ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਅਤੇ ਕੈਪਟਨ ਅਮਰਿੰਦਰ ਸਿੰਘ (ਪੁਰਾਣੀ ਫੋਟੋ)

ਵਿਦੇਸ਼

ਸਿੱਖਸ ਫਾਰ ਜਸਟਿਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਕਾਰਵਾਈ ਦੀ ਤਿਆਰੀ

By ਸਿੱਖ ਸਿਆਸਤ ਬਿਊਰੋ

April 17, 2016

ਟੋਰਾਂਟੋ: ਅਮਰੀਕਾ ਵਿੱਚ ਸਿੱਖਾਂ ਹਿੱਤਾਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰ ਰਹੀ ਸਿੱਖ ਜੱਥੇਬੰਦੀ “ਸਿਖਸ ਫਾਰ ਜਸਟਿਸ” ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪੰਜਾਬ ਦੇ ਮੌਜੂਦਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਾਰਤ ਖਾਸ ਕਰਕੇ ਪੰਜਾਬ ਵਿੱਚ ਪਿਛਲੇ ਸਮੇਂ ਹੋਏ ਵੱਡੇ ਪੱਧਰ ‘ਤੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਕੈਪਰਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅਗਲੇ ਹਫਤੇ ਕੈਨੇਡਾ ਵਿੱਚ ਉਨ੍ਹਾਂ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਅਪਰਾਧਿਕ ਕੇਸ ਦਾਇਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਕੂਟਨੀਤਕ ਪੱਖ ਤੋਂ ਕੈਨੇਡਾ ਦੇ ਅਟਾਰਨੀ ਜਨਰਲ ਦੇ ਦਖਲ ਕਾਰਨ ਬਚਾਅ ਹੋ ਗਿਆ ਸੀ ਪਰ ਕੈਪਟਨ ਦੇ ਕੇਸ ਵਿਚ ਕੈਨੇਡਾ ਸਰਕਾਰ ਸ਼ਾਇਦ ਹੀ ਦਖਲ ਦੇ ਸਕੇ।

ਐਡਵੋਕੇਟ ਪੰਨੂੰ ਨੇ ਕਿਹਾ ਕਿ 1990ਵਿਆਂ ‘ਚ ਪੰਜਾਬ ਅੰਦਰ ਸੁਰੱਖਿਆ ਬਲਾਂ ਨੇ ਕਈ ਕੈਨੇਡੀਅਨ ਸਿੱਖਾਂ ਨੂੰ ਅਗਵਾ ਕਰਕੇ ਝੂਠੇ ਮੁਕਾਬਲਿਆਂ ‘ਚ ਮੁਕਾ ਦਿੱਤਾ। 2002 ਤੋਂ 2007 ਦੌਰਾਨ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਰਹੇ, ਜਿਸ ਦੌਰਾਨ ਤਸ਼ੱਦਦ ਅਤੇ ਫਰਜ਼ੀ ਮੁਕਾਬਲੇ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਉਨ੍ਹਾਂ ਬਹਾਲ ਕੀਤਾ ਜਾਂ ਤਰੱਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਕੈਪਟਨ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ‘ਚ ਮਿਲੀਭੁਗਤ ਰਹੀ।

ਉਨ੍ਹਾਂ ਆਖਿਆ ਕਿ 3 ਸ਼ਿਕਾਇਤਕਰਤਾਵਾਂ ਦੇ ਹਲਫੀਆ ਬਿਆਨ ਅਤੇ ਹੋਰ ਸਬੂਤ ਮਿਲ ਚੁੱਕੇ ਹਨ। ਪੰਨੂੰ ਨੇ ਦੱਸਿਆ ਕਿ ਕੈਪਟਨ ਦੀ ਸਰਕਾਰ ਸਮੇਂ ਐਸ.ਐਸ. ਵਿਰਕ ਨੂੰ ਪੰਜਾਬ ਪੁਲਿਸ ਦਾ ਡੀ.ਜੀ.ਪੀ. ਲਗਾਇਆ ਗਿਆ ਸੀ, ਜਦਕਿ ਸਿੱਖ ਸੰਘਰਸ਼ ਦੇ ਦੌਰ ‘ਚ ਸ: ਵਿਰਕ ਸੀ. ਆਰ. .ਪੀ. ਐਫ. ਦਾ ਡਿਪਟੀ ਇੰਸਪੈਕਟਰ ਜਨਰਲ ਸੀ, ਜੋ ਕਈ ਝੂਠੇ ਮੁਕਾਬਲਿਆਂ ਲਈ ਜ਼ਿੰਮੇਵਾਰ ਹੈ। ਅਕਤੂਬਰ 2005 ਵਿਚ ਕੈਪਟਨ ਨੇ ਪੁਲਿਸ ਅਧਿਕਾਰੀ ਸੁਖਮੋਹਿੰਦਰ ਸਿੰਘ ਨੂੰ ਬਹਾਲ ਕੀਤਾ ਅਤੇ ਆਈ.ਪੀ.ਐਸ. ਬਣਾ ਦਿੱਤਾ, ਜੋ ਸਿੱਖ ਨੌਜਵਾਨਾਂ ਨੂੰ ਜਬਰੀ ਲਾਪਤਾ ਕਰਨ ਅਤੇ ਫਰਜ਼ੀ ਮੁਕਾਬਲਿਆਂ ਲਈ ਜਾਣਿਆ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 7 (3.7) ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬਦੇਹ ਬਣਾਇਆ ਜਾਵੇਗਾ। ਇਸ ਧਾਰਾ ਵਿਚ ਵਿਵਸਥਾ ਹੈ ਕਿ ਤਸ਼ੱਦਦ ਦੇ ਅਪਰਾਧ ਨੂੰ ਕੈਨੇਡਾ ਵਿਚ ਕੀਤਾ ਹੋਇਆ ਮੰਨਿਆ ਜਾਵੇ। ਜੇਕਰ ਸ਼ਿਕਾਇਤਕਰਤਾ ਕੈਨੇਡਾ ਦਾ ਨਾਗਰਿਕ ਹੋਵੇ ਜਾਂ ਅਪਰਾਧੀ ਅਪਰਾਧ ਕਰਨ ਤੋਂ ਬਾਅਦ ਕੈਨੇਡਾ ਵਿਚ ਮੌਜੂਦ ਹੋਵੇ। ਸ੍ਰੀ ਪੰਨੂੰ ਨੇ ਕਿਹਾ ਕਿ ਕੈਪਟਨ ਦੀ ਕੈਨੇਡਾ ‘ਚ ਆਮਦ ਮੌਕੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸਿੱਖਾਂ ਦੇ ਕਤਲੇਆਮ ਅਤੇ ਮਨੁੱਖੀ ਹੱਕਾਂ ਦੇ ਘਾਣ ਲਈ ਸਿੱਖ ਫਾਰ ਜਸਟਿਸ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗੁਜ਼ਰਾਤ ਮੁਸਲਿਮ ਕਤਲੇਆਮ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸ਼ਿਕਾਇਤਾਂ ਦਰਜ਼ ਕਰਵਾਈਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: