ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਧੁੰਮਾ ਨੇ ਅੱਜ ਇਕ ਲਿਖਤੀ ਬਿਆਨ ਵਿਚ ਦਿੱਲੀ ਵਿਖੇ “ਇਕ ਘੱਟਗਿਣਤੀ ਭਾਈਚਾਰੇ” ਖਿਲਾਫ ਹੋ ਰਹੀ ਹਿੰਸਾ ਨੂੰ ਮੰਦਭਾਗਾ ਕਰਾਰ ਦਿਤਾ ਅਤੇ ਪੀੜਤ ਪਰਿਵਾਰਾਂ ਨਾਲ ਗਹਿਰੇ ਦੁਖ ਅਤੇ ਹਮਦਰਦੀ ਦਾ ਇਜ਼ਹਾਰ ਕੀਤਾ।
ਉਨ੍ਹਾਂ ਦਿੱਲੀ ਵਿਖੇ ਸਿੱਖ ਵੱਲੋਂ ਪੀੜਤਾਂ ਪ੍ਰਤੀ ਨਿਭਾਈ ਜਾ ਰਹੀ ਭੂਮਿਕਾ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਲਈ ਅਗੇ ਆਉਣ ਦਾ ਵੀ ਸਦਾ ਦਿਤਾ।
ਪ੍ਰੋ. ਸਰਚਾਂਦ ਸਿੰਘ ਰਾਹੀਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਭਾਰਤੀ ਉਪਮਹਾਂਦੀਪ ਵਿਚ ਘੱਟਗਿਣਤੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਹਿੰਸਾ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਸਰਕਾਰਾਂ ਦਾ ਮੁੱਢਲਾ ਫਰਜ ਤੇ ਜਿੰਮੇਵਾਰੀ “ਹਰੇਕ ਨਾਗਰਿਕ ਅਤੇ ਘੱਟਗਿਣਤੀਆਂ” ਦੀ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ।
ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਦਿੱਲੀ ਹਿੰਸਾ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਦਿਲੀ ਪੁਲੀਸ ਦੀ ਨਾਕਾਮੀ ਦਾ ਸਿੱਟਾ ਹੈ। ਇਨ੍ਹਾਂ ਵੱਲੋਂ ਮੌਕੇ ‘ਤੇ ਢੁਕਵੀਂ ਕਾਰਵਾਈ ਕੀਤੀ ਗਈ ਹੁੰਦੀ ਤਾਂ ਹਿੰਸਾ ਨੂੰ ਫੈਲਣ ਤੋਂ ਅਤੇ ਦੁਖਾਂਤ ਨੂੰ ਵਾਪਰਨ ਤੋਂ ਵੀ ਰੋਕਿਆ ਜਾ ਸਕਦਾ ਸੀ ਜਾਂ ਫਿਰ ਘੱਟੋ-ਘੱਟ ਜਾਨੀ ਮਾਲੀ ਨੁਕਸਾਨ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਹਿੰਸਾ ਨੇ ਨਵੰਬਰ ’84 ਦੇ “ਸਿੱਖ ਕਤਲੇਆਮ” ਦੀਆਂ ਯਾਦਾਂ ਤਾਜ਼ਾ ਕਰਾ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਅੱਜ ਦਿੱਲੀ ਨੂੰ ਮੁੜ ਹਿੰਸਾ ਨਾ ਦੇਖਣੀ ਪੈਂਦੀ।
ਟਕਸਾਲ ਮੁਖੀ ਨੇ ਕੇਂਦਰ ਸਰਕਾਰ ਨੂੰ ਦਿੱਲੀ ਹਿੰਸਾ ਦਾ ਕਾਰਨ ਬਣੇ ਨਾਗਰਿਕਤਾ ਸੋਧ ਕਾਨੂੰਨ ਦੇ ਸੰਵੇਦਨਸ਼ੀਲ ਮਾਮਲੇ ਨੂੰ ਮੁੜ ਵਿਚਾਰਦਿਆਂ ਠੋਸ ਅਤੇ ਸਰਵ ਪ੍ਰਵਾਨਿਤ ਹੱਲ ਕੱਢਣਾ ਚਾਹੀਦਾ ਹੈ।