Site icon Sikh Siyasat News

ਸਿੱਖ ਜਥੇਬੰਦੀਆਂ ਵਲੋਂ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਸਿੱਖ ਨੌਜਵਾਨਾਂ ਦਾ ਡੱਟ ਕੇ ਸਮਰਥਨ

ਲੰਡਨ: ਇੰਗਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਮੰਦਭਾਗੀ ਘਟਨਾ ਵਾਪਰੀ ਹੈ ਜਦੋਂ 55 ਸਿੱਖ ਨੌਜਵਾਨਾਂ ਨੂੰ ਕਿਸੇ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਜਾਇਜ਼ ਤੌਰ ‘ਤੇ ਪੁਲਿਸ ਕੋਲ ਗ੍ਰਿਫਤਾਰ ਕਰਵਾਇਆ ਗਿਆ ਹੋਵੇ। ਜਿਹੜੇ ਵਾਹਿਗੁਰੂ ਦਾ ਸਿਮਰਨ ਜਾਪ ਕਰਦੇ ਹੋਏ ਸ਼ਾਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਸਨ। ਇਹਨਾਂ ਨੌਜਵਾਨਾ ਦਾ ਕੋਈ ਨਿੱਜੀ ਮੁਫਾਦ ਨਹੀਂ। ਕੇਵਲ ਅਤੇ ਕੇਵਲ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ, ਸਿੱਖ ਮਰਿਆਦਾ, ਸਿੱਖ ਪ੍ਰੰਪਰਾਵਾਂ, ਸਿੱਖ ਰਵਾਇਤਾਂ ਨੂੰ ਕਾਇਮ ਰੱਖਣਾ ਹੀ ਮਕਸਦ ਹੈ। ਪਰ ਲਮਿੰਗਟਨ ਸਪਾ ਦੀ ਘਟਨਾ ਦੇ ਸੰਦਰਭ ਵਿੱਚ ਸਮੁੱਚੀ ਸਿੱਖ ਕੌਮ ਨੂੰ ਪੂਰੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਸਿੱਖਾਂ ਨੂੰ ਕੌਮੀ ਤੌਰ ‘ਤੇ ਨੀਵਾਂ ਦਿਖਾਉਣ ਵਾਲੇ ਪ੍ਰਬੰਧਕ ਅਤੇ ਲੋਕਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਜਾਵੇ। ਜਿਹੜੇ ਇੱਕ ਪਾਸੇ ਸਿੱਖ ਧਰਮ ਦੀ ਮਾਣ ਮਰਿਆਦਾ ਦਾ ਘਾਣ ਕਰ ਰਹੇ ਹਨ ਅਤੇ ਦੂਜੇ ਪਾਸੇ ਪੁਲਿਸ ਨੂੰ ਗਲਤ ਸੂਚਨਾਵਾਂ ਦੇ ਕੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਵਾ ਰਹੇ ਹਨ।

ਸ. ਅਮਰੀਕ ਸਿੰਘ ਗਿੱਲ, ਚੇਅਰਮੈਨ; ਸਿੱਖ ਫੈਡਰੇਸ਼ਨ ਯੂ.ਕੇ. (ਫਾਈਲ ਫੋਟੋ)

ਯੂ.ਕੇ. ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਪ੍ਰਬੰਧਕ ਕਮੇਟੀਆਂ ਦੇ ਤਿੰਨ ਸੌ ਤੋਂ ਵੱਧ ਨੁਮਾਇੰਦਿਆਂ ਵਲੋਂ ਸਾਰੀ ਰਾਤ ਲਮਿੰਗਟਨ ਸਪਾ ਦੇ ਪੁਲਿਸ ਸਟੇਸ਼ਨ ਦੇ ਬਾਹਰ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸਿੱਖ ਕੌਂਸਲ ਅਤੇ ਸਿੱਖ ਜਥੇਬੰਦੀਆਂ ਵਲੋਂ ਸਿੱਖ ਨੌਜਵਾਨਾਂ ਦਾ ਡੱਟ ਕੇ ਸਮਰਥਨ ਕਰਦਿਆਂ ਉਹਨਾਂ ਦਾ ਹਰ ਤਰੀਕੇ ਨਾਲ ਸਾਥ ਦੇਣ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਪ੍ਰਬੰਧਕ ਕਮੇਟੀ ਅਤੇ ਪੁਲਿਸ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ ਹੈ ਅਤੇ ਇਸ ਘਟਨਾ ਨੂੰ ਕਾਹਲੀ ਵਿੱਚ ਪੜਤਾਲ ਕੀਤੇ ਬਗੈਰ ਹਾਈ ਲਾਈਟ ਕਰਨ ਵਾਲੇ ਗੈਰ ਸਿੱਖ ਮੀਡੀਏ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਜਿ਼ਕਰਯੋਗ ਹੈ ਕਿ ਇਸ ਘਟਨਾ ਨੂੰ ਇਸ ਤਰ੍ਹਾਂ ਉਭਾਰਿਆ ਗਿਆ ਜਿਸ ਨਾਲ ਸਿੱਖ ਕੌਮ ਦੇ ਅਕਸ ਨੂੰ ਭਾਰੀ ਸੱਟ ਵੱਜੀ ਹੈ। ਇਸ ਬਾਰੇ ਜ਼ਿੰਮੇਵਾਰ ਮੀਡੀਏ ਤੱਕ ਵੱਡੀ ਪੱਧਰ ‘ਤੇ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਸਿੱਖ ਨੌਜਵਾਨਾਂ ਦਾ ਕਾਰਜ ਬਿਲਕੁਲ ਸਹੀ ਅਤੇ ਸਿੱਖ ਰਵਾਇਤਾਂ, ਸਿੱਖ ਪ੍ਰੰਪਰਾਵਾਂ, ਸਿੱਧਾਂਤਾਂ ਦੇ ਅਨਕੂਲ ਸੀ। ਸਿੱਖ ਨੌਜਵਾਨਾਂ ਦੀ ਡੱਟ ਕੇ ਮੱਦਦ ਕੀਤੀ ਜਾਵੇਗੀ ਅਤੇ ਇਹੋ ਜਿਹੇ ਗੈਰ ਸਿਧਾਂਤਕ, ਅੰਤਰ ਧਰਮ ਵਿਆਹਾਂ ਦੀ ਰੋਕਥਾਮ ਨੂੰ ਪ੍ਰਮੁੱਖਤਾ ਨਾਲ ਲਿਆ ਜਾਵੇਗਾ। ਸਾਰੀ ਰਾਤ ਸੈਂਕੜੇ ਸਿੱਖ ਪੁਲਿਸ ਸਟੇਸ਼ਨ ਦੇ ਮੂਹਰੇ ਖੜ੍ਹੇ ਰਹੇ ਅਤੇ ਸਵੇਰੇ ਚਾਰ ਕੁ ਵਜੇ ਤੱਕ ਗ੍ਰਿਫਤਾਰ ਕੀਤੇ 54 ਸਿੱਖ ਨੌਜਵਾਨਾਂ ਨੂੰ ਪੁਲਿਸ ਬੇਲ (ਨਿੱਜੀ ਮੁਚੱਲਕੇ) ‘ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਨੂੰ ਦਿੱਤੀ ਗਈ ਸੂਚਨਾ ਬਿਲਕੁਲ ਗਲਤ ਸਾਬਤ ਹੋਈ ਜਦੋਂ ਉਹਨਾਂ ਪਾਸੋਂ ਗਾਤਰੇ ਵਾਲੀਆਂ ਕਿਰਪਾਨਾਂ ਤੋਂ ਇਲਾਵਾ ਕੋਈ ਵੀ ਸ਼ਸਤਰ ਬਰਾਮਦ ਨਾ ਹੋਇਆ। ਜਦਕਿ ਇਸ ਗਲਤ ਸੂਚਨਾ ਕਾਰਨ ਵਾਰਿਕਸ਼ਾਇਰ ਤੋਂ ਇਲਾਵਾ ਹੋਰ ਇਲਾਕਿਆਂ ਤੋਂ ਸੈਕੜੇ ਪੁਲਿਸ ਅਫਸਰ ਅਤੇ ਕਰਮਚਾਰੀ ਸਾਰਾ ਦਿਨ ਹਰਕਤ ਵਿੱਚ ਰਹੇ। ਸਾਰਾ ਦਿਨ ਪੁਲਿਸ ਦਾ ਹੈਲੀਕਾਪਟਰ ਗੁਰਦਵਾਰਾ ਸਾਹਿਬ ‘ਤੇ ਮੰਡਰਾਉਂਦਾ ਰਿਹਾ, ਆਰਮਡ ਪੁਲਿਸ, ਕੁੱਤਿਆਂ ਵਾਲੀ ਪੁਲਿਸ ਅਤੇ ਦੰਗਾ ਰੋਕੂ ਪੁਲਿਸ ਵੱਡੀ ਗਿਣਤੀ ਵਿੱਚ ਮੌਜੂਦ ਰਹੀ। ਜਿਸਨੇ ਸਾਰੇ ਇਲਾਕੇ ਨੂੰ ਦੂਰ-ਦੂਰ ਤੱਕ ਸੀਲ ਕਰੀ ਰੱਖਿਆ।

ਸਿੱਖ ਵਿਰੋਧੀ ਕਾਰਵਾਈਆਂ ਨੂੰ ਕੋਸ ਰਿਹਾ ਸੀ। ਜਿਸਦੇ ਜ਼ਿੰਮੇਵਾਰ ਸਿੱਧੇ ਰੂਪ ਵਿੱਚ ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਅਤੇ ਗੈਰ ਸਿੱਖ ਨਾਲ ਵਿਆਹ ਕਰਨ ਵਾਲਾ ਪਰਿਵਾਰ ਹੈ। ਖਾਲਸਾ ਪੰਥ ਦੀ ਸਾਜਨਾ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ, ਪੁਰਤਾਨ ਰਹਿਤਨਾਮਿਆਂ ਅਤੇ ਸਿੱਖ ਮਰਿਆਦਾ ਅਨੁਸਾਰ ਸਿੱਖ ਲੜਕੇ-ਲੜਕੀ ਦਾ ਵਿਆਹ ਕੇਵਲ ਸਿੱਖ ਲੜਕੇ-ਲੜਕੀ ਨਾਲ ਹੀ ਹੋ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version