ-ਨਾਲ ਸਿੱਖਾਂ ਦੇ ਕੇਸਾਂ ਅਤੇ ਗੁਰਦੁਆਰਾ ਪ੍ਰਬੰਧ ਸੰਸਥਾ ਉਪਰ ਬੇਅਦਬ ਦੇ ਰੂਪ ਵਿਚ ਸਾਹਮਣੇ ਆਇਆ। ਹਥਲੀ ਕਿਤਾਬ ਇਸ ਵਰਤਾਰੇ ਦੇ ਅੰਦਰਲੇ ਘਟਨਾਕ੍ਰਮ ਨੂੰ ਉਘਾੜਦੀ ਅਤੇ ਉਧੇੜਦੀ ਹੈ। ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਅਤੇ ਅੰਗਾਂ ਉਪਰ ਬੇਹੱਦ ਨੀਵੇਂ ਦਰਜੇ ਦੇ ਹਮਲੇ ਹੋਏ ਜਿਹੜੇ ਕੋਈ ਸਿਆਣਾ ਸਭਿਆਚਾਰ ਇਕ ਆਮ ਅੱਖਰ ਉਪਰ ਵੀ ਨਹੀਂ ਕਰ ਸਕਦਾ, ਧੁਰ ਕੀ ਬਾਣੀ ਉਪਰ ਤਾਂ ਕੀ! ਇਹ ਕਿਸੇ ਤਾਕਤ ਦੇ ਅਣਮਨੁੱਖੀ ਅਤੇ ਅਨੈਤਿਕ ਹੋਣ ਦੀਆਂ ਸਿਖਰਲੀਆਂ ਮਿਸਾਲਾਂ ਹਨ।

ਇਤਿਹਾਸ ਵਿਚ ਲੰਬਾ ਸਮਾਂ ਸਿੱਖ ਅਜਿਹੀਆਂ ਅਜਿਹੀਆਂ ਹਕੂਮਤਾਂ ਨਾਲ ਨਜਿੱਠਣ ਦੇ ਹੀ ਅਭਿਆਸੀ ਹਨ। ਉਨ੍ਹਾਂ ਦਾ ਸਮੂਹਿਕ ਅਵਚੇਤਨ ਇਹ ਭਲੀ ਭਾਂਤ ਜਾਣਦਾ ਅਤੇ ਸਾਂਭੀ ਬੈਠਾ ਹੈ ਕਿ ਕਿਸੇ ਮਹਿਕੂਮ ਸੱਭਿਆਚਾਰ ਦੀ ਕੋਈ ਵੀ ਪਦਾਰਥ ਰੂਪ ਵਿਰਾਸਤ ਸਦਾ ਹੀ ਦਾਅ ‘ਤੇ ਰਹਿੰਦੀ ਹੈ ਬਲਕਿ ਸੱਤਾ ਜਾਂ ਤਾਕਤ ਮਹਿਕੂਮ ਦੀ ਪਵਿੱਤਰ ਅਤੇ ਕੇਂਦਰੀ ਵਿਰਾਸਤ ਨੂੰ ਤਹਿਸ-ਨਹਿਸ ਕਰਨਾ ਸਭ ਤੋਂ ਅਹਿਮ ਲੋੜ ਗਿਣਦੀ ਹੈ। ਇਸ ਵਰਤਾਰੇ ਦੇ ਅਨੇਕਾਂ ਇਤਿਹਾਸਕ ਹਵਾਲੇ ਹਨ। ੩੩੧ ਈਸਾ ਪੂਰਵ ਵਿਚ ਸਿਕੰਦਰ ਦੇ ਹਮਲੇ ਵੇਲੇ ਪਰਸੇਪਾਲਿਸ ਅਗਨੀਕਾਂਡ ਵਿਚ ਫਾਰਸ ਦੇ ਪ੍ਰਾਚੀਨ ਧਰਮ ਗ੍ਰੰਥ ਅਵੇਸਤਾ ਸਮੇਤ ਢੇਰ ਸਾਰੀ ਲਿਖਤ ਸਾੜ ਦਿੱਤੀ ਗਈ ਅਤੇ ਬਾਅਦ ਵਿਚ ਬਹੁਤ ਕੁਝ ਖਲੀਫਾ ਅਲ ਮੁਤਵੱਕਲ ਦੇ ਹੁਕਮ ਨਾਲ ਹੋਈ ਗੈਰ ਮੁਸਲਮਾਨਾਂ ਦੇ ਕਤਲੇਆਮ ਸਮੇਂ ਤਬਾਹ ਕਰ ਦਿੱਤਾ ਗਿਆ। (ਪ੍ਰੇਮ ਪ੍ਰਕਾਸ਼ ਸਿੰਘ,੨੦੦੪, ੨੦) ਜਦੋਂ ਆਦਿ ਸ਼ੰਕਰਾਚਾਰੀਆ ਵਰਤਾਰੇ ਦੌਰਾਨ ਭਾਰਤ ਵਿਚ ਬੋਧੀਆਂ ਉਪਰ ਸਰਬਭਾਰਤੀ ਹਮਲੇ ਹੋਏ ਤਾਂ ਉਨ੍ਹਾਂ ਦੇ ਮਠਾਂ, ਵਿੱਦਿਅਕ ਸੰਸਥਾਵਾਂ ਅਤੇ ਕਿਤਾਬਘਰਾਂ ਨੂੰ ਨਸ਼ਟ ਕਰ ਦਿੱਤਾ ਗਿਆ ਜਿਸ ਦੀ ਰਹਿੰਦ-ਖੂੰਹਦ ਅੱਜ ਵੀ ਪੁਰਾਤਤਵ ਖੋਜੀ ਪੰਜਾਬ ਅਤੇ ਭਾਰਤ-ਪਾਕਿਸਤਾਨ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਲੱਭਦੇ ਰਹਿੰਦੇ ਹਨ। ‘ਅਹਿਮਦਸ਼ਾਹ ਅਬਦਾਲੀ ਨੂੰ ਵੀ ਤੁਅੱਸਬੀ ਭਾਰਤੀ ਮਸ਼ੀਰਾਂ ਖਾਸਕਰ ਮੁੱਲਾਂ ਮੁਲਾਣਿਆਂ ਨੇ ਭੜਕਾਹਟ ਭਰੀ ਸਲਾਹ ਦਿੱਤੀ ਕਿ ਅੰਮ੍ਰਿਤਸਰ ਦੇ ਹਰਿਮੰਦਰ ਤੇ ਸਰੋਵਰ ਨੂੰ ਬਿਲਕੁਲ ਮਿਸਮਾਰ ਕਰ ਦਿੱਤਾ ਜਾਵੇ। ਕਲਹ ਦਾ ਖੁਰਾ ਖੋਜ ਹੀ ਮੁੱਕ ਜਾਵੇ।’ (ਸਵਰਨ ਸਿੰਘ, ੨੦੧੬, ੯੦) ਇਸੇ ਤਰ੍ਹਾਂ ਜਕਰੀਆ ਖਾਨ ਦੀ ਹਕੂਮਤ ਵੇਲੇ ਮੱਸੇ ਰੰਘੜ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਹੁੱਕਾ ਪੀ ਕੇ ਸਿਰੇ ਦਾ ਬੇਅਦਬ ਰੂਪ ਦਿਖਾਇਆ। (ਸਵਰਨ ਸਿੰਘ, ੨੦੨੦, ੨੮੭)  ਇਹ ਸਿੱਖ ਅਵਚੇਤਨ ਦੀਆਂ ਪੱਕੀਆਂ ਯਾਦਾਂ ਹਨ। ਪਦਾਰਥਕ ਵਿਰਾਸਤ ਦੇ ਨੁਕਤੇ ਤੋਂ ਅਬਦਾਲੀ ਤੇ ਮੱਸੇ ਰੰਘੜ ਦਾ ਸਮਾਂ ਅਤੇ ਨਵੰਬਰ ੧੯੮੪ ਬੇਸ਼ਕ ਅਸਹਿ ਸਨ ਪਰ ਸਿੱਖਾਂ ਕੋਲ ਗੁਰੂ ਦਾ ਅਦਬ ਅਤੇ ਧੁਰ ਕੀ ਬਾਣੀ ਦਾ ਇਲਾਹੀ ਸੁਨੇਹਾ ਕੇਵਲ ਪਦਾਰਥਕ ਰੂਪ ਵਿਚ ਨਹੀਂ ਸਗੋਂ ਪਰਮਾਰਥ ਰੂਪ ਵਜੋਂ ਚੇਤਿਆਂ ਵਿਚ ਸਾਂਭਿਆ ਹੋਇਆ ਹੈ। ਹਥਲੀ ਕਿਤਾਬ ਵਿਚ ਦਰਜ ਨਵੰਬਰ ੧੯੮੪ ਵਿਚ ਸਿੱਖਾਂ ਦੀ ਪਵਿੱਤਰ ਵਿਰਾਸਤ ਉਪਰ ਹਮਲਿਆਂ ਦੀਆਂ ਘਟਨਾਵਾਂ ਨੂੰ ਜਦੋਂ ਵੇਖਦੇ ਹਾਂ ਤਾਂ ਉਨ੍ਹਾਂ ਵਿਚ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਗੁਰੂ ਦੇ ਅਦਬ ਲਈ ਸ਼ਹਾਦਤਾਂ ਦਾ ਵਰਤਾਰਾ ਧਿਆਨਯੋਗ ਹੈ। ਇੱਕ-ਇੱਕ ਸਿੱਖ ਸੈਂਕੜਿਆਂ ਦੀ ਭੀੜ ਨੂੰ ਰੋਕੀ ਖੜ੍ਹਾ ਹੈ ਅਤੇ ਗੁਰਦੁਆਰੇ ਵਿਚ ਵੜਨ ਤੋਂ ਅਟਕਾ ਰਿਹਾ ਹੈ ਤੇ ਜਾਨ ਦੀ ਬਾਜੀ ਲਾ ਰਿਹਾ ਹੈ। ਇੰਦੌਰ ਦੇ ਗੁਰਦੁਆਰਾ ਗੁਰੂ ਨਾਨਕ ਸੰਤ ਸੰਗਤ ਦਰਬਾਰ, ਐਲ.ਆਈ.ਜੀ ਰੋਡ ‘ਤੇ ਇੱਕ ਸਿੰਘ ਰਵਾਇਤੀ ਸ਼ਸਤਰਾਂ ਨਾਲ ਢਾਈ ਤਿੰਨ ਘੰਟੇ ਭੀੜ ਨਾਲ ਜੂਝਣ ਤੋਂ ਬਾਅਦ ਸ਼ਹੀਦ ਹੋਇਆ ਜਿਸ ਕਰਕੇ ਗੁਰਦੁਆਰਾ ਸਾਹਿਬ ਦਾ ਬਹੁਤ ਬਚਾਅ ਹੋਇਆ। ਹਮਲਾਵਰਾਂ ਦੀਆਂ ਆਪਸੀ ਗੱਲਾਂ ਦੇ ਬੋਲ ਦਰਜ ਹਨ, ‘ਰੇ ਯੇ ਤੋ ਏਕ ਥਾ, ਅੰਦਰ ਕਈ ਹੈਂ… ਛੋੜੋ, ਮਰਨੇ ਕੋ ਥੋੜ੍ਹੀ ਨਾ ਆਏ ਹੈਂ… ਇਤਨਾ ਤਾਕਤ ਪਤਾ ਨਹੀਂ ਕਹਾਂ ਸੇ ਲਾਏ ਹੈਂ ਯੇ…” ਹਥਲੀ ਕਿਤਾਬ ਵਿਚ ਚਸ਼ਮਦੀਦਾਂ ਦੀ ਜੁਬਾਨੀ ਵਾਪਰੇ ਸਾਕਿਆਂ ਦੀਆਂ ਸਾਖੀਆਂ ਦੱਸਦੀਆਂ ਹਨ ਕਿ ਸਿੱਖ ਕਿਰਦਾਰ ਦੇ ਅੰਦਰੋਂ ਸਿੱਖੀ ਦੀ ਆਤਮਾ ਪਰਗਟ ਹੋ ਰਹੀ ਹੈ ਜੋ ਪਹਿਲਾਂ ਦੁਨਿਆਵੀ ਕਾਰ ਵਿਹਾਰ ਵਿਚ ਰੁੱਝੇ ਹੋਏ ਸਨ। ਭਾਰਤੀ ਹਕੂਮਤ ਦੀ ਸਿੱਖਾਂ ਦੇ ਪਵਿੱਤਰ ਨੂੰ ਤੋਡ਼ਨ ਦੀ ਨੀਤੀ ਅਤੇ ਇਸ ਦੇ ਅਮਲ ਵਿਚੋਂ ਜੂਝਦਾ ਹੋਇਆ ਸਿੱਖ ਸਿੱਖੀ ਤੋਂ ਟੁੱਟ ਕੇ ਭਾਰਤੀ ਹਕੂਮਤ ਦਾ ਗੁਲਾਮ ਨਹੀਂ ਬਣਦਾ ਸਗੋਂ ਹੋਰ ਵਧੇਰੇ ਚੰਗਾ ਸਿੱਖ ਬਣ ਕੇ ਨਿਕਲਦਾ ਹੈ ਅਤੇ ਇਤਿਹਾਸ ਨੂੰ ਮੁੜ ਦੁਹਰਾਉਂਦਾ ਹੈ। ਸਾਲ ੧੯੮੪ ਵਿਚ ਭਾਰਤੀ ਹਕੂਮਤ ਸਿੱਖਾਂ ਉਪਰ ਫੌਜੀ ਅਤੇ ਗੈਰਫੌਜੀ ਦੋਵੇਂ ਆਪਣੇ ਸਿਖਰਲੇ ਰੂਪ ਨਾਲ ਹਮਲੇ ਕਰਕੇ ਵੇਖ ਲੈਂਦੀ ਹੈ ਪਰ ਸਿਦਕਵਾਨ ਸਿੱਖ ਪਰੰਪਰਾ ਮੁੜ ਆਪਣੇ ਨਵੇਂ ਅਤੇ ਤਾਜੇ ਰੂਪ ਵਿਚ ਪ੍ਰਗਟ ਹੁੰਦੀ ਹੈ।

ਇਸ ਕਿਤਾਬ ਰਾਹੀਂ ਨਵੰਬਰ ੧੯੮੪ ਦੇ ਕੁਝ ਅਜਿਹੇ ਘਟਨਾਕ੍ਰਮ ਸਾਹਮਣੇ ਆਉਂਦੇ ਹਨ ਜੋ ਭਾਰਤ ਦੇ ਇਕ ਰਾਸ਼ਟਰ ਹੋਣ ਦੇ ਸਿਧਾਂਤਕ ਆਧਾਰ ਨੂੰ ਨਿਰਮੂਲ ਅਤੇ ਖੋਖਲਾ ਸਿੱਧ ਕਰ ਦਿੰਦੇ ਹਨ। ਮਿਸਾਲ ਵਜੋਂ ਜਿੱਥੇ ਉਸ ਵੇਲੇ ਦੀ ਦਿੱਲੀ ਹਕੂਮਤ ਤੇ ਕਾਬਜ ਧਿਰ ਨਾਲੋਂ ਕਿਸੇ ਵੱਖਰੀ ਧਿਰ ਜਾਂ ਖੇਤਰੀ ਪਾਰਟੀ ਦੀ ਦੀ ਹਕੂਮਤ ਸੀ ਉਥੇ ਸਿੱਖਾਂ ਉਪਰ ਹੋਣ ਵਾਲੇ ਹਮਲਿਆਂ ਤੋਂ ਬਚਾਅ ਰਿਹਾ ਜਿਵੇਂ ਆਂਧਰਾ ਪ੍ਰਦੇਸ਼ ਵਿਚ ਐੱਨ ਟੀ ਰਾਮਾ ਰਾਓ ਦੀ ਤੇਲਗੂ ਦੇਸਮ ਪਾਰਟੀ ਦੀ ਸਰਕਾਰ ਸੀ। ਉਥੇ ਸਰਕਾਰ ਵੱਲੋਂ ਕੀਤੀ ਸਖਤੀ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਕਰਕੇ ਬਹੁਤ ਬਚਾ ਰਿਹਾ ਬਲਕਿ ਜਿਹੜੀ ਪੁਲਸ ਹੋਰ ਰਾਜਾਂ ਵਿਚ ਹਮਲਾਵਰਾਂ ਦੀ ਮਦਦ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਮਾਰੂ ਸਮੱਗਰੀ ਦੇ ਰਹੀ ਸੀ ਉਹੀ ਪੁਲਸ ਆਂਧਰਾ ਪ੍ਰਦੇਸ਼ ਵਿਚ ਸਿੱਖਾਂ ਦੇ ਜਾਨ ਮਾਲ ਦੀ ਰਾਖੀ ਕਰ ਰਹੀ ਸੀ। ਦੂਜੇ ਪਾਸੇ ਜਿਥੇ-ਜਿਥੇ ਕਾਂਗਰਸੀ ਸਰਕਾਰ ਸੀ ਉਥੇ ਸਰਕਾਰ ਨੇ ਆਪ ਲੋਕਾਂ ਨੂੰ ਸਿੱਖਾਂ ਉਪਰ ਹਮਲਾ ਕਰਨ ਲਈ ਉਤੇਜਿਤ ਕੀਤਾ, ਕਾਂਗਰਸੀ ਆਗੂਆਂ ਨੇ ਲੋਕ ਇਕੱਠੇ ਕੀਤੇ, ਭਾਸ਼ਣ ਦਿੱਤੇ ਅਤੇ ਹਥਿਆਰ ਦਿੱਤੇ। ਇਹ ਘਟਨਾਕ੍ਰਮ ਭਾਰਤ ਦੇ ਇਕੋ ਰਾਸ਼ਟਰੀ ਤਾਕਤ ਬਣ ਜਾਣ ਦੀਆਂ ਮੁਸੀਬਤਾਂ ਵੱਲ ਸੰਕੇਤ ਕਰਦਾ ਹੈ ਕਿ ਜੇਕਰ ਸਮੁੱਚੇ ਭਾਰਤ ਦੇ ਸਾਰੇ ਰਾਜਾਂ ਵਿਚ ਇਕੋ ਸੱਤਾ ਚਲਦੀ ਹੈ ਤਾਂ ਹੁਕਮ ਵਰਤਾਰਾ ਸਥਾਨਕ ਰੂਪ ਵਿਚ ਵਾਪਰਨ ਦੀ ਥਾਂ ਉਵੇਂ ਵਾਪਰਦਾ ਹੈ ਜਿਵੇਂ ਕੇਂਦਰੀ ਸੱਤਾ ਲੋੜ ਜਾਂ ਮਰਜੀ ਹੈ। ਇਹ ਗੱਲ ਸਭ ਸਮਾਜ ਵਿਗਿਆਨੀ, ਭਾਸ਼ਾ ਵਿਗਿਆਨੀ ਅਤੇ ਸਭਿਆਚਾਰ ਵਿਗਿਆਨੀ ਆਖਦੇ ਹਨ ਕਿ ਭਾਰਤ ਬਹੁ-ਸਭਿਆਚਾਰੀ, ਬਹੁ-ਭਖਾਈ, ਬਹ-ਸਮਾਜੀ ਅਤੇ ਬਹੁ ਧਰਮੀ ਲੋਕਾਂ ਦਾ ਸਾਂਝਾ ਖਿਤਾ ਹੈ। ਜੇ ਇੱਥੇ ਕੇਵਲ ਇਕ ਕੇਂਦਰੀ ਸੱਤਾ ਅਰਥਾਤ ਦਿੱਲੀ ਦਰਬਾਰ ਦਾ ਹੀ ਹੁਕਮ ਲਾਗੂ ਹੁੰਦਾ ਹੈ ਤਾਂ ਇਸਦਾ ਮਤਲਬ ਇੱਥੇ ਦੂਜੇ/ਪਰਾਏ ਅਤੇ ਅਧੀਨ/ਮਹਿਕੂਮ ਧਰਮਾਂ, ਕੌਮਾਂ, ਸਮਾਜਾਂ, ਸਭਿਆਚਾਰਾਂ ਲਈ ਖਤਰਾ ਹੈ ਅਤੇ ਉਨ੍ਹਾਂ ਦੇ ਹੱਕ ਦੱਬੇ ਹੀ ਰਹਿਣਗੇ। ਇਸ ਹਾਲਤ ਵਿਚ ਉਨ੍ਹਾਂ ਨੂੰ ਜਾਂ ਤਾਂ ਕੇਵਲ ਦਿੱਲੀ ਦਰਬਾਰ ਦੇ ਵਫਾਦਾਰ ਬਣੇ ਰਹਿਣਾ ਪਊ ਨਹੀਂ ਉਨ੍ਹਾਂ ਵਿਚੋਂ ਕਿਸੇ ਨਾਲ ਵੀ ਨਵੰਬਰ ੧੯੮੪ ਵਰਗੀ ਨਸਲਕੁਸ਼ੀ ਵਾਪਰਨ ਦਾ ਖਦਸ਼ਾ ਸਦਾ ਹੀ ਰਹਿਣਾ ਹੈ ਅਰਥਾਤ ਉਹ ਆਪਣੀ ਪਰੰਪਰਾ, ਸਥਾਨਕਤਾ ਅਤੇ ਸਭਿਆਚਾਰ ਮੁਤਾਬਕ ਨਹੀਂ ਸਗੋਂ ਦਿੱਲੀ ਦਰਬਾਰ ਮੁਤਾਬਕ ਜਿਉਣ ਦੇ ਭਾਗੀ ਹੋਣਗੇ। ਵੱਖੋ ਵੱਖਰੇ ਖਿੱਤਿਆਂ ਦੇ ਸਥਾਨਕ ਨਸਲ, ਸਭਿਆਚਾਰ, ਧਰਮ ਅਤੇ ਸਮਾਜਿਕ ਪਛਾਣਾਂ ਦੇ ਜਿਹੜੇ ਲੋਕ ਦਿੱਲੀ ਦਰਬਾਰ ਨਾਲ ਜੁੜੇ ਹੁੰਦੇ ਹਨ ਉਹ ਕੇਵਲ ਪਛਾਣ ਵਜੋਂ ਹੀ ਆਪਣੇ ਮੂਲ ਜਾਂ ਸਥਾਨ ਨਾਲ ਜੁੜੇ ਹੁੰਦੇ ਹਨ। ਵਿਚਾਰ ਅਤੇ ਅਮਲ ਵਜੋਂ ਉਹ ਕੇਂਦਰੀ ਸੱਤਾ ਦੇ ਮੋਹਰੇ ਬਣ ਚੁੱਕੇ ਹੁੰਦੇ ਹਨ। ਜੇਕਰ ਉਨ੍ਹਾਂ ਨੇ ਕੇਂਦਰੀ ਸੱਤਾ ਦੀ ਭਾਗੀਦਾਰੀ ਮਾਣਨੀ ਹੈ ਤਾਂ ਉਨ੍ਹਾਂ ਕੋਲ ਕੇਵਲ ਕੇਂਦਰੀ ਸੱਤਾ ਮੁਤਾਬਕ ਨਿਭਣ ਦੀ ਹੀ ਚੋਣ ਹੁੰਦੀ ਹੈ ਆਪਣੇ ਸਮਾਜ ਸਭਿਆਚਾਰ ਦੀਆਂ ਲੋੜਾਂ ਮੁਤਾਬਕ ਮੰਗ ਰੱਖਣ ਦੀ ਚੋਣ ਨਹੀਂ ਹੁੰਦੀ। ਨਵੰਬਰ ੧੯੮੪ ਦੇ ਕਤਲੇਆਮ ਨੇ ਭਾਰਤੀ ਰਾਸ਼ਟਰ ਅਤੇ ਇੱਥੇ ਦੀਆਂ ਕੇਂਦਰੀ ਰਾਜਸੀ ਪਾਰਟੀਆਂ ਦੇ ਨਿਭਾਅ ‘ਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਇਹ ਭਾਰਤ ਦੇ ਵੱਖੋ ਵੱਖਰੇ ਖਿੱਤਿਆਂ ਦੀਆਂ ਧਾਰਮਕ, ਸਭਿਆਚਾਰਕ, ਭਾਖਾਈ ਅਤੇ ਸਮਾਜੀ ਪਛਾਣਾਂ ਅਤੇ ਲੋੜਾਂ ਨੂੰ ਮਲੀਆਮੇਟ ਕਰ ਕੇ ਉਨ੍ਹਾਂ ਨੂੰ ਇਕੋ ਭਾਰਤੀ ਰਾਸ਼ਟਰ ਦੇ ਰੰਗ ਵਿਚ ਵਫਾਦਾਰ ਬਣਾ ਕੇ ਰੱਖਣਾ ਚਾਹੁੰਦੇ ਹਨ। ਭਾਰਤੀ ਰਾਸ਼ਟਰ ਦੇ ਇਸ ਦਮਨਕਾਰੀ ਕਿਰਦਾਰ ਅਤੇ ਨਿਭਾਅ ਬਾਰੇ ਹੁਣ ਜਾਗਰੂਕਤਾ ਸਾਰੇ ਭਾਰਤ ਅਤੇ ਦੁਨੀਆ ਦੇ ਹੋਰ ਬਹੁਤ ਲੋਕਾਂ ਨੂੰ ਹੋ ਚੁੱਕੀ ਹੈ। ਇਹ ਸਿੱਖਾਂ ਨੇ ਆਪਣੀ ਪਵਿੱਤਰ ਵਿਰਾਸਤ ਅਤੇ ਜਾਨ ਮਾਲ ਦੀ ਕੁਰਬਾਨੀ ਦੇ ਕੇ ਦੁਨੀਆਂ ਨੂੰ ਜਾਗਰੂਕ ਕੀਤਾ ਹੈ। ਇਹ ਵਿਰਾਸਤੀ ਅਤੇ ਸਮੂਹਿਕ ਸ਼ਹਾਦਤ ਅਜਾਈਂ ਨਹੀਂ ਜਾਣੀ। ਇਹ ਸਿੱਖਾਂ ਦੀ ਪ੍ਰਾਪਤੀ ਹੈ ਕਿ ਉਨ੍ਹਾਂ ਨੇ ਆਪਣੇ ਪਿੰਡੇ ‘ਤੇ ਜਬਰ ਜਰ ਕੇ ਰਾਸ਼ਟਰ ਦੇ ਸਿਧਾਂਤਕ ਬੱਜ ਅਤੇ ਕੱਜ ਨੂੰ ਬਾਕੀ ਭਾਰਤ ਦੇ ਮਹਿਕੂਮ ਸਭਿਆਚਾਰਾਂ ਸਾਹਮਣੇ ਉਜਾਗਰ ਕਰ ਦਿੱਤਾ।

੩.੦. ਪੁਰਾਤਨ ਯੁੱਗ ਤੋਂ ਹੀ ਕਿਸੇ ਵੀ ਨਿਜਾਮ ਵਿਚ ਜਦੋਂ ਕਿਸੇ ਬੰਦੇ ਨੂੰ ਸਜਾ ਦੇਣੀ ਹੁੰਦੀ ਸੀ ਤਾਂ ਉਸ ਨੂੰ ਖੂੰਖਾਰ ਜਾਨਵਰਾਂ/ ਜੀਵਾਂ ਮਗਰਮੱਛਾਂ, ਸੱਪਾਂ, ਸ਼ੇਰਾਂ ਅਤੇ ਹਾਥੀਆਂ ਆਦਿ ਵਿਚ ਉਸ ਦੀ ਹੋਣੀ ‘ਤੇ ਛੱਡ ਦਿੱਤਾ ਜਾਂਦਾ ਸੀ। ਇਹ ਗੱਲ ਸਭ ਸਭਿਆਚਾਰਾਂ ਦੇ ਸਨਾਤਨ ਗ੍ਰੰਥਾਂ ਅਤੇ ਰਵਾਇਤਾਂ ਵਿਚ ਵੀ ਮਿਲਦੀ ਹੈ ਕਿ ਹਰੇਕ ਸਮਾਜ ਅੰਦਰ ਕੁਝ ਜਾਨਵਰਾਂ ਵਰਗੇ ਖੂੰਖਾਰ, ਜਾਲਮ, ਨਿਰਦਈ ਅਤੇ ਬੇਕਿਰਕ ਬੰਦੇ ਵੀ ਹੁੰਦੇ ਹਨ। ਮਾਨਵਤਾ ਦੀ ਭਲਾਈ, ਲੋਕਤੰਤਰ ਅਤੇ ਨਿਆਂ ਆਦਿ ਦੇ ਦਾਅਵੇ ਕਰਨ ਵਾਲੀ ਕਿਸੇ ਵੀ ਰਾਜਨੀਤਿਕ ਜਾਂ ਹੋਰ ਕਿਸੇ ਵੀ ਤਾਕਤ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਸ ਨੇ ਸੁਹਿਰਦਤਾ ਨਾਲ ਉਨ੍ਹਾਂ ਮਨੁੱਖਾਂ ਨੂੰ ਸਭਿਅਕ ਅਤੇ ਸਚਿਆਰ ਬਣਾਉਣਾ ਹੁੰਦਾ ਹੈ। ਇਸ ਪ੍ਰਸੰਗ ਵਿਚ ੧੯੪੭ ਤੋਂ ਬਾਅਦ ਹੋਂਦ ਵਿਚ ਆਈ ਭਾਰਤੀ ਹਕੂਮਤ ਦਾ ਕਿਰਦਾਰ ਹੁਣ ਤੱਕ ਜਾਲਮ ਅਤੇ ਨਿਰਦਈ ਰਾਜਾਂ ਵਰਗਾ ਹੀ ਉੱਭਰਿਆ ਹੈ ਜਿਸ ਨੇ ਇੱਥੋਂ ਦੇ ਸਮਾਜਿਕ ਪਛੜੇਪਣ ਦਾ ਵਿਕਾਸ ਕਰਨ ਦੀ ਥਾਂ ਉਨ੍ਹਾਂ ਨੂੰ ਆਪਣੀ ਸੱਤਾ ਦੀਆਂ ਲੋੜਾਂ ਮੁਤਾਬਕ ਹਥਿਆਰ ਵਜੋਂ ਉਨ੍ਹਾਂ ਕੌਮਾਂ, ਸਭਿਆਚਾਰਾਂ ਦੇ ਖਿਲਾਫ ਵਰਤਿਆ ਜੋ ਭਾਰਤੀ ਸੱਤਾ ਦੀ ਮੁੱਖ ਧਾਰਾ ਤੋਂ ਵੱਖਰੀ ਜਾਂ ਨਿਆਰੀ ਪਛਾਣ ਦੇ ਧਾਰਨੀ ਹਨ। ਨਵੰਬਰ ੧੯੮੪ ਵਿਚ ਸਿੱਖਾਂ ਉਪਰ ਗੈਰਫੌਜੀ ਧਾੜਵੀ ਹਮਲੇ ਕਰਨ ਖਾਤਰ ਗੁਰਬਤ ਦੀ ਜਿੰਦਗੀ ਜਿਉਂ ਰਹੇ ਗਰੀਬ ਤਬਕੇ ਵਿਚੋਂ ਅਪਰਾਧੀ ਬਿਰਤੀ ਵਾਲੇ ਬੰਦੇ ਤਲਾਸ਼ ਕੇ ਸਰਕਾਰੀ ਨੀਤੀ ਨਾਲ ਤਿਆਰ ਕੀਤਾ ਗਿਆ ਬਲਕਿ ਉਨ੍ਹਾਂ ਅੰਦਰਲੀ ਨਿਰਦਾਇਤਾ ਅਤੇ ਜਾਲਮ ਬਿਰਤੀ ਨੂੰ ਜਗਾ ਕੇ ਸਿੱਖਾਂ ਉਪਰ ਧਾਵੀ ਕੀਤਾ ਗਿਆ। ਇਸ ਕਿਤਾਬ ਵਿਚ ਅਨੇਕਾਂ ਹੀ ਹਵਾਲੇ ਮਿਲਦੇ ਹਨ ਕਿ ਸਥਾਨਕ ਰਾਜਨੀਤਕ ਨੇਤਾਵਾਂ ਅਤੇ ਪੁਲਸ ਨੇ ਲੋਕਾਂ ਨੂੰ ਸਿੱਖਾਂ ਉਪਰ ਹਮਲੇ ਕਰਨ ਲਈ ਉਕਸਾਇਆ। ਗਵਾਲੀਅਰ ਦੇ ਫੂਲਬਾਗ ਦੀ ਸਾਖੀ ਵਿਚ ਦਰਜ ਹੈ, “ਲੋਕਾਂ ਆਖਿਆ ਕਿ ‘ਸਿੱਖ ਕਿਰਦਾਰਾਂ ਕਰਕੇ ਸਥਾਨਕ ਲੋਕਾਂ ਚ ਸਿੱਖਾਂ ਦਾ ਸਤਿਕਾਰ ਬਹੁਤ ਸੀ। ‘ਜੇਕਰ ਸਤਿਕਾਰ ਬਹੁਤ ਸੀ ਤਾਂ ਫਿਰ ਹਮਲੇ ਕਿਉਂ ਹੋਏ’ ਇਹ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ

ਮੱਧ ਪ੍ਰਦੇਸ਼ ਦੇ ‘ਮੋਹਣਾ’ ਵਿਚ ਜਦ ਇੱਕ ਸਿੱਖ ਦੇਸ ਰਾਜ ਸਿੰਘ ਭੀੜ ਨਾਲ ਜੂਝ ਰਿਹਾ ਸੀ ਤਾਂ ਪਿੱਛੋਂ ਇਕ ਮੁਸਲਮਾਨ ਨੇ ਆ ਕੇ ਸਿਰ ਵਿਚ ਡਾਂਗ ਮਾਰੀ ਤੇ ਉਹ ਬੇਸੁਰਤ ਹੋ ਕੇ ਡਿੱਗ ਪਿਆ। ਅਰਥਾਤ ਮੁਸਲਮਾਨ, ਜਿਨ੍ਹਾਂ ਨਾਲ ਭਾਰਤੀ ਰਾਸ਼ਟਰ ਦੇ ਸੰਕਲਪ ਧਾਰਨ ਦੇ ਪਹਿਲੇ ਦਿਨ ਤੋਂ ਹੀ ਬਿਪਰਵਾਦ ਦਾ ਵਿਰੋਧ ਰਿਹਾ ਹੈ ਉਨ੍ਹਾਂ ਨੂੰ ਵੀ ਸਿੱਖਾਂ ਦੇ ਖਿਲਾਫ ਭੁਗਤਾ ਲਿਆ। ਸਿੱਖ ਉਨ੍ਹਾਂ ਇਲਾਕਿਆਂ ਵਿੱਚ ਗ਼ਰੀਬ ਲੋਕਾਂ ਲਈ ਰੁਜ਼ਗਾਰ ਦਾ ਆਧਾਰ ਬਣੇ ਹੋਏ ਸਨ ਪਰ ਭਾਰਤੀ ਹਕੂਮਤ ਨੇ ਗੁਰਬਤ ਦੀ ਜਿੰਦਗੀ ਜਿਉਂ ਰਹੇ ਲੋਕਾਂ ਨੂੰ ਹੀ ਉਨ੍ਹਾਂ ਦੇ ਰੁਜਗਾਰ ਦਾਤਾਵਾਂ ਖਿਲਾਫ ਭੁਗਤਾ ਲਿਆ। ਸਮਝਣ ਵਾਲਾ ਨੁਕਤਾ ਇਹ ਹੈ ਕਿ ਭਾਰਤੀ ਸੱਤਾ ਇਕ ਘੱਟਗਿਣਤੀ ਨੂੰ ਦੂਜੀ ਘਟਗਿਣਤੀ ਪਛਾਣ ਵਿਰੁੱਧ ਭੁਗਤਾਉਂਦੀ ਹੈ। ਜਦਕਿ ਦੋਵਾਂ ਨੂੰ ਆਪਣਾ ਦੁਸ਼ਮਣ ਮੰਨਦੀ ਹੈ। ਇਹ ਇਸ ਕਰ ਕੇ ਵਾਪਰਦਾ ਹੈ ਕਿ ਦਮਿਤ ਦੀ ਇਹ ਨਿਸ਼ਾਨੀ ਹੁੰਦੀ ਹੈ ਉਹ ਸਦਾ ਹੀ ਵੰਡੇ ਹੋਏ ਹੁੰਦੇ ਹਨ ਅਤੇ ਮੋਹਰੇ ਵੀ ਬਣਦੇ ਹਨ।  (Paulo Freire, 2005, 55) ਉਹ ਦਮਨਕਾਰ ਦੀ ਠੀਕ ਪਛਾਣ ਕਰਨ ਦੀ ਥਾਂ ਦਮਨਕਾਰ ਦਾ ਸੰਦ ਬਣ ਕੇ ਉਨ੍ਹਾਂ ਉਪਰ ਹੀ ਹਮਲਾਵਰ ਹੋ ਜਾਂਦੇ ਹਨ ਜਿਹੜੇ ਉਨ੍ਹਾਂ ਦੇ ਉਥਾਨ ਦਾ ਆਧਾਰ ਬਣਦੇ ਹਨ ਜਾਂ ਮਹਿਕੂਮ ਵਜੋਂ ਉਨ੍ਹਾਂ ਵਰਗੀ ਸਥਿਤੀ ਹੀ ਭੋਗ ਰਹੇ ਹੁੰਦੇ ਹਨ। ਜਿਵੇਂ ਨਵੰਬਰ ੧੯੮੪ ਵਿਚ ਮੁਸਲਮਾਨਾਂ ਦੇ ਕੁਝ ਲੋਕਾਂ ਨੂੰ ਸਿੱਖਾਂ ਖਿਲਾਫ ਭੁਗਤਾਇਆ ਗਿਆ ਉਸੇ ਤਰ੍ਹਾਂ ਸਿੱਖਾਂ ਉਪਰ ਵੀ ਲਗਾਤਾਰ ਇਹ ਕੋਸ਼ਿਸ਼ ਹੋ ਰਹੀ ਹੈ ਕਿ ਉਹ ਮੁਸਲਮਾਨਾਂ ਖਿਲਾਫ ਭਾਰਤੀ ਭਗਵੇਂਕਰਣ ਦਾ ਸਾਥ ਦੇ ਦੇਣ। ਪਰ ਸਿੱਖ ਇਸ ਤਰੀਕੇ ਭਾਰਤੀ ਸੱਤਾ ਦਾ ਹੱਥ ਠੋਕਾ ਨਹੀਂ ਬਣੇ। ਇਹ ਸਿੱਖਾਂ ਦੀ ਪ੍ਰਾਪਤੀ ਹੈ। ਸਿੱਖਾਂ ਸਾਹਮਣੇ ਚੁਣੌਤੀ ਇਹ ਹੈ ਕਿ ਉਨ੍ਹਾਂ ਨੇ ਭਾਰਤ ਦੀਆਂ ਹੋਰ ਦਮਿਤ ਕੌਮਾਂ, ਸਭਿਆਚਾਰਾਂ ਅਤੇ ਸਮਾਜਾਂ ਨੂੰ ਵੀ ਇਸੇ ਤਰੀਕੇ ਸੁਚੇਤ ਅਤੇ ਜਾਗਰੂਕ ਕਰਨਾ ਹੈ ਤਾਂ ਜੋ ਉਹ ਭਾਰਤੀ ਸੱਤਾ ਦੀਆਂ ਚਾਲਾਂ ਦੇ ਸੰਦ ਨਾ ਬਣ ਕੇ ਆਪਸੀ ਸਹਿਯੋਗ ਨਾਲ ਬਿਪਰ ਦੇ ਦਮਨਕਾਰੀ ਰਾਜ ਨੂੰ ਪਲਟ ਕੇ ਇਕ ਸਹਿਚਾਰੀ ਰਾਜ, ਹਲੇਮੀ ਰਾਜ ਪ੍ਰਬੰਧ ਜਾਂ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿੱਚ ਬੇਗਮਪੁਰਾ ਸਥਾਪਤ ਕਰ ਲੈਣ। ਇਸ ਕਿਤਾਬ ਵਿਚਲੀਆਂ ਪ੍ਰਤੱਖ ਘਟਨਾਵਾਂ ਸਿੱਖਾਂ ਨੂੰ ਇਸ ਪਾਸੇ ਜਤਨ ਕਰਨ ਵੱਲ ਤੋਰਨ ਵਿਚ ਮਦਦਗਾਰ ਸਾਬਤ ਹੋਣਗੀਆਂ।

੪.੦. ਇਸ ਕਿਤਾਬ ਦੇ ਹਵਾਲੇ ਨਾਲ ਸਮਝਣ ਵਾਲੀ ਇੱਕ ਗੱਲ ਇਹ ਹੈ ਕਿ ਕਿਸੇ ਵੀ ਰਾਜ ਪ੍ਰਬੰਧ ਵਿਚ ਕਿਰਤੀ ਅਤੇ ਉਦਮੀ ਲੋਕ ਜੋ ਦੂਜਿਆਂ ਲਈ ਮਿਸਾਲ ਅਤੇ ਰੋਜੀ ਦਾ ਆਧਾਰ ਬਣਦੇ ਹਨ ਉਨ੍ਹਾਂ ਨੂੰ ਸਤਿਕਾਰ ਨਾਲ ਵੇਖਿਆ ਜਾਂਦਾ ਹੈ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਵਸਦੇ ਕਿਰਤੀ ਵਪਾਰੀ ਅਤੇ ਕਾਰੋਬਾਰੀ ਸਿੱਖ ਇਸੇ ਸ਼੍ਰੇਣੀ ਵਿਚ ਆਉਂਦੇ ਸਨ ਅਤੇ ਉਥੋਂ ਦੇ ਲੋਕਾਂ ਦੇ ਸਿੱਖਾਂ ਬਾਰੇ ਖਿਆਲ ਵੀ ਇਸੇ ਤਰ੍ਹਾਂ ਦੇ ਸਨ। ਕਿਤਾਬ ਵਿਚ ਇਕ ਸਥਾਨਕ ਸੱਜਣ ਦੀ ਸਿੱਖਾਂ ਬਾਰੇ ਆਖੀ ਗੱਲ ਦਰਜ ਹੈ ਕਿ “ਸਰਦਾਰ ਲੋਕਾਂ ਨੇ ਸਾਨੂੰ ਖਾਣ ਜੋਗਰੇ ਕੀਤਾ, ਸਾਡੇ ਪਿਉ-ਦਾਦਿਆਂ ਦੀਆਂ ਤਾਂ ਮੀਲਾਂ ਦੂਰੋਂ ਅਨਾਜ ਲਿਆਉਂਦਿਆਂ ਦੀਆਂ ਪੀੜ੍ਹੀਆਂ ਗੁਜਰ ਗਈਆਂ। ਕੈਸੇ ਬਖਸ਼ੇ ਹੋਏ ਬੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਸਾਡੀਆਂ ਬੇਟੀਆਂ ਦੇ ਵਿਆਹਾਂ ਮੌਕੇ ਘਰ ਲੋੜੀਂਦਾ ਸਾਮਾਨ ਅਤੇ ਅਨਾਜ ਆਦਿ ਦੀਆਂ ਢੇਰੀਆਂ ਲਾ ਜਾਂਦੇ ਨੇ।” ਇਹ ਗੱਲ ਸਿੱਖਾਂ ਦੀ ਸਥਾਨਕ ਪੱਧਰ ‘ਤੇ ਦੂਜੇ ਧਰਮਾਂ ਦੇ ਲੋਕਾਂ ਵਿਚ ਸਤਿਕਾਰ ਦੀ ਮਾਨਤਾ ਦਾ ਪ੍ਰਮਾਣ ਹੈ। ਇਸ ਗੱਲ ਦੇ ਗਵਾਹ ਭਾਰਤੀ ਹਾਕਮਾਂ ਦੇ ਬਿਆਨ, ਇਤਿਹਾਸ ਦੀਆਂ ਕਿਤਾਬਾਂ ਅਤੇ ਹੋਰ ਕਿੰਨੇ ਹੀ ਤੱਥ ਹਨ ਕਿ ਸਿੱਖਾਂ ਨੇ ਭਾਰਤ ਖਾਤਰ ਫੌਜੀ, ਆਰਥਿਕ, ਰਾਜਸੀ ਅਤੇ ਹੋਰ ਅਨੇਕਾਂ ਖੇਤਰਾਂ ਵਿਚ ਬੇਹੱਦ ਸਹਿਯੋਗ ਦਿੱਤਾ। ਸਿੱਖਾਂ ਦਾ ਇਹ ਵਰਗ ਸਿੱਖਾਂ ਵੱਲੋਂ ਹੀ ਆਲੋਚਨਾ ਦਾ ਸ਼ਿਕਾਰ ਵੀ ਰਿਹਾ ਅਰਥਾਤ ਉਹ ਆਪਣੇ ਸਮਾਜ ਤੋਂ ਵੀ ਬੁਰਾ ਭਲਾ ਸਹਿੰਦੇ ਹੋਏ ਹਰ ਭਾਂਤ ਨਾਲ ਭਾਰਤੀ ਲੋਕਾਂ ਦੇ ਰਾਖੇ ਤੇ ਅੰਨਦਾਤੇ ਬਣੇ ਅਤੇ ਭਾਰਤ ਨੂੰ ਪੈਰੀਂ-ਸਿਰੀਂ ਕਰਨ ਵਿਚ ਵੱਡਾ ਹਿੱਸਾ ਪਾਇਆ। ਬਲਕਿ ਨਵੰਬਰ ੧੯੮੪ ਵੇਲੇ ਹਮਲਿਆਂ ਦੀਆਂ ਬਹੁਤੀਆਂ ਉਹ ਥਾਵਾਂ ਸਨ ਜਿੱਥੇ ਗੁਰੂ ਸਾਹਿਬਾਨ ਆਪਣੇ ਜੀਵਨ ਕਾਲ ਦੌਰਾਨ ਯਾਤਰਾਵਾਂ ਕੀਤੀਆਂ ਅਤੇ ਬੇਸਹਾਰਾ ਨਿਮਾਣਿਆਂ ਨਿਤਾਣਿਆਂ, ਗਰੀਬ ਗੁਰਬਿਆਂ ਲਈ ਮੁੱਢਲੀਆਂ ਸਹੂਲਤਾਂ ਪੈਦਾ ਕਰਕੇ ਨਿਆਸਰਿਆਂ ਦਾ ਆਸਰਾ ਬਣੇ।

ਨਵੰਬਰ ੧੯੮੪ ਦੇ ਹਵਾਲੇ ਨਾਲ ਆਖਿਆ ਜਾ ਸਕਦਾ ਹੈ ਕਿ ਭਾਰਤੀ ਸੱਤਾ ਨੇ ਉਨ੍ਹਾਂ ਨੂੰ ਬੇਸ਼ੱਕ ਆਪਣੇ ਨਾਲ ਰੱਖਿਆ ਪਰ ਉਨ੍ਹਾਂ ਦੀ ਏਨੀ ਹਿੱਸੇਦਾਰੀ ਦੇ ਬਾਵਜੂਦ ਵੀ ਅਪਣਾਇਆ ਨਹੀਂ ਸਗੋਂ ਦੁਸ਼ਮਣ ਹੀ ਸਮਝਿਆ ਅਤੇ ਉਨ੍ਹਾਂ ਨਾਲ ਉਹੀ ਕੀਤਾ ਜੋ ਇੱਕ ਸਦੀਆਂ ਦੇ ਦੁਸ਼ਮਣ ਨਾਲ ਕੀਤਾ ਜਾ ਸਕਦਾ ਹੈ। ਸਰਕਾਰ ਦੇ ਕਰਿੰਦਿਆਂ ਨੇ ਸਭ ਸਿੱਖਾਂ ਉਪਰ ਇਕਸਾਰ ਹਮਲਾ ਕੀਤਾ। ਕਿਸੇ ਨਾਲ ਕੋਈ ਫਰਕ ਨਹੀਂ ਰੱਖਿਆ। ਇਹ ਗੱਲ ਭਾਰਤੀ ਪ੍ਰਬੰਧ ਦੇ ਵਿਕਾਸ ਵਿਚ ਹਿੱਸਾ ਪਾਉਣ ਦੀਆਂ ਸਰਕਾਰੀ ਫਰਿਆਦਾਂ ਦੇ ਦਾਅਵਿਆਂ ਨੂੰ ਥੋਥਿਆਂ ਸਿੱਧ ਕਰ ਦਿੰਦੀ ਹੈ। ਇੱਥੇ ਇਹ ਗੱਲ ਇਹ ਸਪੱਸ਼ਟ ਹੁੰਦੀ ਹੈ ਕਿ ਭਾਰਤੀ ਪ੍ਰਬੰਧ ਵਿਚ ਕੋਈ ਦੂਸਰੀ ਕੌਮ, ਸਭਿਆਚਾਰ ਕੇਵਲ ਸ਼ਾਸਤਰੀ ਮਾਨਤਾਵਾਂ ਤਹਿਤ ਹੀ ਪ੍ਰਵਾਨ ਹੋ ਸਕਦੀ ਹੈ, ਰਾਸ਼ਟਰੀ ਵਿਕਾਸ ਵਿੱਚ ਹਿੱਸਾ ਆਦਿ ਪਾ ਕੇ ਨਹੀਂ ਜਿਵੇਂ ਵਿਖਾਇਆ ਜਾਂਦਾ ਹੈ।

ਹਥਲੀ ਕਿਤਾਬ ਇਕ ਬਹੁਤ ਅਹਿਮ ਤੱਥ ਇਹ ਸਥਾਪਤ ਕਰਦੀ ਹੈ ਕਿ ਸਭ ਤੋਂ ਵੱਧ ਨੁਕਸਾਨੇ ਹੀ ਹੋ ਗਏ ਜਿਹੜੇ ਇਹ ਵਹਿਮ ਵਿਚ ਸਨ ਕਿ ਉਨ੍ਹਾਂ ਦਾ ਉਨ੍ਹਾਂ ਦੇ ਇਲਾਕਿਆਂ ਵਿਚ ਬੜਾ ਚੰਗਾ ਮਿਲਵਰਤਨ ਹੈ। ਇਸ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਹਮਲੇ ਪਿੱਛੇ ਛਿਪੇ ਸਰਕਾਰੀ ਬੰਦਿਆਂ ਨੇ ਨਫਰਤੀ ਭਾਸ਼ਣਾਂ ਨਾਲ ਗੁਆਂਢੀਆਂ ਦੇ ਗੁਆਂਢੀ ਦੁਸ਼ਮਣ ਬਣਾ ਦਿੱਤੇ। ਬਲਕਿ ਇਹ ਕਿਤਾਬ ਸਾਖੀ ਭਰਦੀ ਹੈ ਕਿ ਸਿੱਖ ਨਸਲਕੁਸ਼ੀ ਦਾ ਸਭ ਤੋਂ ਮਾੜਾ ਅਸਰ ਉਨ੍ਹਾਂ ਥਾਵਾਂ ਤੇ ਹੀ ਵੇਖਿਆ ਗਿਆ ਜਿੱਥੇ ਸਿੱਖ ਗਿਣਤੀ ਵਿਚ ਘੱਟ ਸਨ ਜਾਂ ਕਮਜੋਰ ਅਤੇ ਅਵੇਸਲੇ  ਸਨ। ਇਸ ਤੱਥ ਤੋਂ ਇਹ ਧਾਰਨਾ ਬਣਦੀ ਹੈ ਕਿ ਭਾਰਤੀ ਪ੍ਰਬੰਧ ਵਿਚ ਮਹਿਕੂਮ ਕੌਮਾਂ ਸਭਿਆਚਾਰਾਂ ਨੂੰ ਖਿੰਡੇ ਪੁੰਡੇ ਰਹਿਣ ਦੀ ਥਾਂ ਇਕੱਠਿਆਂ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵੀ ਮੁਸੀਬਤ ਨੂੰ ਮੋੜ ਸਕਣ। ਦੂਜਾ ਉਨ੍ਹਾਂ ਨੂੰ ਰਾਸ਼ਟਰੀ ਵਿਕਾਸ ਦੀ ਥਾਂ ਆਪਣੇ ਅਤੇ ਹੋਰ ਮਹਿਕੂਮ ਸਭਿਆਚਾਰਾਂ ਨੂੰ ਮਜਬੂਤ ਕਰਨ ਲਈ ਸੋਚਣਾ ਚਾਹੀਦਾ ਹੈ। ਕਿਉਂਕਿ ਇੱਥੇ ਮੁਸੀਬਤਾਂ ਕੁਦਰਤੀ ਨਹੀਂ ਸਗੋਂ ਬਿਪਰਵਾਦ ਦੁਆਰਾ ਪ੍ਰੇਰਤ ਅਤੇ ਰਾਜਨੀਤਕ ਵਧੇਰੇ ਹਨ। ਉੱਤਰ ਪ੍ਰਦੇਸ਼ ਵਿਚ ਮੁਸਲਮਾਨਾਂ ਖਿਲਾਫ, ਗੁਜਰਾਤ ਵਿਚ ਮੁਸਲਮਾਨਾਂ ਖਿਲਾਫ, ਬੰਬਈ ਵਿਚ ਯੂ ਪੀ ਬਿਹਾਰ ਦੇ ਪਰਵਾਸੀਆਂ ਖਿਲਾਫ ਚੱਲੇ ਹਿੰਸਕ ਵਰਤਾਰੇ ਸਮਾਜਿਕ ਨਹੀਂ ਸਗੋਂ ਰਾਜਸੀ ਪ੍ਰੇਰਿਤ ਸਨ।

੫.੦. ਹੱਥਲੀ ਕਿਤਾਬ ਵਿਚ ਇਕ ਇਹ ਤੱਥ ਬੜੇ ਪ੍ਰਬਲ ਰੂਪ ਵਿਚ ਸਾਹਮਣੇ ਆਇਆ ਹੈ ਕਿ ਜਿੱਥੇ ਜਿੱਥੇ ਵੀ ਸਿੱਖਾਂ ਨੇ ਡਟਵਾਂ ਮੁਕਾਬਲਾ ਕੀਤਾ ਅਤੇ ਦੂਣ ਸਵਾਏ ਹੋ ਕੇ ਟੱਕਰੇ ਉਥੇ ਬਚਾ ਰਿਹਾ। ਖਾਲਸਾਈ ਰਵਾਇਤ ਮੁਤਾਬਕ ਜੰਗਜੂ ਸੁਭਾਅ ਵਾਲੇ ਸਿੰਘਾਂ ਸਿੰਘਣੀਆਂ ਨੇ ਰਵਾਇਤੀ ਹਥਿਆਰ ਕਿਰਪਾਨਾਂ, ਸਲੋਤਰ ਆਦਿ ਇਕੱਠੇ ਕਰ ਲਏ ਸਨ। ਬੀਬੀਆਂ ਨੇ ਇੱਟਾਂ ਰੋੜੇ ਇਕੱਠੇ ਕਰ ਕੇ ਭੀੜਾਂ ਉਪਰ ਵਰ੍ਹਾ ਕੇ ਭੀੜਾਂ ਨੂੰ ਰੋਕਣ ਵਿਚ ਵੱਡਾ ਹਿੱਸਾ ਪਾਇਆ। ਜਿੱਥੇ ਇੱਕ ਵੀ ਬੰਦਾ ਖਾਲਸਾਈ ਰਵਾਇਤ ਅਨੁਸਾਰ ਸਵੈ ਰੱਖਿਆ ਦੀ ਧਾਰਨਾ ਵਾਲਾ ਸੀ ਉਸ ਨੇ ਅਨੇਕਾਂ ਸਿੰਘਾਂ ਸਿੰਘਣੀਆਂ ਨੂੰ ਤਿਆਰ ਕਰਕੇ ਆਪਣੇ ਨਾਲ ਲਾ ਲਿਆ ਅਤੇ ਵੱਡੇ ਕਤਲੇਆਮ ਤੋਂ ਬਚਾਅ ਕੀਤਾ। ਵਰਤਮਾਨ ਰਾਜ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸਿੱਖਾਂ ਵੱਲੋਂ ਦੋ ਜੀਪਾਂ ਅਤੇ ਤਿੰਨ ਚਾਰ ਟਰੱਕਾਂ ਨਾਲ ਹਥਿਆਰ ਲੈ ਕੇ ਬਾਜਾਰਾਂ ਵਿਚੋਂ ਰੈਲੀ ਕੱਢੀ ਗਈ ਅਤੇ ਹਮਲਾਵਰਾਂ ਨੂੰ ਤਾਕਤ ਵਿਖਾ ਕੇ ਭਜਾਇਆ ਗਿਆ।

ਰਾਜ ਪ੍ਰਬੰਧਾਂ ਦੇ ਜਾਣਕਾਰ ਇਹ ਜਾਣਦੇ ਹਨ ਕਿ ਪਰਜਾ ਦੀ ਰਾਖੀ ਅਤੇ ਰੋਜੀ ਸਦਾ ਹੀ ਕਿਸੇ ਵੀ ਰਾਜ ਦੇ ਮੁਢਲੇ ਫਰਜ ਰਹੇ ਹਨ। ਕਿਸੇ ਵੀ ਧਾਰਮਿਕ, ਰਾਜਸੀ ਅਤੇ ਸਭਿਆਚਾਰਕ ਮਾਲਕੀ ਅਤੇ ਅਗਵਾਈ ਦਾ ਇਹ ਪਹਿਲਾ ਅਸੂਲ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਉਨ੍ਹਾਂ ਦੀ ਰੋਜੀ ਰੋਟੀ ਦੇ ਪੁਖਤਾ ਇੰਤਜਾਮ ਹੋਣ। ਜਦੋਂ ਤੋਂ ਨਵੇਂ ਰਾਸ਼ਟਰੀ ਰਾਜ ਪ੍ਰਬੰਧ ਬਣੇ ਹਨ ਤਾਂ ਇਨ੍ਹਾਂ ਨੇ ਇਹ ਦੋਵੇਂ ਦਾਅਵੇ ਬੜੇ ਜੋਰ ਨਾਲ ਕੀਤੇ। ਬਲਕਿ ਰੱਖਿਆ ਦੇ ਮਾਮਲੇ ਵਿਚ ਤਾਂ ਲੋਕਾਂ ਤੋਂ ਸਵੈ ਰੱਖਿਆ ਅਤੇ ਹਥਿਆਰ ਰੱਖਣ ਦਾ ਹੱਕ ਵੀ ਖੋਹ ਲਿਆ। ਭਾਰਤ ਅਤੇ ਹੋਰ ਜਿੰਨੇ ਵੀ ਦੇਸਾਂ, ਰਾਸ਼ਟਰਾਂ ਵਿਚ ਸਿੱਖ ਵੱਸਦੇ ਹਨ ਤਾਂ ਉਨ੍ਹਾਂ ਨੂੰ ਖਾਲਸਾਈ ਸਵੈ ਰੱਖਿਆ ਦੇ ਸਿਧਾਂਤ ਦੀ ਰਵਾਇਤ ਬਰਕਰਾਰ ਰੱਖਣ ਲਈ ਰਾਸ਼ਟਰ ਦੇ ਕਾਨੂੰਨ ਨੇਮ ਨਾਲ ਸੰਘਰਸ਼ ਕਰਕੇ ਹੀ ਮਾਨਤਾ ਬਣਾਉਣੀ ਪਈ। ਹੁਣ ਭਾਰਤ ਤੋਂ ਬਾਹਰ ਵੱਖੋ ਵੱਖਰੀਆਂ ਥਾਵਾਂ ਤੇ ਜੇ ਸਿੱਖਾਂ ਨੂੰ ਹਥਿਆਰ ਕਿਰਪਾਨ ਰੱਖਣ ਦੀ ਖੁੱਲ੍ਹ ਹੈ ਤਾਂ ਉਹ ਕੇਵਲ ਧਾਰਮਕ ਚਿੰਨ੍ਹ ਵਜੋਂ ਹੈ ਨਾ ਕਿ ਹਥਿਆਰ ਵਜੋਂ। ਨਵੰਬਰ ੧੯੮੪ ਦੇ ਘਟਨਾਕ੍ਰਮ ਵਿਚ ਸਰਕਾਰ ਦੇ ਸਿੱਖਾਂ ਉਪਰ ਹੋਏ ਗੈਰਫੌਜੀ ਧਾੜਵੀ ਹਮਲੇ ਦੇ ਖਿਲਾਫ ਸਿੱਖਾਂ ਦੀ ਸਵੈ ਰਾਖੀ ਦੇ ਸਿਧਾਂਤ ਅਤੇ ਪਰੰਪਰਾ ਨੇ ਜੋ ਸਰਗਰਮ ਭੂਮਿਕਾ ਨਿਭਾਈ ਉਸ ਨੇ ਕਿੰਨੀਆਂ ਹੀ ਥਾਵਾਂ ਤੇ ਖੂਨ ਖਰਾਬੇ, ਨਸਲਕੁਸ਼ੀ ਤੋਂ ਬਚਾਅ ਕੀਤਾ। ਉਸ ਦੇ ਆਧਾਰ ਤੇ ਇਹ ਆਖਿਆ ਜਾ ਸਕਦਾ ਹੈ ਕਿ ਸਵੈ ਰੱਖਿਆ ਅਤੇ ਹਥਿਆਰ ਰੱਖਣ ਦਾ ਖਾਲਸਾਈ ਸਿਧਾਂਤ ਸਦੈਵ ਅਟੱਲ ਅਤੇ ਸਾਰਥਕ ਹੈ। ਨਵੰਬਰ ੧੯੮੪ ਦੇ ਘਟਨਾਕ੍ਰਮ ਵਿਚ ਇਹ ਨਵੇਂ ਰਾਜ ਪ੍ਰਬੰਧਾਂ ਦੀ ਰਾਖੀ ਦੇ ਦਾਅਵੇ ਤੋਂ ਵੀ ਉਪਰ ਦੀ ਮਾਨਤਾ ਵਾਲਾ ਸਿਧਾਂਤ ਅਤੇ ਵਰਤਾਰਾ ਬਣ ਉੱਭਰਦਾ ਹੈ।

੬.੦. ਹਥਲੀ ਕਿਤਾਬ ਵਿਚ ਦਰਜ ਸਾਖੀਆਂ ਸਿੱਖ ਰਵਾਇਤ ਦੇ ਧਰਮੀ ਜੀਵਨ ਅਤੇ ਇਨਸਾਫ ਦਾ ਹਵਾਲਾ ਬਣਦੀਆਂ ਹਨ। ਇਕ ਸਾਖੀ ਇਹ ਹੈ ਕਿ ਜਬਲਪੁਰ ਦੇ ਗਵਾਰੀ ਘਾਟ ਵਿਚ ਉੱਥੋਂ ਦੇ ਪੀ. ਡਬਲਿਊ. ਡੀ. ਮੰਤਰੀ ਚੰਦਰ ਕੁਮਾਰ ਭਨੋਟ ਦਾ ਭਰਾ ਸੰਸਾਰ ਚੰਦ ਭਨੋਟ ਨਿਹਾਇਤ ਨੀਵੇਂ ਦਰਜੇ ਤੱਕ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨਾਲ ਬੇਅਦਬ ਹੋਇਆ। ਉਸ ਦਾ ਅੰਤ ਬਹੁਤ ਬੁਰਾ ਹੋਇਆ। ਹਰ ਪਾਸਿਓਂ ਡਾਕਟਰਾਂ ਵੱਲੋਂ ਜੁਆਬ ਮਿਲ ਗਿਆ। ਕਿਸੇ ਨੇ ਦੱਸਿਆ ਕਿ ਕਿਸੇ ਸਿੱਖ ਪਾਸੋਂ ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਹੀ ਇਸ ਦੀ ਜਾਨ ਨਿਕਲ ਸਕਦੀ ਹੈ। ਇੰਨੇ ਨੀਵੇਂ ਉਤਰੇ ਬੰਦੇ ਉਪਰ ਵੀ ਕਿਸੇ ਸਿੱਖ ਨੇ ਅਖੀਰ ਨੂੰ ਰਹਿਮ ਕਰ ਦਿੱਤਾ। ਇਹ ਸਾਖੀ ਸਿੱਖ ਪਰੰਪਰਾ ਦੀ ਉਸ ਯਾਦ ਨੂੰ ਤਾਜਾ ਕਰਦੀ ਹੈ ਜਿਸ ਵਿਚ ਇਹ ਮਾਨਤਾ ਹੈ ਕਿ ਅਕਾਲਪੁਰਖ ਪਾਪੀ ਨੂੰ ਖੁਦ ਦੰਡ ਦਿੰਦਾ ਹੈ। ਪ੍ਰਿੰਸੀਪਲ ਸਵਰਨ ਸਿੰਘ ਅਹਿਮਦਸ਼ਾਹ ਅਬਦਾਲੀ ਦੇ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣ ਦੇ ਹਮਲੇ ਵੇਲੇ ਦਰਬਾਰ ਸਾਹਿਬ ਦੀ ਲੱਗੀ ਇੱਟ ਦੇ ਹਵਾਲੇ ਨਾਲ ਹੋਏ ਜਖ਼ਮ ਬਾਰੇ ਲਿਖਦੇ ਹਨ ਕਿ ਜਖਮ ਉਸ ਦਾ ਨਾਸੂਰ ਬਣ ਗਿਆ ਅਤੇ ਅਖੀਰ ਨੂੰ ਬੜੀ ਮੰਦੀ ਹਾਲਤ ਵਿਚ ਉਸ ਦੀ ਮੌਤ ਹੋਈ। (੨੦੧੬, ੯੧) ਇਸ ਤਰ੍ਹਾਂ ਇੰਦਰਾ ਗਾਂਧੀ ਜਿਸ ਨੂੰ ਦੁਨਿਆਵੀ ਰੂਪ ਦੇ ਵਿਚ ਕਿਸੇ ਵੀ ਤਰੀਕੇ ਸਜਾ ਦੇਣੀ ਸੰਭਵ ਨਹੀਂ ਸੀ। ਉਹ ਭਾਰਤੀ ਅਦਾਲਤਾਂ ਤੋਂ ਉਪਰ ਦੀ ਸੀ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਭਾਰਤੀ ਅਦਾਲਤਾਂ ਉਸ ਨੂੰ ਸਜਾ ਦੇਣ ਲਈ ਸਮਰੱਥ ਜਾਂ ਸਹਿਮਤ ਨਹੀਂ ਸਨ। ਸਿੱਖ ਸਾਂਝਾ ਮਨ ਇਹ ਮੰਨਦਾ ਹੈ ਕਿ ਉਸ ਨੂੰ ਸਜਾ ਦੇਣ ਲਈ ਅਕਾਲ ਪੁਰਖ ਨੇ ਆਪ ਸਿੰਘਾਂ ਦੀ ਬਿਰਤੀ ਬਦਲ ਦਿੱਤੀ। ਬੇਸ਼ੱਕ ਤਾਰਕਿਕ ਵਿੱਦਿਆ ਅਤੇ ਖੋਜ ਵਿਚ ਅਜਿਹੀਆਂ ਘਟਨਾਵਾਂ ਨੂੰ ਹਵਾਲੇ ਵਜੋਂ ਨਹੀਂ ਮੰਨਿਆ ਜਾਂਦਾ ਪਰ ਸਿੱਖ ਰਵਾਇਤ ਵਿਚ ਇਹ ਮੁੜ ਮੁੜ ਪਰਗਟ ਹੋ ਰਹੀਆਂ ਹਨ। ਇਨ੍ਹਾਂ ਦੀ ਲਗਾਤਾਰਤਾ ਆਪਣੇ ਆਪ ਵਿਚ ਇੱਕ ਪੁਖਤਾ ਹਵਾਲਾ ਬਣਦੀ ਹੈ ਜਿਨ੍ਹਾਂ ਵਿਚੋਂ ਸਿੱਖੀ ਪ੍ਰਤੱਖ ਰੂਪ ਵਿਚ ਪ੍ਰਗਟ ਹੁੰਦੀ ਦਿਖਦੀ ਹੈ।

੩.੦. ਉਪਰੋਕਤ ਗੱਲ ਨੂੰ ਨਿਬੇੜਦਿਆਂ ਇਹੀ ਆਖਿਆ ਜਾ ਸਕਦਾ ਹੈ ਕਿ ਨਵੰਬਰ ੧੯੮੪ ਵਿੱਚ ਸਿੱਖਾਂ ਨੂੰ ਨਸਲਕੁਸ਼ੀ ਦੇ ਨਾਲ ਨਾਲ ਆਪਣੀ ਪਵਿੱਤਰ ਵਿਰਾਸਤ ਉਪਰ ਬੇਹੱਦ ਨੀਵੇਂ ਦਰਜੇ ਦੇ ਹਮਲੇ ਜਰਨੇ ਪਏ ਪਰ ਵਿਆਖਿਆ ਦੇ ਨੁਕਤੇ ਤੋਂ ਇਹ ਆਖਿਆ ਜਾ ਸਕਦਾ ਕਿ ਇਸ ਘਟਨਾਕ੍ਰਮ ਨਾਲ ਭਾਰਤੀ ਪ੍ਰਬੰਧ ਦੇ ਸਭ ਦਾਅਵੇ ਖੋਖਲੇ ਸਿੱਧ ਹੋ ਗਏ ਅਤੇ ਇਸ ਰਾਜ ਦਾ ਰੂਪ ਬੇਇਨਸਾਫ ਅਤੇ ਜਾਲਮ ਰੂਪ ਪਰਗਟ ਹੋ ਗਿਆ। ਪੁਲਸ, ਪ੍ਰਸ਼ਾਸਨ, ਨਿਆਂ ਪ੍ਰਬੰਧ ਅਤੇ ਮਗਰੋਂ ਮੁੜ ਵਸੇਬੇ ਦੀਆਂ ਸਹੂਲਤਾਂ ਦੀ ਜਲਾਲਤ ਜਿੱਥੇ ਭਾਰਤੀ ਰਾਜ ਤੋਂ ਸਿੱਖਾਂ ਦਾ ਭਰੋਸਾ ਚੱਕ ਦਿੰਦੀ ਹੈ ਉੱਥੇ ਹੀ ਦੁਨੀਆ ਸਾਹਮਣੇ ਭਾਰਤੀ ਸੱਤਾ ਉਪਰ ਬੈਠੇ ਬਿਪਰ ਦੀ ਅੰਦਰਲੀ ਬਿਰਤੀ ਨੂੰ ਉਜਾਗਰ ਕਰ ਦਿੰਦੀ ਹੈ। ਲੱਖਾਂ ਦੇ ਸੜੇ ਸਾਮਾਨ ਲਈ ਕੁਝ ਹਜਾਰਾਂ ਦੀ ਕੀਮਤ ਦਾ ਸੱਚ ਉਜਾਗਰ ਕਰਦੀਆਂ ਅੰਤਿਕਾਵਾਂ ਪ੍ਰਤੱਖ ਸਬੂਤ ਹਨ ਕਿ ਭਾਰਤੀ ਹਕੂਮਤ ਨੇ ਕੇਵਲ ਨਵੰਬਰ ੧੯੮੪ ਵਿਚ ਹੀ ਨਹੀਂ ਸਗੋਂ ਉਸ ਤੋਂ ਬਾਅਦ ਤੱਕ ਸਿੱਖਾਂ ਨਾਲ ਦੁਸ਼ਮਣੀ ਉਸੇ ਰੂਪ ਵਿਚ ਪੁਗਾਈ ਹੈ ਜਿਵੇਂ ੧੯੮੪ ਵਿਚ ਸੀ। ਜਦੋਂ ਸਿੱਖ ਕਾਰੋਬਾਰ, ਘਰ, ਗੁਰਦੁਆਰੇ, ਹਸਪਤਾਲ ਸੜ ਰਹੇ ਸਨ ਤਾਂ ਭਾਰਤੀ ਹਕੂਮਤ ਦਾ ‘ਕੌਮੀ ਸਰਮਾਏ’ ਦਾ ਸੰਕਲਪ ਵੀ ਨਾਲ ਹੀ ਜਲ ਰਿਹਾ ਸੀ। ਲੋਕਾਂ ਦੀ ਰਾਖੀ ਲਈ ਬਣਾਈ ਪੁਲਸ ਖੁਦ ਸਿੱਖਾਂ ਨੂੰ ਲੁੱਟਣ ਲਈ ਧਾੜਵੀਆਂ ਨੂੰ ਅੱਗੇ ਵਧਾ ਰਹੀ ਸੀ। ਹਥਲੀ ਕਿਤਾਬ ਦਾ ਹਾਸਲ ਇਹ ਹੈ ਕਿ ਇਸ ਵਿਚ ਭਾਰਤੀ ਪ੍ਰਬੰਧ ਨੂੰ ਨਸ਼ਰ ਕਰਨ ਵਾਲੀ ਹਰ ਸਾਖੀ ਕਿਸੇ ਚਸ਼ਮਦੀਦ ਦੀ ਬਿਆਨੀ ਹੋਈ ਹੈ ਜਾਂ ਉਸ ਵੇਲੇ ਦੇ ਸਥਾਨਕ ਅਖਬਾਰਾਂ ਦੀ ਜੁਬਾਨੀ ਰੱਖੀ ਗਈ ਹੈ। ਇਸ ਘਟਨਾਕ੍ਰਮ ਤੋਂ ਬਾਅਦ ਭਾਰਤ ਅਤੇ ਦੁਨੀਆ ਦੇ ਹੋਰ ਲੋਕ ਅਤੇ ਚਿੰਤਕ ਭਾਰਤੀ ਪ੍ਰਬੰਧ ਦੀ ਨਿਰਦਈ ਅਤੇ ਜਾਲਮ ਹੋਣ ਬਾਰੇ ਗੱਲ ਆਖਣ ਲੱਗੇ ਹਨ। ਹਥਲੀ ਕਿਤਾਬ ਅਜਿਹੀਆਂ ਧਾਰਨਾਵਾਂ ਦਾ ਪੁਖਤਾ ਹਵਾਲਾ ਬਣਨ ਦੀ ਸਮਰੱਥਾ ਰੱਖਦੀ ਹੈ। ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਹੁਣ ਤੱਕ ਸਾਰੀ ਲਿਖਤ ਅਤੇ ਬੋਲ ਚਾਲ ਸਿੱਖ ਨਸਲਕੁਸ਼ੀ ਨੂੰ ‘ਦਿੱਲੀ ਦੰਗਿਆਂ’ ਵਜੋਂ ਹੀ ਪਰਿਭਾਸ਼ਤ ਕਰਦੀ ਰਹੀ ਹੈ। ਹਥਲੀ ਕਿਤਾਬ ‘ਦਿੱਲੀ’ ਅਤੇ ‘ਦੰਗੇ’ ਦੋਵਾਂ ਸ਼ਬਦਾਂ ਨੂੰ ਤੋੜਦੀ ਹੋਈ ਨਵੰਬਰ ੧੯੮੪ ਦੇ ਘਟਨਾਕ੍ਰਮ ਨੂੰ ‘ਸਰਬਭਾਰਤੀ ਸਿੱਖ ਨਸਲਕੁਸ਼ੀ, ਵਜੋਂ ਪਰਿਭਾਸ਼ਤ ਕਰਨ ਦੇ ਸਬੂਤ ਮੁਹੱਈਆ ਕਰਦੀ ਹੈ।

ਸਹਾਇਕ ਸਰੋਤ

  1. ਸਵਰਨ ਸਿੰਘ, ਅਬਦਾਲੀ ਸਿੱਖ ਅਤੇ ਵੱਡਾ ਘੱਲੂਘਾਰਾ, ਸਿੰਘ ਬ੍ਰਦਰਜ, ਅੰਮ੍ਰਿਤਸਰ,  ੨੦੧੬.
  2. ਸਵਰਨ ਸਿੰਘ, ਭੂਰਿਆਂ ਵਾਲੇ ਰਾਜੇ ਕੀਤੇ, ਸਿੰਘ ਬ੍ਰਦਰਜ, ਅੰਮ੍ਰਿਤਸਰ, ੨੦੨੦.
  3. ਪ੍ਰੇਮ ਪ੍ਰਕਾਸ਼ ਸਿੰਘ, ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ, ਮਦਾਨ ਪਬਲੀਕੇਸ਼ਨਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੨੦੦੪.
  4. Arundhati Roy, GULFNEWS, https://gulfnews.com/world/asia/india/arundhati-roy-pakistan-army-was-never-used-against-its-own-people-1.66021181.
  5. Pauli Freire, Pedagogy of the Oppressed, tr. Myra Bergman Romos, Continuum, New York-London, 2005.
  6. Wendy Doniger, On Hinduism, Oxford University Press, New York, 2014.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: