Site icon Sikh Siyasat News

ਸਿੱਖ ਪਛਾਣ ਬਾਰੇ ਚੇਤਨਾ ਫੈਲਾਉਣ ਵਾਲੀ ਮੁਹਿੰਮ ਨੂੰ ਅਮਰੀਕਾ ਵਿਚ ਮਿਲਿਆ ਪੀਆਰਵੀਕ ਯੂਐਸ ਐਵਾਰਡ 2018

ਵਾਸ਼ਿੰਗਟਨ: ਅਮਰੀਕਾ ਦੇ ਸਿੱਖਾਂ ਵੱਲੋਂ ਦੇਸ਼ ਦੇ ਇਸ ਘੱਟਗਿਣਤੀ ਭਾੲੀਚਾਰੇ ਬਾਰੇ ਚੇਤਨਾ ਫੈਲਾਉਣ ਦੀ ਇਕ ਦੇਸ਼ ਵਿਆਪੀ ਮੁਹਿੰਮ ਨੂੰ ਜਨਤਕ ਹਿੱਤ ਖਾਤਰ ਲੋਕ ਸੰਪਰਕ ਪ੍ਰੋਗਰਾਮ ਦਾ ਸਰਬੋਤਮ ਅਮਰੀਕੀ ਪੁਰਸਕਾਰ ਦਿੱਤਾ ਗਿਆ ਹੈ। ਅਪਰੈਲ ਮਹੀਨੇ ਨਿਰਸਵਾਰਥ ਸੰਸਥਾ ਨੈਸ਼ਨਲ ਸਿੱਖ ਕੰਪੇਨ ਐਨਐਸਸੀ ਵਲੋਂ ਦੇਸ਼ ਭਰ ਵਿੱਚ ਘੱਟਗਿਣਤੀਆਂ ’ਤੇ ਹੋਣ ਵਾਲੇ ਨਫ਼ਰਤੀ ਹਮਲਿਆਂ ਦੇ ਮੱਦੇਨਜ਼ਰ ਆਪਣੇ ਧਰਮ ਪ੍ਰਤੀ ਚੇਤਨਾ ਫੈਲਾਉਣ ਲਈ ਇਕ ਵਿਗਿਆਪਨ ਮੁਹਿੰਮ ‘ਵੁਈ ਆਰ ਸਿੱਖਜ਼’ ਵਿੱਢੀ ਗਈ ਸੀ। ਇਸ ਮੁਹਿੰਮ ਨੂੰ ਐਫਪੀ1 ਸਟ੍ਰੈਟਿਜੀਜ਼ ਵੱਲੋਂ ਨੇਪਰੇ ਚਾੜਿਆ ਗਿਆ ਸੀ ਜਿਸ ਨੇ ਸਿੱਖਾਂ ਨੂੰ ਇਕ ਆਮ ਗੁਆਂਢੀ ਤੇ ਆਮ ਅਮਰੀਕੀ ਦੀ ਤਰ੍ਹਾਂ ਅਸਰਦਾਰ ਢੰਗ ਨਾਲ ਪੇਸ਼ ਕੀਤਾ ਸੀ ਜਿਨ੍ਹਾਂ ਬਾਰੇ ਦੂਜੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਦੀ ਜਾਣਕਾਰੀ ਨਾ ਹੋਣ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੁਹਿੰਮ ਨੂੰ ਪੀਆਰਵੀਕ ਯੂਐਸ ਐਵਾਰਡ 2018 ਨਾਲ ਸਨਮਾਨਤ ਕੀਤਾ ਗਿਆ ਹੈ। ਦੂਜੇ ਸ਼ਬਦਾਂ ਵਿੱਚ ਇਸ ਪੁਰਸਕਾਰ ਨੂੰ ਜਨਤਕ ਹਿੱਤ ਦੇ ਖੇਤਰ ਵਿੱਚ ਲੋਕ ਸੰਪਰਕ ਸਨਅਤ ਦਾ ਆਸਕਰ ਵੀ ਆਖਿਆ ਜਾਂਦਾ ਹੈ।

ਐਨਐਸਸੀ ਦੇ ਬਾਨੀ ਤੇ ਸੀਨੀਅਰ ਸਲਾਹਕਾਰ ਰਾਜਵੰਤ ਸਿੰਘ ਨੇ ਕਿਹਾ ‘‘ਇਹ ਅਮਰੀਕਾ ਦੇ ਸਿੱਖਾਂ ਦੀ ਵੱਡੀ ਪ੍ਰਾਪਤੀ ਹੈ। ਮੈਂ ਹਰ ਉਸ ਸ਼ਖ਼ਸ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਤੇ ਕਦਰਾਂ ਕੀਮਤਾਂ ਪ੍ਰਤੀ ਲੋਕ ਚੇਤਨਾ ਨਾ ਹੋਣ ਕਾਰਨ ਧੱਕੇ ਧੋਡ਼ਿਆਂ, ਵਿਤਕਰੇ ਤੇ ਨਫ਼ਰਤੀ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।’’ ਇਸ ਮੁਹਿੰਮ ਲਈ 13 ਲੱਖ ਡਾਲਰ ਜੁਟਾਏ ਗਏ ਸਨ ਜਿਸ ਵਿੱਚ ਬਹੁਤਾ ਯੋਗਦਾਨ ਸਿੱਖਾਂ ਦਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version