ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਹਜ਼ੂਰ ਸਾਹਿਬ, ਨਾਂਦੇੜ ਵਿਖੇ ਕੀਤੇ ਗਏ 52 ਹੁਕਮਾਂ ਵਿਚੋਂ ਇਕ ਹੁਕਮ ‘ਸੁਤੰਤਰ ਵਿਚਰਨ’ ਦਾ ਹੈ। ਨਾਮਵਰ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਨੇ ‘ਸੁਤੰਤਰ ਵਿਚਰਨ’ ਦੀ ਵਿਆਖਿਆ ‘ਦੂਹਰੀ ਪਾਤਿਸ਼ਾਹੀ ਦੇ ਸਿੱਖ ਸਿਧਾਂਤ’ ਵਜੋਂ ਕੀਤੇ ਹੈ। ਸਿਰਦਾਰ ਸਾਹਿਬ ਦੀ ਲਿਖਤ ‘Theo-Political Status of Darbar Sahib’ (ਦਰਬਾਰ ਸਾਹਿਬ ਦਾ ਰੂਹਾਨੀ-ਤੇ-ਸਿਆਸੀ ਰੁਤਬਾ) ਵਿਚੋਂ ‘ਦੂਹਰੀ ਪਾਤਿਸ਼ਾਹੀ ਦੇ ਸਿੱਖ ਸਿਧਾਂਤ’ ਨਾਲ ਜੁੜੇ ਕੁਝ ਚੋਣਵੇੰ ਹਿੱਸਿਆਂ ਦਾ ਪੰਜਾਬੀ ਉਲੱਥਾ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਸਾਂਝਾ ਕਰ ਰਹੇ ਹਾਂ — ਸੰਪਾਦਕ।
ਦੂਹਰੀ ਪਾਤਿਸ਼ਾਹੀ ਦਾ ਸਿੱਖ ਸਿਧਾਂਤ
ਦੂਹਰੀ ਪਾਤਿਸ਼ਾਹੀ ਦੇ ਵਿਲੱਖਣ ਸਿੱਖ ਸਿਧਾਂਤ ਦਾ ਤੱਤ ਭਾਵ ਇਹ ਹੈ ਇਕ ਧਾਰਮਿਕ ਵਿਅਕਤੀ (ਅਕਾਲੀ) ਦੀ ਮੁੱਢਲੀ ਵਫਾਦਾਰੀ ਪਰਮ-ਸੱਚ(ਅਕਾਲ ਪੁਰਖ) ਤੇ ਸਦਾਚਾਰ ਨਾਲ ਹੋਣੀ ਚਾਹੀਦੀ ਹੈ, ਅਤੇ ਉਸ ਨੂੰ ਸੰਸਾਰੀ ਸਰਕਾਰ (ਸੌਵਰਨ-ਸਟੇਟ) ਵਲੋ ਮਨੁੱਖੀ ਮਨ ਅਤੇ ਸਰੀਰ ਨੂੰ ਗੁਲਾਮ ਅਤੇ ਅਧੀਨ ਕਰਨ ਦੇ ਦਾਅਵੇ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ ਅਤੇ ਸਾਰਾ ਸਿੱਖ ਇਤਿਹਾਸ ਸਮੇ ਦੀਆਂ ਸਰਕਾਰਾਂ ਦੀ ਈਨ ਨਾ ਮੰਨਣ (ਭਾਵ ਸੁਤੰਤਰ ਵਿਚਰਨ) ਦੇ ਸਿੱਖ ਸੁਭਾਅ ਦੇ ਪ੍ਰਗਟਾਵੇ ਵਜੋਂ ਵੇਖਿਆ ਜਾਣਾ ਚਾਹੀਦਾ ਹੈ।
ਇਸ ਸਿੱਖ ਸਿਧਾਂਤ ਦਾ ਅਹਿਮ ਤੱਤ ਇਹ ਹੈ ਕਿ ਕੋਈ ਵੀ ਸੌਵਰਨ ਸਟੇਟ ਜਿਸ ਦੇ ਨਾਗਰਿਕਾਂ ਵਿਚ ਸਿੱਖ ਲੋਕ ਅਤੇ ਸਮੂਹ ਸ਼ਾਮਿਲ ਹੋਣ, ਨੂੰ ਸਰਬ-ਸ਼ਕਤੀਮਾਨ ਹੋਣ ਦੇ ਆਪਾ-ਭਰਮਾਊ ਦਾਅਵੇ (ਪੈਰਾਨੋਇਆ ਪ੍ਰੇਟਨਸ਼ਨਸ) ਨਹੀਂ ਕਰਨੇ ਚਾਹੀਦੇ ਕਿ ਸਟੇਟ ਕੋਲ ਲੋਕਾਂ ਦੇ ਮਨਾਂ ਅਤੇ ਸਰੀਰਾਂ ਨੂੰ ਕਾਬੂ ਤੇ ਸੇਧਿਤ ਕਰਨ ਦਾ ਵਾਹਿਦ ਹੱਕ ਹੈ। ਕੋਈ ਵੀ ਸਰਕਾਰ (ਸਟੇਟ) ਜੋ ਸਿਖਾਂ ਦੇ ਸੰਬੰਧ ਵਿਚ ਅਜਿਹਾ ਦਾਅਵਾ ਕਰੇਗੀ ਉਸ ਦਾ ਸਿੱਖਾਂ ਨਾਲ ਸਹਿ-ਹੋਂਦ ਵਿੱਚ ਵਿਚਰਨ ਦਾ ਨੈਤਿਕ ਹੱਕ ਆਪਣੇ ਆਪ ਖਤਮ ਹੋ ਜਾਵੇਗਾ।
19ਵੀਂ ਸਦੀ ਦਾ ਜਰਮਨ ਲੇਖਕ, ਸ਼ੁਲਜ਼ ਇਸ ਸਿਧਾਂਤ ਦੇ ਮੁੱਢਲੀ ਤਾਮੀਰ ਦੀ ਇਹ ਪ੍ਰਗਟਾਵਾ ਕਰਦਿਆਂ ਹਮਾਇਤ ਕਰਦਾ ਹੈ ਕਿ ਰਾਜ/ਸਟੇਟ ਦਾ ਆਪਣੇ ਆਪ ਨੂੰ ਸਰਵਉਚ ਹਸਤੀ ਮੰਨਣਾ ਅਤੇ ਸਦਾ ਸਹੀ ਹੋਣ ਦਾ ਵਿਚਾਰ ਇੱਕ ਖਤਰਨਾਕ ਗਲਤ ਧਾਰਨਾ ਹੈ। ਸਿੱਖ ਇਤਿਹਾਸ ਇਸ ਖਤਰਨਾਕ ਗਲਤ ਧਾਰਨਾ ਵਿਰੁੱਧ ਲਗਾਤਾਰ ਸੰਘਰਸ਼ ਹੈ।ਸਿੱਖ ਨੇ ਹਮੇਸ਼ਾਂ ਇਸ ਗੱਲ ਉੱਤੇ ਪਹਿਰਾ ਦਿੱਤਾ ਹੈ ਕਿ ਉਹਨਾਂ ਤੋਂ ਸਹਿਯੋਗ ਦੀ ਮੰਗ ਕਰਨ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਢਾਂਚੇ ਨੂੰ ਸਦਾਚਾਰ,ਧਰਮ ਤੇ ਸ਼ੁੱਧ ਨਿਆਂ ਦੇ ਸਿਧਾਂਤਾਂ ਅਤੇ ਖਲਾਸਾ ਪੰਥ ਦੀ ਦੀਨ ਦੁਨੀ ਵਿੱਚ ਲਾਗੂ ਰਹਿਤ ਅਨੁਸਾਰ ਆਪਣਾ ਅਧੂਰਾ ਚਰਿੱਤਰ ਪਛਾਣਨਾ ਅਤੇ ਤਸਲੀਮ ਕਰਨਾ ਚਾਹੀਦਾ ਹੈ।
https://sikhsiyasat.net/2015/04/08/theo-political-status-of-darbar-sahib/