ਵਿਦੇਸ਼

ਸਿੱਖ ਫੈੱਡਰੇਸ਼ਨ ਯੂਕੇ ਨੇ ਸਿੱਖ ਨਸਲਕੁਸ਼ੀ ਸਬੰਧੀ ਯੂਰਪੀਅਨ ਸੰਸਦ ਵਿੱਚ ਕੀਤੀ ਕਾਨਫਰੰਸ

By ਸਿੱਖ ਸਿਆਸਤ ਬਿਊਰੋ

December 13, 2014

ਬੈਲਜੀਅਮ (12 ਦਸੰਬਰ, 2014:): ਅੱਜ ਤੋਂ ਤੀਹ ਵਰੇ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲ਼ੀ ਵਿੱਚ ਸਿੱਖਾਂ ਦੇ ਯੋਜਨਬੱਧ ਕਤਲੇਆਮ ਵਿੱਚ ਪੀੜਤਾਂ ਨੂੰ ਨਿਆਂ ਨਾਲ ਮਿਲਣ ਅਤੇ ਭਾਰਤੀ ਨਿਆਇਕ, ਰਾਜਸੀ ਅਤੇ ਪ੍ਰਸ਼ਾਸ਼ਨਿਕ ਢਾਂਚੇ ਵੱਲੋਂ ਸਿੱਖਾਂ ਖਿਲਾਫ ਕਤਿੇ ਜਾ ਰਹੇ ਪੱਖਪਾਤ ਨੂੰ ਸਿੱਖਾਂ ਨੇ ਹੁਣ ਕੌਮਾਂਤਰੀ ਪੱਧਰ ‘ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਸੰਦਰਭ ਵਿੱਚ ਅੱਜ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਅੱਜ ਇਥੇ ਯੂਰਪੀਅਨ ਸੰਸਦ ਬਰੱਸਲਜ਼ ਵਿਖੇ ਸਿੱਖ ਨਸਲਕੁਸ਼ੀ ਅਤੇ ਪਹਿਲੀ ਸੰਸਾਰ ਜੰਗ ਦੀ 100ਵੀ ਵਰ੍ਹੇਗੰਢ ਦੇ ਸਬੰਧ ਵਿਚ ਇਕ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਯੂਰਪ ਭਰ ਤੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਭਾਗ ਲਿਆ।

ਇਸ ਮੌਕੇ ‘ਤੇ ਬੋਲਦੇ ਹੋਏ ਨਾਨਾਵਤੀ ਕਮਿਸ਼ਨ ਦੀ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀ ਸੁਪਰੀਮ ਕੋਰਟ ਦੀ ਵਕੀਲ ਕਾਮਨਾ ਵੋਹਰਾ ਜੋ ਵਿਸ਼ੇਸ਼ ਤੌਰ ‘ਤੇ ਇਸ ਕਾਨਫ਼ਰੰਸ ਵਿਚ ਸ਼ਾਮਿਲ ਹੋਈ ਨੇ ਕਿਹਾ ਕਿ 1984 ਵਿਚ ਸਿੱਖਾਂ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਹੇਠ ਕਤਲ ਕੀਤਾ ਗਿਆ ਸੀ ਜੋ ਰਿਪੋਰਟ ਨਾਨਾਵਤੀ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੀ। ਉਸ ਵਿਚ ਪੁਲਿਸ ਅਤੇ ਸਿਆਸਤ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਕਸੂਰਵਾਰ ਮੰਨਿਆ ਗਿਆ ਸੀ। ਅੱਧੇ ਘੰਟੇ ਦੇ ਇਸ ਭਾਸ਼ਨ ਵਿਚ ਕਾਮਨਾ ਵੋਹਰਾ ਨੇ ਕਈ ਹੋਰ ਉਦਾਹਰਣਾਂ ਦਿੱਤੀਆਂ ।

ਇਸੇ ਦੌਰਾਨ ਇਕ ਅਮਨੈਸਟੀ ਇੰਟਰਨੈਸ਼ਨਲ ਦੇ ਸ਼ੁਨੀਲ ਸ਼ੇਟੀ ਦਾ ਇਕ ਸੁਨੇਹਾ ਟੀ. ਵੀ. ‘ਤੇ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਸਿੱਖਾਂ ਦੀ ਗੱਲ ਕਰਨ ‘ਤੇ ਉਸ ਦੇ ਪਿਤਾ ਨੂੰ 1984 ਵਿਚ ਗ੍ਰਿਫ਼ਤਾਰ ਕਰਕੇ ਤਸੀਹੇ ਦਿੱਤੇ ਗਏ।

ਆਮ ਆਦਮੀ ਪਾਰਟੀ ਦੇ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ 1984 ਵਿਚ ਭਾਰਤੀ ਹਾਈ ਕਮਿਸ਼ਨ ਨਾਰਵੇ ਦੇ ਫਸਟ ਸੈਕਟਰੀ ਦੇ ਅਹੁਦੇ ਤੋਂ ਰੋਸ ਵਜੋਂ ਅਸਤੀਫ਼ਾ ਦੇਣ ਵਾਲੇ ਹਰਿੰਦਰ ਸਿੰਘ ਖਾਲਸਾ, ਐਮ. ਈ. ਪੀ. ਨੀਨਾ ਗਿੱਲ, ਗਲਿਨਸ ਵਿਲਮੌਟ ਸੇਫ ਹੈਵਰਡ ਅਤੇ ਦਵਿੰਦਰਜੀਤ ਸਿੰਘ ਤੋਂ ਇਲਾਵਾ ਹਾਲੈਂਡ ਅਤੇ ਫਰਾਂਸ ਦੇ ਐਮ. ਈ. ਪੀ. ਨੇ ਵੀ ਆਪਣੇ ਵਿਚਾਰ ਦਿੱਤੇ।

ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਭਾਈ ਰੇਸ਼ਮ ਸਿੰਘ ਬੱਬਰ, ਸਤਨਾਮ ਸਿੰਘ ਬੱਬਰ, ਗੁਰਮੀਤ ਸਿੰਘ ਖਨਿਆਨ, ਜਤਿੰਦਰਵੀਰ ਸਿੰਘ, ਭਾਈ ਕੰਗ ਭਾਈ ਤਲਵਿੰਦਰ ਸਿੰਘ ਇਟਲੀ, ਰਘਵੀਰ ਸਿੰਘ ਕੁਹਾੜ ਫਰਾਂਸ, ਭਾਈ ਚੈਨ ਸਿੰਘ, ਰਾਜਵੀਰ ਸਿੰਘ ਤੁੰਗ, ਪਿਰਥੀਪਾਲ ਸਿੰਘ, ਜਗਦੀਸ਼ ਸਿੰਘ ਭੂਰਾ, ਮਹਿੰਦਰ ਸਿੰਘ ਖਾਲਸਾ, ਜਗਮੋਹਣ ਸਿੰਘ ਮੰਡ, ਗੁਰਦਿਆਲ ਸਿੰਘ, ਕੁਲਵੰਤ ਸਿੰਘ ਢੀਂਡਸਾ, ਪ੍ਰਿਤਪਾਲ ਸਿੰਘ ਪਟਵਾਰੀ, ਬਖਤਾਵਰ ਸਿੰਘ ਬਾਜਵਾ ਤੋਂ ਇਲਾਵਾ ਯੂ. ਕੇ. ਦੇ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ ਤੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

ਜ਼ਿਕਰਯੋਗ ਹੈ ਕਿ ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਸਿੱਖਾਂ ਨੂੰ ਇਨਸਾਫ ਨਾ ਮਿਲਣ ਦੇ ਮਾਮਲੇ ਨੂੰ ਵੱਖ ਵੱਖ ਸਿੱਖ ਸੰਸਥਾਵਾਂ ਨੇ ਸੰਯੁਕਤ ਰਾਸ਼ਟਰ ਕੋਲ ਵੀ ਉਠਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: