Site icon Sikh Siyasat News

ਆਸਟ੍ਰੇਲੀਆ ਚ ਚੋਣਾਂ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਨੇ ਸਿੱਖ ਸੰਸਥਾਵਾਂ ਲਈ ਸਲਾਹ ਦਸਤਾਵੇਜ਼ ਜਾਰੀ ਕੀਤਾ

sikh federation australia

sikh federation australia

ਸਿਡਨੀ: ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ ਚੋਣਾਂ ਦੇ ਮਾਹੌਲ ਦੌਰਾਨ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਵੱਲੋਂ ਧਿਆਨ ਰੱਖੇ ਦੇਣਯੋਗ ਨੁਕਤੇ ਦਰਜ ਕੀਤੇ ਗਏ ਹਨ। ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਦੇ ਨੁਮਾਇੰਦੇ ਭਾਈ ਅਜੀਤ ਸਿੰਘ ਵੱਲੋਂ ਸਿੱਖ ਸਿਆਸਤ ਨੂੰ ਭੇਜੇ ਗਏ ਇਸ ਦਸਤਾਵੇਜ ਦੀ ਲਿਖਤ ਅਦਾਰਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ (ਇਨ-ਬਿਨ) ਸਾਂਝੀ ਕੀਤੀ ਜਾ ਰਹੀ ਹੈ:-

ਆਸਟ੍ਰੇਲੀਆ ਦੀਆਂ ਸੰਘੀ ਚੋਣਾਂ ਨੇੜੇ ਹਨ। ਸਾਰੀਆਂ ਗੁਰਦੁਆਰਾ ਕਮੇਟੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ ਸਾਡੀ ਅਪੀਲ ਹੈ ਕਿ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ :

  1. ਸਿੱਖ ਵਿਰੋਧੀ ਰਾਜਨੀਤਿਕ ਲੋਕਾਂ ਨੂੰ ਸਿੱਖ ਪਲੇਟਫਾਰਮਾਂ ‘ਤੇ ਬੋਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ

ਜਿਹੜੇ ਰਾਜਨੀਤਿਕ ਆਗੂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸਿੱਖ ਮੁੱਦਿਆਂ ਵਿਰੁੱਧ ਬੋਲਦੇ ਜਾਂ ਕੰਮ ਕਰਦੇ ਪਾਏ ਗਏ ਹਨ, ਉਹਨਾਂ ਨੂੰ ਸਿੱਖ ਸਟੇਜਾਂ ‘ਤੇ ਬੋਲਣ ਦਾ ਮੌਕਾ ਨਾ ਦਿੱਤਾ ਜਾਵੇ। ਸਿੱਖ ਹਿੱਤਾਂ ਤੇ ਪਹਿਰਾ ਦਿੱਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਾ ਕੀਤਾ ਜਾਵੇ

  1. ਭਾਰਤ ਦੀ ਸਿੱਖ ਮੁੱਦਿਆਂ ਵਿੱਚ ਦਖਲਅੰਦਾਜ਼ੀ ਅਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਬਾਰੇ ਸਪੱਸ਼ਟ ਜਵਾਬ ਮੰਗਿਆ ਜਾਵੇ

ਭਾਰਤ ਵੱਲੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਮੁੱਦਿਆਂ ਵਿੱਚ ਦਖਲਅੰਦਾਜ਼ੀ ਅਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਬਾਰੇ ਰਾਜਨੀਤਿਕ ਆਗੂਆਂ ਨੂੰ ਸਪੱਸ਼ਟ ਜਵਾਬ ਦੇਣ ਲਈ ਮਜਬੂਰ ਕੀਤਾ ਜਾਵੇ। ਉਹਨਾਂ ਨੂੰ ਪੁੱਛਿਆ ਜਾਵੇ ਕਿ ਉਹ ਆਸਟ੍ਰੇਲੀਆ ਵਿੱਚ ਸਿੱਖਾਂ ਦੀ ਸੁਰੱਖਿਆ ਅਤੇ ਹੱਕਾਂ ਨੂੰ ਕਿਵੇਂ ਯਕੀਨੀ ਬਣਾਉਣਗੇ। ਇਸ ਮੁੱਦੇ ‘ਤੇ ਉਹਨਾਂ ਦੀ ਨੀਤੀ ਅਤੇ ਪਹੁੰਚ ਕੀ ਹੋਵੇਗੀ?

  1. 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ

ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਮਤਾ ਪਾਸ ਕਰਵਾਉਣ ਦੀ ਮੰਗ ਕੀਤੀ ਜਾਵੇ। ਇਸ ਲਈ ਰਾਜਨੀਤਿਕ ਆਗੂਆਂ ਤੋਂ ਸਪੱਸ਼ਟ ਯੋਜਨਾ ਅਤੇ ਉਪਰਾਲੇ ਮੰਗੇ ਜਾਣ।

  1. ਸਿੱਖ ਪਹਿਚਾਣ ਬਾਰੇ ਜਾਗਰੂਕਤਾ ਨੂੰ ਵਧਾਉਣ ਸਬੰਧੀ

ਸਿੱਖ ਪਹਿਚਾਣ ਅਤੇ ਸਿੱਖ ਇਤਿਹਾਸ ਬਾਰੇ ਜਨਤਕ ਜਾਗਰੂਕਤਾ ਵਧਾਉਣ ਲਈ ਆਗੂਆਂ ਤੋਂ ਠੋਸ ਯੋਜਨਾਵਾਂ ਦੀ ਮੰਗ ਕੀਤੀ ਜਾਵੇ, ਸਿੱਖ ਧਰਮ ਅਤੇ ਸੱਭਿਆਚਾਰ ਨੂੰ ਆਸਟ੍ਰੇਲੀਆਈ ਸਮਾਜ ਵਿੱਚ ਸਹੀ ਢੰਗ ਨਾਲ ਪੇਸ਼ ਕਰਨ ਲਈ ਉਹ ਕਿਹੜੇ ਕਦਮ ਚੁੱਕਣਗੇ? ਸਿੱਖਾਂ ਦੀ ਵਿਲੱਖਣ ਪਹਿਚਾਣ ਨੂੰ ਮਜ਼ਬੂਤ ਕਰਨ ਲਈ ਉਹ ਕਿਵੇਂ ਯੋਗਦਾਨ ਪਾਉਣਗੇ?

ਪਿਛਲੇ ਕੁਝ ਸਾਲਾਂ ਵਿੱਚ ਵਿਸ਼ਵ ਪੱਧਰ ‘ਤੇ ਵਾਪਰੀਆਂ ਘਟਨਾਵਾਂ ਕਾਰਨ ਸਿੱਖ ਪਹਿਚਾਣ ਅਤੇ ਸਿੱਖਾਂ ਦੀ ਸਥਿਤੀ ਦੁਨੀਆ ਸਾਹਮਣੇ ਖੁੱਲ੍ਹ ਕੇ ਆ ਗਈ ਹੈ।

ਸਿੱਖ ਪੱਖ ਨੂੰ ਲੋਕਾਈ ਸਾਹਮਣੇ ਰੱਖਣਾ ਸਮੇਂ ਦੀ ਅਹਿਮ ਮੰਗ ਹੈ। ਚੋਣਾਂ ਅਧਾਰਤ ਮੁਲਕਾਂ ਵਿੱਚ “ਚੋਣਾਂ ਦਾ ਸਮਾਂ” ਆਪਣਾ ਪੱਖ ਰੱਖਣ ਵਾਸਤੇ ਬਿਲਕੁਲ ਢੁਕਵਾਂ ਮੌਕਾ ਹੁੰਦਾ ਹੈ। ਇਸ ਲਈ, ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ।

ਯਾਦ ਰੱਖੋ:

ਗੁਰਦੁਆਰਿਆਂ ਦੀ ਮਰਿਯਾਦਾ, ਸਿੱਖ ਵਿਰਾਸਤ ਅਤੇ ਸਿੱਖ ਪ੍ਰੰਪਰਾਵਾਂ ਨਾਲ ਕਿਸੇ ਵੀ ਵਿੱਤੀ ਫ਼ਾਇਦੇ ਜਾਂ ਰਿਆਇਤਾਂ ਦੇ ਬਦਲੇ ਵਿੱਚ ਸਮਝੌਤਾ ਨਾ ਕੀਤਾ ਜਾਵੇ।

ਅਜੀਤ ਸਿੰਘ
ਮੁੱਖ ਬੁਲਾਰਾ
ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version