ਨਿਊਯਾਰਕ, ਅਮਰੀਕਾ: ਲੰਘੀ ੨੩ ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿਲ੍ਹੇ ਦੇ ਪੂਰਨਪੁਰ ਠਾਣੇ ਹੇਠ ਪੈਂਦੇ ਇਲਾਕੇ ਵਿਚ ਪੰਜਾਬ ਪੁਲਿਸ ਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਨਾਲ ਸੰਬੰਧਤ ਗਰੀਬ ਸਿੱਖ ਪਰਿਵਾਰਾਂ ਦੇ ਤਿੰਨ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਉੱਤੇ ਸਵਾਲ ਉੱਠ ਰਹੇ ਹਨ।
ਇਸ ਬਾਰੇ ਅਮਰੀਕਾ ਦੀ ਇਕ ਪ੍ਰਮੁੱਖ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਜਾਰੀ ਕੀਤਾ ਗਿਆ ਲਿਖਤੀ ਬਿਆਨ ਪਾਠਕਾਂ ਦੀ ਜਾਣਕਾਰੀ ਹਿੱਤ ਹੇਠਾਂ ਸਾਂਝਾ ਕਰ ਰਹੇ ਹਾਂਃ-
ਪਿਛਲੇ ਦਿਨੀ ਪੀਲੀਭੀਤ ਯੂ ਪੀ ਵਿਚ ਯੂ ਪੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਤਿੰਨ ਸਿੱਖ ਨੌਜਵਾਨਾਂ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਮੁਕਾਇਆ ਪਰ ਪੁਲਿਸ ਵਲੋਂ ਮੁਕਾਬਲੇ ਬਾਰੇ ਦਸੇ ਤੱਥ ਬਹੁਤ ਸ਼ੱਕੀ ਲੱਗ ਰਹੇ ਹਨ।
ਪੰਜਾਬ ਵਿਚ ਹੋਏ ਜਿਹੜੇ ਬੰਬ ਧਮਾਕਿਆਂ ਵਿਚ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਦੋਸ਼ੀ ਦਸਿਆ ਜਾ ਰਿਹਾ ਹੈ ਉਹਨਾਂ ਬਾਰੇ ਪਹਿਲਾ ਤਾਂ ਪੰਜਾਬ ਪੁਲਿਸ ਇਹ ਕਹਿ ਰਹੀ ਸੀ ਕਿ ਕੋਈ ਧਮਾਕਾ ਹੀ ਨਹੀਂ ਹੋਇਆ ਪਰ ਮੁਕਾਬਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਅਪਣੇ ਪੁਰਾਣੇ ਬਿਆਨ ਬਦਲਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਬੰਬ ਧਮਾਕੇ ਹੋਏ ਸੀ ਅਤੇ ਇਹ ਤਿੰਨੇ ਨੌਜਵਾਨ ਦੋਸ਼ੀ ਸਨ ਪਰ ਨੌਜਵਾਨਾਂ ਦੇ ਪਰਿਵਾਰ ਵਾਲੇ ਇਹ ਕਹਿ ਰਹੇ ਹਨ ਕਿ ਪੰਜਾਬ ਵਿਚ ਉਹਨਾਂ ਤੇ ਕੋਈ ਵੀ ਕੇਸ ਦਰਜ ਨਹੀਂ ਸੀ।
ਦੂਸਰਾ ਇਹਨਾਂ ਨੌਜਵਾਨਾਂ ਦੇ ਹੂਬਹੂ ਓਹੀ ਕੱਪੜੇ ਪਾਏ ਹੋਏ ਸੀ ਜਿਹੜੇ ਕੱਪੜੇ ਯੂ ਪੀ ਪੁਲਿਸ ਵਲੋਂ ਪਹਿਲਾਂ ਜਾਰੀ ਕੀਤੇ ਇਸ਼ਤਿਹਾਰਾਂ ਵਿਚ ਪਾਏ ਹੋਏ ਸੀ ਜਿਹੜਾ ਕਿ ਮੰਨਣਯੋਗ ਨਹੀਂ ਅਤੇ ਪੁਲਿਸ ਦੀ ਕਹਾਣੀ ਨੂੰ ਸ਼ੱਕੀ ਬਣਾ ਰਿਹਾ। ਤੀਸਰਾ ਪੰਜਾਬ ਪੁਲਿਸ ਅਤੇ ਯੂ ਪੀ ਪੁਲਿਸ ਪਹਿਲਾਂ ਵੀ ਬਹੁਤ ਸਾਰੇ ਝੂਠੇ ਮੁਕਾਬਲਿਆਂ ਦੀਆਂ ਦੋਸ਼ੀ ਸਾਬਿਤ ਹੋ ਚੁਕੀਆਂ ਹਨ ਅਤੇ ਜਿਹੜਾ ਪੀਲੀਭੀਤ ਦਾ ਐਸ ਪੀ ਪਾਂਡੇ ਹੈ ਇਹ ਓਹੀ ਕੇਂਦਰੀ ਮੰਤਰੀ ਮਿਸ਼ਰੇ ਦਾ ਜੁਆਈ ਹੈ ਜਿਸਦੇ ਮੁੰਡੇ ਨੇ ਕਿਸਾਨਾਂ ਨੂੰ ਅਪਣੀ ਗੱਡੀ ਥੱਲੇ ਦਰੜ ਕੇ ਮਾਰਿਆ ਸੀ। ਪੀਲੀਭੀਤ ਪੁਲਿਸ ਨੇ ਪਹਿਲਾਂ ਵੀ 1991 ਵਿਚ ਗਿਆਰਾਂ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਸੀ ਅਤੇ ਦੋਸ਼ੀ ਸਾਬਿਤ ਹੋਈ ਸੀ।
ਸਾਰੇ ਤੱਥ ਇਹੀ ਪੱਕਾ ਕਰ ਰਹੇ ਹਨ ਕਿ ਸਿੱਖਾਂ ਨੂੰ ਡਰਾ ਕੇ ਨਿਸ਼ਾਨੇ ਉਪਰ ਰੱਖਣ ਲਈ ਅਤੇ ਅੰਤਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਲਈ ਪਹਿਲਾ ਭਾਰਤੀ ਏਜੰਸੀਆਂ ਨੇ ਪੰਜਾਬ ਵਿਚ ਬੰਬ ਧਮਾਕੇ ਕਰਾਏ ਜਿਹਨਾਂ ਵਿਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਫੇਰ ਉਸੇ ਨੂੰ ਅਧਾਰ ਬਣਾ ਕੇ ਇਹ ਝੂਠਾ ਪੁਲਿਸ ਮੁਕਾਬਲਾ ਬਣਾਇਆ ਜਿਵੇ ਕਿ 1980 ਅਤੇ 1990 ਦੇ ਦਹਾਕਿਆਂ ਵਿਚ ਪੰਜਾਬ ਪੁਲਿਸ ਦੇ ਬੁੱਚੜ ਅਧਿਕਾਰੀ ਕੇ ਪੀ ਐਸ ਗਿੱਲ, ਰਿਬੇਰੋ, ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਸਮੇਤ ਹੋਰ ਬਹੁਤ ਪੁਲਿਸ ਅਧਿਕਾਰੀਆਂ ਨੇ ਭਾਰਤੀ ਸਰਕਾਰ ਅਤੇ ਏਜੰਸੀਆਂ ਦੀ ਮਦਦ ਨਾਲ ਬਹੁਤ ਵੱਡੇ ਪੱਧਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਅਤੇ ਸਿੱਖਾਂ ਨੂੰ ਘਰਾਂ ਤੋਂ ਜਬਰਦਸਤੀ ਚੁੱਕ ਕੇ ਨਸਲਕੁਸ਼ੀ ਕੀਤੀ ਗਈ, ਸਿੱਖ ਬੀਬੀਆਂ ਨੂੰ ਥਾਣਿਆਂ ਵਿਚ ਬੇਪੱਤ ਕਰਕੇ ਮਾਰਿਆ ਗਿਆ, ਇਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਦੇ ਮਨੁੱਖੀ ਅਧਿਕਾਰਾਂ ਦੇ ਅਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਭਾਰਤੀ ਪੁਲਿਸ ਵਲੋਂ ਦਿਨ ਦਿਹਾੜੇ ਘਰੋਂ ਚੁੱਕ ਕੇ ਮਾਰ ਮੁਕਾਇਆ ਕਿਉਂਕਿ ਉਸਨੇ ਹਜਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ ਦੇ ਤੱਥ ਦੁਨਿਆ ਅੱਗੇ ਰੱਖੇ ਅਤੇ ਸਿੱਖਾਂ ਦੀ ਹੋ ਰਹੀ ਨਸ਼ਲਕੁਸ਼ੀ ਬਾਰੇ ਦੁਨੀਆ ਨੂੰ ਜਾਣੂ ਕਰਵਾਇਆ। ਅੱਜ ਤੱਕ ਵੀ ਭਾਰਤੀ ਪੁਲਿਸ ਅਧਿਕਾਰੀਆਂ ਤੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਲਈ ਕੇਸ ਚੱਲ ਰਹੇ ਹਨ। ਇੰਨਸਾਫ ਜੱਥੇਬੰਦੀ ਵਲੋਂ ਪੰਜਾਬ ਵਿਚ ਗਿਆਰਾਂ ਹਜ਼ਾਰ ਝੂਠੇ ਪੁਲਿਸ ਮੁਕਾਬਲਿਆਂ ਨੂੰ ਤੱਥਾਂ ਸਹਿਤ ਦੁਨਿਆ ਅੱਗੇ ਰੱਖਿਆ ਗਿਆ ਹੈ। ਭਾਰਤੀ ਏਜੰਸੀਆਂ ਅਤੇ ਸਰਕਾਰ ਅੱਜ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿਚ ਸਿੱਖਾਂ ਨੂੰ ਮਾਰਨ ਦੇ ਦੋਸ਼ਾ ਤਹਿਤ ਅੰਤਰਰਾਸ਼ਟਰੀ ਪੱਧਰ ਤੇ ਬਦਨਾਮ ਹੋ ਰਹੀ ਹੈ ਅਤੇ ਉਸਨੂੰ ਇਸਦਾ ਕੋਈ ਹੱਲ ਨਹੀਂ ਲੱਭ ਰਿਹਾ ਅਤੇ ਇਸ ਬਦਨਾਮੀ ਤੋਂ ਖਹਿੜਾ ਛੁਡਾਉਣ ਲਈ ਭਾਰਤੀ ਏਜੰਸੀਆਂ ਵਲੋਂ ਇਹ ਕਾਰਾ ਕੀਤਾ ਗਿਆ ਹੈ।