Site icon Sikh Siyasat News

ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਜਥੇ ਭੇਜੇ ਗਏ ਸੱਦਾ ਪੱਤਰ (ਨਾਨਕਸ਼ਾਹੀ ਕੈਲੰਡਰ)ਮੁਤਾਬਕ ਹੀ ਭੇਜੇ ਜਾਣਗੇ: ਪ੍ਰਧਾਨ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ

ਅੰਮਿ੍ਤਸਰ (10 ਸਤੰਬਰ, 2015): ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੁ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 22 ਸਤੰਬਰ ਨੂੰ ਮਨਾਉਣ ਲਈ ਦਿੱਤੇ ਸੱਦੇ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਸ਼ੋ੍ਰਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਣ ਵਾਲੇ ਸਿੱਖ ਜਥੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫਾਰਸ਼ ਅਤੇ ਭੇਜੇ ਗਏ ਸੱਦਾ ਪੱਤਰ ਮੁਤਾਬਕ ਹੀ ਭੇਜੇ ਜਾਣਗੇ । ਇਸ ਸਬੰਧੀ ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਦੇ ਸੁਝਾਅ ਨੂੰ ਸਵੀਕਾਰ ਕਰਨ ਦੀ ਸਹਿਮਤੀ ਦਿੱਤੀ ਹੈ ਜੋ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਸਿੱਧੀ ਸਹਿਮਤੀ ਕਹੀ ਜਾ ਸਕਦੀ ਹੈ ।

ਸ਼ੋ੍ਰਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਰੌਸ਼ਨੀ ‘ਚ ਭਾਵੇਂ ਸਥਾਨਕ ਸੰਪਰਦਾਵਾਂ ਦੇ ਅਸਰ ਅਧੀਨ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦਿਆਂ ਬਿਕਰਮੀ ਰੂਪੀ ਸੋਧਿਆ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਹੈ ਪਰ ਪਾਕਿਸਤਾਨੀ ਸਿੱਖਾਂ ਵੱਲੋਂ ਗੁਰਪੁਰਬ ਤੇ ਹੋਰ ਧਾਰਮਿਕ ਦਿਹਾੜੇ ਮੂਲ ਕੈਲੰਡਰ ਮੁਤਾਬਕ ਹੀ ਮਨਾਉਣ ‘ਤੇ ਅੜੇ ਰਹਿਣ ਮਗਰੋਂ ਸ਼ੋ੍ਰਮਣੀ ਕਮੇਟੀ ਨੇ ਵੀ ਵਿਚਕਾਰਲਾ ਰਸਤਾ ਅਖ਼ਤਿਆਰ ਕਰਦਿਆਂ ਓਥੇ ਮਨਾਏ ਜਾਣ ਵਾਲੇ ਦਿਹਾੜਿਆਂ ਨੂੰ ਮੂਲ ਕੈਲੰਡਰ ਮੁਤਾਬਕ ਮਨਾਉਣ ਦੀ ਅਸਿੱਧੀ ਸਹਿਮਤੀ ਦੇ ਦਿੱਤੀ ਹੈ ।

ਸ਼ੋ੍ਰਮਣੀ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ 22 ਸਤੰਬਰ ਨੂੰ ਗੁਰੂ ਸਾਹਿਬ ਦੇ ਜੋਤੀ ਜੋਤ ਦਿਹਾੜੇ ਮੌਕੇ ਸ਼ੁਰੂ ਕੀਤੀ ਜਾ ਰਹੀ ਹੈ । 22 ਸਤੰਬਰ ਨੂੰ ਮਿੱਥੀ ਗਈ ਉਕਤ ਤਰੀਕ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਢੁੱਕਵੀਂ ਵੀ ਹੈ, ਜਦਕਿ ਸ਼ੋ੍ਰਮਣੀ ਕਮੇਟੀ ਵੱਲੋਂ ਮੌਜੂਦਾ ਸਥਿਤੀ ‘ਚ ਲਾਗੂ ਕੀਤੇ ਗਏ ਬਿਕਰਮੀ ਰੂਪੀ ਸੋਧੇ ਕੈਲੰਡਰ ‘ਚ ਗੁਰੂ ਸਾਹਿਬ ਦਾ ਜੋਤੀ ਜੋਤ ਦਿਹਾੜਾ 7 ਅਕਤੂਬਰ ਨੂੰ ਆਵੇਗਾ । ਇਸ ਤਹਿਤ ਸ਼ੋ੍ਰਮਣੀ ਕਮੇਟੀ ਵੱਲੋਂ ਪਾਕਿਸਤਾਨੀ ਸਿੱਖਾਂ ਨਾਲ ਸਾਂਝ ਬਣਾਉਣ ਲਈ ਬਿਕਰਮੀ ਕੈਲੰਡਰ ਦੀ ਅੰਦਰਖਾਤੇ ਵੱਢ ਟੁੱਕ ਦਾ ਰਸਤਾ ਅਪਣਾਇਆ ਹੈ ।

ਪ੍ਰਧਾਨ ਸ਼ੋ੍ਰਮਣੀ ਕਮੇਟੀ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੀ ਸੇਵਾ 22 ਸਤੰਬਰ ਤੋਂ ਆਰੰਭ ਕਰਨ ਲਈ ਭਾਰਤ ਤੋਂ 20 ਸਤੰਬਰ ਨੂੰ ਅੰਤਿੰ੍ਰਗ ਕਮੇਟੀ ਮੈਂਬਰਾਂ, ਚੀਫ ਸਕੱਤਰ ਤੇ ਹੋਰ ਅਧਿਕਾਰੀਆਂ ਦਾ ਉੱਚ ਪੱਧਰੀ ਵਫ਼ਦ ਪਾਕਿਸਤਾਨ ਰਵਾਨਾ ਹੋਵੇਗਾ । ਸ਼ੋ੍ਰਮਣੀ ਕਮੇਟੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਓਕਾਫ ਬੋਰਡ, ਪਾਕਿਸਤਾਨ ਸਰਕਾਰ ਤੇ ਓਥੋਂ ਦੇ ਸਿੱਖਾਂ ਦੀ ਰਿਣੀ ਹੈ, ਜਿਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਦੀ ਸੇਵਾ ਸੰਭਾਲ ਦਾ ਮੌਕਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਕਮੇਟੀ ਨੂੰ ਦਿੱਤਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version