ਵਿਦੇਸ਼

ਭਾਈ ਮਨਧੀਰ ਸਿੰਘ ਦੀ ਗ੍ਰਿਫ਼ਤਾਰੀ ਦੀ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਨਿੰਦਾ ਕੀਤੀ

By ਸਿੱਖ ਸਿਆਸਤ ਬਿਊਰੋ

January 23, 2011

ਕੈਲੀਫੋਰਨੀਆਂ (23 ਜਨਵਰੀ, 2011): ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ; ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ਼ ਅਮਰੀਕਾ ਤੇ ਸ਼ਹੀਦ ਪ੍ਰਵਾਰਾਂ ਨੇ ਪੰਜਾਬ ਪੁਲੀਸ ਦੁਆਰਾ ਭਾਈ ਮਨਧੀਰ ਸਿੰਘ ਨੂੰ ਬਿਨਾਂ ਕਾਰਨ ਹਿਰਾਸਤ ਲੈਣ ਦੀ ਸਖ਼ਤ ਨਿਖੇਧੀ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਪੁਲੀਸ ਆਪਣੇ ਜ਼ੁਲਮਾਂ ਤੇ ਜ਼ਿਆਦਤੀਆਂ ਲਈ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰ ਹੈ, ਜਿਸਦਾ ਸਬੂਤ ਮਨੁੱਖੀ ਅਧਿਕਾਰ ਜਥੇਬੰਦੀਆਂ ਐਮਨੈਸਟੀ ਇੰਟਰਨੈਸ਼ਨਲ ਤੇ ਏਸ਼ੀਆ ਵਾਚ ਕੋਲੋਂ ਲਿਆ ਜਾ ਸਕਦਾ ਹੈ ਜਥੇਬੰਦੀਆਂ ਨੇ ਇਹ ਇਲਜ਼ਾਮ ਲਾਇਆ ਹੈ ਕਿ ਸੌੜੇ ਰਾਜਨੀਤਕ ਹਿੱਤਾਂ ਨੂੰ ਮੁਖ ਰਖਕੇ ਦਹਿਸ਼ਤ ਫ਼ੈਲਾਉਣ ਲਈ ਭਾਈ ਮਨਧੀਰ ਸਿੰਘ ਉਤੇ ਝੂਠੇ ਕੇਸ ਪਾਏ ਗਏ ਹਨ ਤੇ ਭਾਰਤੀ ਨਿਆਂ ਪ੍ਰਣਾਲੀ ਵੀ ਪੁਲੀਸ ਦੇ ਹੱਥਾਂ ਵਿਚ ਖਿਡੌਣੇ ਬਣ ਕੇ ਰਹਿ ਗਈ ਹੈ।

ਭਾਈ ਮਨਧੀਰ ਸਿੰਘ ਨੂੰ ਹਿਰਾਸਤ ਵਿਚ ਲੈਣ ਤੇ ਉਸਨੂੰ ਖ਼ਬਰਾਂ ਵਿਚ ਖਾੜਕੂ ਕਹਿ ਕੇ ਸੰਬੋਧਨ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਕਾਂਗਰਸ ਦੇ ਜ਼ਾਲਮ ਤੰਤਰ ਤੋਂ ਵੀ ਅਗਾਂਹ ਲੰਘ ਚੁੱਕੀ ਹੈ। ਭਾਈ ਮਨਧੀਰ ਸਿੰਘ ਨੈਟਵਰਕ ਇੰਜੀਨੀਅਰਿੰਗ ਵਿਚ ਗਰੇਜੂਏਟ ਹੈ ਤੇ ਉਸਨੇ ਕੈਨੇਡਾ ਤੋਂ ਵੀ ਇੰਜੀਨੀਅਰਿੰਗ ਵਿਚ ਉਚ ਵਿਦਿਆ ਹਾਸਲ ਕੀਤੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਤੋਂ ਵੀ ਉਸਨੇ ਤੁਲਨਾਤਮਿਕ ਧਰਮ ਅਧਿਅਨ ਵਿਚ ਉਚੇਰੀ ਡਿਗਰੀ ਹਾਸਲ ਕੀਤੀ ਹੋਈ ਹੈ। ਅਜਿਹੇ ਸੁਲਝੇ ਹੋਏ ਨੌਜਵਾਨ ਸਿੱਖ ਆਗੂ ਨੂੰ ਗ੍ਰਿਫ਼ਤਾਰ ਕਰਨ ਨਾਲ ਬਾਦਲ ਦੀ ਅਕਾਲੀ ਸਰਕਾਰ ਨੇ ਆਪਣੇ ਵਕਾਰ ਨੂੰ ਭਾਰੀ ਢਾਅ ਲਾਈ ਹੈ, ਜਿਸਦਾ ਖਮਿਆਜਾ ਅਕਾਲੀ ਸਰਕਾਰ ਨੂੰ ਲੋਕ ਅਦਾਲਤ ਵਿਚ ਭੁਗਤਣਾ ਪਏਗਾ। ਅਮਰੀਕੀ ਸਿੱਖ ਜਥੇਬੰਦੀਆਂ ਨੇ ਭਾਰਤ ਦੇ ਬ੍ਰਾਹਮਣਵਾਦੀ ਸਿਸਟਮ ਅਧੀਨ ਵਿਚਰ ਰਹੀ ਅਕਾਲੀ ਸਰਕਾਰ ਨੂੰ ਇਸ ਗੱਲੋਂ ਸਾਵਧਾਨ ਕੀਤਾ ਹੈ ਕਿ ਉਹ ਸਿੱਖ ਨੌਜਵਾਨਾਂ ਉਤੇ ਬਿਨਾਂ ਕਾਰਨ ਅਤਿਆਚਾਰ ਕਰਕੇ ਲੋਕਤੰਤਰ ਦਾ ਘਾਣ ਕਰਕੇ ਸੰਸਾਰ ਭਰ ਵਿਚ ਬਦਨਾਮੀ ਖੱਟ ਰਹੀ ਹੈ, ਜਿਸ ਤੋਂ ਬਚਿਆ ਜਾ ਸਕਦਾ ਹੈ। ਇਨਸਾਫ਼ ਦੇ ਅੰਤਰ-ਰਾਸ਼ਟਰੀ ਮਾਪਦੰਡਾਂ ਅਨੁਸਾਰ ਭਾਈ ਮਨਧੀਰ ਸਿੰਘ ਨੂੰ ਜਲਦੀ ਰਿਹਾ ਕਰਨ ਲਈ ਕਿਹਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: