Site icon Sikh Siyasat News

ਮਰਹੂਮ ਜਲਾਵਤਨੀ ਸਿੱਖ ਆਗੂ ਭਾਈ ਮਹਿਲ ਸਿੰਘ ਬੱਬਰ ਨੂੰ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਸ਼ਰਧਾਂਜਲੀ

Sikh federation america released statement on bhai mehal singh babbar

ਨਿਊਯਾਰਕ, ਅਮਰੀਕਾ: ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਭਾਈ ਮਹਿਲ ਸਿੰਘ ਬੱਬਰ ਨੂੰ ਸ਼ਰਧਾਂਜਲੀ ਦਿੰਦਿਆਂ ਇਕ ਬਿਆਨ ਸਾਂਝਾ ਕੀਤਾ ਗਿਆ ਹੈ, ਭਾਈ ਮਹਿਲ ਸਿੰਘ ਬੱਬਰ ਜੋ 24 ਮਾਰਚ 2025 ਨੂੰ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਜਲਾਵਤਨੀ ਦੌਰਾਨ ਅਕਾਲ ਚਲਾਣਾ ਕਰ ਗਏ ਸਨ। ਇੱਥੇ ਅਸੀਂ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਜਾਰੀ ਕੀਤਾ ਗਿਆ ਬਿਆਨ ਸਿੱਖ ਸਿਆਸਤ ਦੇ ਪਾਠਕਾਂ ਲਈ ਇਨ ਬਿਨ ਸਾਂਝਾ ਕਰ ਰਹੇ ਹਾਂ।

ਭਾਈ ਮਹਿਲ ਸਿੰਘ ਬੱਬਰ

੩ ਅਪ੍ਰੈਲ ੨੦੨੫

ਬੱਬਰ ਖਾਲਸਾ ਦੇ ਮੋਢੀ ਜਰਨੈਲਾਂ ਵਿੱਚੋ ਇਕ ਭਾਈ ਮਹਿਲ ਸਿੰਘ ਜੀ ਬੱਬਰ ਪਿਛਲੇ ਦਿਨੀ ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਨਿਵਾਜੇ। ਭਾਈ ਸਾਹਿਬ ਦਾ ਜਨਮ ਸ੍ਰੀ ਅਮ੍ਰਿਤਸਰ ਸਾਹਿਬ ਦੇ ਪਿੰਡ ਦਾਸੂਵਾਲ ਵਿਖੇ ਸਤਿਕਾਰਯੋਗ ਬਾਪੂ ਜਿੰਦ ਸਿੰਘ ਦੇ ਘਰੇ ਹੋਇਆ। ਆਪ ਜੀ ਬੱਬਰ ਖਾਲਸਾ ਦੇ ਮੁਖੀ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਸਨ। ਆਪ ਜੀ ਨੇ ਜਿੰਦਗੀ ਦੇ 50 ਸਾਲ ਸਿੱਖ ਕੌਮ ਦੀ ਆਜ਼ਾਦੀ ਦੀ ਜੰਗ ਲੜੀ ਅਤੇ ਆਖਰੀ ਸਮੇ ਤੱਕ ਲੜਦੇ ਰਹੇ।

ਆਪ ਜੀ 1974 ਵਿਚ ਸ਼ਹੀਦ ਭਾਈ ਫੋਜਾ ਸਿੰਘ ਨੂੰ ਮਿਲੇ ਅਤੇ ਭਾਈ ਫੋਜਾ ਸਿੰਘ ਵਲੋਂ ਮਾਝੇ ਵਿਚ 1974 ਤੋਂ 1978 ਤੱਕ ਸਿੱਖੀ ਪ੍ਰਚਾਰ ਦੀ ਚਲਾਈ ਲਹਿਰ ਚਲਦੇ ਵਹੀਰ ਦਾ ਹਿੱਸਾ ਵੀ ਰਹੇ। ਪੰਜ ਸਿੰਘਾਂ ਵਿਚ ਲਗਕੇ ਆਪ ਖੰਡੇ ਬਾਟੇ ਦੀ ਪਾਹੁਲ ਵੀ ਸਿੱਖਾਂ ਨੂੰ ਛਕਾਉਂਦੇ ਰਹੇ, ਆਪ ਜੀ ਦੇ ਹੱਥੋਂ ਹੀ ਸ਼ਹੀਦ ਭਾਈ ਅਨੋਖ ਸਿੰਘ ਬੱਬਰ, ਸ਼ਹੀਦ ਭਾਈ ਸੁਲੱਖਣ ਸਿੰਘ ਬੱਬਰ ਅਤੇ ਸ਼ਹੀਦ ਭਾਈ ਬਲਵਿਦਰ ਸਿੰਘ ਨਾਗੋਕੇ ਵਰਗੇ ਯੋਧਿਆਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ।

ਆਪ ਜੀ 1978 ਦੀ ਵਿਸਾਖੀ ਦੇ ਮੌਕੇ ਨਰਕਧਾਰੀਆਂ ਹੱਥੋਂ ਸ਼ਹੀਦ ਹੋਏ ਭਾਈ ਫੋਜਾ ਸਿੰਘ ਅਤੇ ਹੋਰਨਾਂ ਸਿੰਘਾਂ ਦੀਆਂ ਬਲਦੀਆਂ ਚਿਤਾਵਾਂ ਤੇ ਖੜਕੇ ਇਸ ਕਾਰੇ ਦੇ ਦੋਸ਼ੀਆਂ ਖਿਲਾਫ ਅਤੇ ਸਿੱਖਾਂ ਦੇ ਆਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਤੱਕ ਲੜਨ ਦਾ ਪ੍ਰਣ ਕੀਤਾ ਜੋ ਆਪ ਜੀ ਅਪਣੇ ਆਖਰੀ ਸਵਾਸਾਂ ਤਕ ਨਿਭਾਅ ਗਏ। 1981 ਵਿਚ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਵਿਚ ਆਪ ਨੇ ਅਤੇ ਹੋਰ ਸਿੰਘਾਂ ਨੇ ਚੰਡੀਗੜ੍ਹ ਵਿਚ ਨਰਕਧਾਰੀ IAS ਨਿਰੰਜਨ ਸਿੰਘ ਤੇ ਹਮਲਾ ਕੀਤਾ ਜੋ ਕਿ ਨਰਕਧਾਰੀ ਗੁਰਬਚਨੇ ਦਾ ਖਾਸ ਸੀ ਅਤੇ 1978 ਵਿਚ ਸਿੰਘਾਂ ਨੂੰ ਸ਼ਹੀਦ ਕਰਨ ਵਿਚ ਭਾਈਵਾਲ ਸੀ। ਇਸ ਹਮਲੇ ਵਿਚ ਇਹ ਆਪ ਤਾ ਬਚ ਗਿਆ ਪਰ ਇਸਦਾ ਭਰਾ ਮਾਰਿਆ ਗਿਆ। ਇਸ ਹਮਲੇ ਤੋਂ ਬਾਅਦ ਆਪ ਨੇ ਏਅਰ ਫੋਰਸ ਵਿਚ ਬਤੋਰ ਇੰਜੀਨੀਅਰ ਅਪਣੀ ਨੌਕਰੀ ਛੱਡ ਦਿਤੀ ਤੇ ਪਰਿਵਾਰ ਤਿਆਗ ਕੇ ਰੂਪੋਸ਼ ਵਾਲੀ ਜਿੰਦਗੀ ਸ਼ੁਰੂ ਕਰ ਲਈ।

ਸ੍ਰੀ ਦਰਬਾਰ ਸਾਹਿਬ ਉਪਰ ਭਾਰਤੀ ਫੋਜ ਵਲੋਂ ਕੀਤੇ ਹਮਲੇ ਦੌਰਾਨ ਵੀ ਆਪ ਨੇ ਬੱਬਰਾਂ ਨਾਲ ਰਲਕੇ ਫੋਜ ਖਿਲਾਫ ਹਥਿਆਰਬੰਦ ਟੱਕਰ ਲਈ ਅਤੇ ਆਪ ਨੇ ਹੀ ਪਰਿਕਰਮਾ ਦੇ ਕਮਰੇ ਵਿਚ ਹਥਿਆਰ ਬਣਾਉਣ ਵਾਲੀ ਛੋਟੀ ਫੈਕਟਰੀ ਲਾਈ। 5 ਜੂਨ ਨੂੰ ਗੁਰਦੁਆਰਾ ਅਟੱਲ ਰਾਏ ਸਾਹਿਬ ਕੋਲ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਭਾਈ ਸੁਖਦੇਵ ਸਿੰਘ ਬੱਬਰ ਦੀ ਅਗਵਾਈ ਵਿਚ ਆਪ ਨੇ ਅਤੇ ਬੱਬਰ ਖਾਲਸਾ ਦੇ ਬਾਕੀ ਸਿੰਘਾਂ ਨੇ ਪ੍ਰਣ ਲਿਆ ਕਿ ਅਸੀਂ ਅੱਜ ਤੋਂ ਬਾਅਦ ਮਰ ਚੁੱਕੇ ਹਾਂ ਅਤੇ ਬਾਕੀ ਜਿੰਦਗੀ ਸਿੱਖ ਕੌਮ ਦੇ ਦੁਸ਼ਮਣਾ ਨੂੰ ਸੋਧੇ ਲਾਓੰਦੇ ਹੋਏ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਦੇ ਲੇਖੇ ਲਾਵਾਂਗੇ, ਇਹੀ ਸੁਨੇਹਾ ਆਪ ਜੀ ਨੇ ਅਤੇ ਭਾਈ ਸੁਖਦੇਵ ਸਿੰਘ ਬੱਬਰ ਨੇ ਆਪਣੇ ਘਰ ਭੇਜਿਆ। ਆਪ ਜੀ ਦੇ ਸਤਿਕਾਰਯੋਗ ਬਾਪੂ ਜੀ ਨੇ ਵੀ ਇਵੇ ਹੀ ਅਪਣੇ ਦੋਵੇ ਜੁਆਨ ਪੁੱਤਰਾਂ ਦੀ ਜਿਓੰਦੇ ਜੀ ਅੰਤਿਮ ਅਰਦਾਸ ਕਰਾ ਦਿਤੀ।

ਆਪ ਜੀ ਹਮੇਸ਼ਾ ਸਾਰੀਆਂ ਖਾੜਕੂ ਜਥੇਬੰਦੀਆਂ ਵਿਚ ਬਹੁਤ ਜਿਆਦਾ ਸਤਿਕਾਰੇ ਜਾਂਦੇ ਰਹੇ ਅਤੇ ਆਪ ਨੂੰ ਸਭ ਸਿੰਘਾਂ ਵਲੋਂ ਭਾਈ ਸਾਹਿਬ ਕਹਿ ਕੇ ਹੀ ਬੁਲਾਇਆ ਜਾਦਾ ਰਿਹਾ। ਬੱਬਰ ਖਾਲਸਾ ਜੱਥੇਬੰਦੀ ਵਿਚ ਨਵੇਂ ਸਿੰਘਾਂ ਦੀ ਭਰਤੀ ਆਪ ਵਲੋਂ ਹੀ ਹੁੰਦੀ ਰਹੀ ਅਤੇ ਟ੍ਰੇਨਿੰਗ ਵੀ ਜਿਆਦਾਤਰ ਆਪ ਵਲੋਂ ਹੀ ਦਿਤੀ ਜਾਂਦੀ ਸੀ। ਬੱਬਰ ਖਾਲਸਾ ਵਲੋਂ ਕੀਤੇ ਬਹੁਤੇ ਐਕਸ਼ਨਾਂ ਵਿਚ ਭਾਈ ਸਾਹਿਬ ਨੇ ਅਹਿਮ ਭੂਮਿਕਾ ਨਿਭਾਈ। ਜਿਵੇ ਕਿ ਸਤਲੁੱਜ ਯਮਨਾ ਲਿੰਕ ਨਹਿਰ ਬੰਦ ਕਰਾਉਣ ਵਾਲਾ ਐਕਸ਼ਨ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਅਗਵਾਈ ਵਿਚ ਹੋਇਆ ਪਰ ਉਸਨੂੰ ਉਲੀਕਣ ਤੇ ਰੈਕੀ ਦਾ ਸਾਰਾ ਕੰਮ ਆਪ ਨੇ ਕੀਤਾ।

ਅਪਣੀ ਜਲਾਵਤਨੀ ਦੌਰਾਨ ਪੱਛਮੀ ਪੰਜਾਬ ਵਿਚ ਵੀ ਬਹੁਤ ਸਾਰੇ ਪੁਰਾਤਨ ਗੁਰਧਾਮਾਂ ਦੀ ਕਾਰ ਸੇਵਾ ਆਪਜੀ ਦੀ ਅਗਵਾਈ ਵਿਚ ਕੀਤੀ ਗਈ। ਪੱਛਮੀ ਪੰਜਾਬ ਵਿਚ ਹੀ ਇਕ ਸਿੰਘ ਨੇ ਭਾਈ ਸਾਹਿਬ ਨੂੰ ਸੁਭਾਵਿਕ ਹੀ ਕਿਹਾ ਕਿ ਭਾਈ ਸਾਹਿਬ ਆਪਾਂ ਜੰਗ ਜਿੱਤ ਨਹੀਂ ਸਕੇ ਤਾ ਭਾਈ ਸਾਹਿਬ ਨੇ ਕਿਹਾ “ਆਪਾਂ ਜੰਗ ਜਿੱਤ ਨਹੀਂ ਸਕੇ ਪਰ ਆਪਾਂ ਜੰਗ ਛੱਡੀ ਵੀ ਨਹੀਂ ਤੇ ਜਦੋ ਅਕਾਲ ਪੁਰਖ ਨੂੰ ਭਾਇਆ ਸਮਾਂ ਆਵੇਗਾ ਤੇ ਦੁਨੀਆ ਖਾਲਸੇ ਦਾ ਰਾਜ ਜਰੂਰ ਦੇਖੇਗੀ।” ਹਮੇਸ਼ਾ ਗੁਰੂ ਲਿਵ ਵਿਚ ਜੁੜੇ ਰਹਿੰਦੇ ਖਾਲਿਸਤਾਨ ਦੇ ਇਸ ਮਹਾਨ ਜਰਨੈਲ ਨੂੰ ਅਸੀਂ ਸਿੱਖ ਫੈਡਰੇਸ਼ਨ ਅਮਰੀਕਾ ਵਲੋਂ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਸਾਰੀ ਸਿੱਖ ਕੌਮ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਆਪ ਜੀ ਦੇ ਸਹਿਯੋਗ ਨਾਲ ਸਿੱਖਾਂ ਦੀ ਆਜ਼ਾਦੀ ਦੀ ਇਹ ਜੰਗ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗੀ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


 


ਅੰਗਰੇਜ਼ੀ ਵਿਚ ਪੜ੍ਹੋ – 50 Year of Struggle and Sacrifices: Sikh Federation America Pays Tributes of Bhai Mehal Singh Babar

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version