ਦਸਤਾਰ

ਵਿਦੇਸ਼

ਦਸਤਾਰ ਦੇ ਮੁੱਦੇ ਸ਼੍ਰੋਮਣੀ ਕਮੇਟੀ ਨੇ ਫਰਾਂਸ ਦੇ ਰਾਸ਼ਟਰਪਤੀ ਤੱਕ ਨਹੀਂ ਕੀਤੀ ਪਹੁੰਚ, ਯੂਨਾਈਟਿਡ ਸਿੱਖਸ ਜੱਥੇਬੰਦੀ ਦੇ ਦਿੱਤਾ ਪੱਤਰ

By ਸਿੱਖ ਸਿਆਸਤ ਬਿਊਰੋ

January 25, 2016

ਚੰਡੀਗੜ੍ਹ (24 ਜਨਵਰੀ, 2016): ਫਰਾਂਸ ਵਿੱਚ ਸਿੱਖ ਕੌਮ ਦਸਤਾਰ ਸਜ਼ਾਉਣ ਦੇ ਹੱਕ ਦੀ ਬਹਾਲੀ ਲਈ ਪਿਛਲੇ ਸਾਲਾਂ ਤੋਂ ਸੰਘਰਸ਼ ਕਰ ਰਹੀ ਹੈ, ਪਰ ਜਦ ਫਰਾਂਸ ਦੇ ਰਾਸ਼ਟਰਪਤੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਆਉਦੇ ਹਨ ਤਾਂ ਆਪਣੇ ਆਪ ਨੂੰ ਸਿੱਖਾਂ ਦੀ ਸਿਰਮੌਰ ਅਤੇ ਸਿੱਖ ਹਿੱਤਾਂ ਦੀ ਪੈਰਵੀ ਕਰਨ ਵਾਲੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰਾਂਸ਼ੀਸ਼ੀ ਰਾਸ਼ਟਰਪਤੀ ਨੂੰ ਇਸ ਮੁੱਦੇ ‘ਤੇ ਮਿਲਣਾ ਤਾਂ ਦੂਰ ਇੱਖ ਪੱਤਰ ਵੀ ਨਹੀ ਲਿਖ ਸਕੀ

ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਵਿੱਚ ਰੁਚੀ ਨਾਲ ਲਏ ਜਾਣ ਤੋਂ ਬਾਅਦ ਇੱਕ ਸਿੱਖ ਜੱਥੇਬੰਦੀ ਨੇ ਫਰਾਂਸ ‘ਚ ‘ਦਸਤਾਰ’ ਨੂੰ ਲੈ ਕੇ ਸੰਘਰਸ਼ ਕਰ ਰਹੇ ਸਿੱਖਾਂ ਦੀ ਵੇਦਨਾ ਵੀ ਪੱਤਰ ਦੇ ਰੂਪ ‘ਚ ਫਰਾਂਸੀਸੀ ਰਾਸ਼ਟਰਪਤੀ ਤੱਕ ਪਹੁੰਚੀ ।ਫਰਾਂਸੀਸੀ ਰਾਸ਼ਟਰਪਤੀ ਦੇ ਨਾਮ ਇਹ ਪੱਤਰ “ਯੂਨਾਇਟਡ ਸਿੱਖਸ” ਜਥੇਬੰਦੀ ਵੱਲੋਂ ਲਿਖਿਆ ਗਿਆ ਸੀ, ਜੋਕਿ ਭਾਰਤ ‘ਚ ਫਰਾਂਸ ਦੇ ਰਾਜਦੂਤ ਫਰਾਂਕਿਓਸ ਰਿਸ਼ਿਅਰ ਵੱਲੋਂ ਹੋਟਲ ਤਾਜ ‘ਚ ਬੀਤੀ ਦੇਰ ਰਾਤ ਜਥੇਬੰਦੀ ਤੋਂ ਹਾਸਿਲ ਕੀਤਾ ਗਿਆ ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅੱਜ ਦੇ ਰਾਸ਼ਟਰਪਤੀ ਦੌਰੇ ਤੋਂ ਦੋ ਦਿਨ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਫਰਾਂਸੀਸੀ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖਿਆ ਗਿਆ ਹੈ ਜਦਕਿ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਸ਼੍ਰੋਮਣੀ ਕਮੇਟੀ ਨੇ ਦਸਤਾਰ ਮਸਲਾ ਉਠਾਉਣ ਵਾਸਤੇ ਫਰਾਂਸੀਸੀ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਪ੍ਰਧਾਨ ਮੰਤਰੀ ਦਫ਼ਤਰ ਨੂੰ ਅਧਿਕਾਰਤ ਤੌਰ ‘ਤੇ ਕੋਈ ਖ਼ਤ ਨਹੀਂ ਲਿਖਿਆ ਸੀ ।ਇਸ ਸਭ ਦੇ ਚੱਲਦਿਆਂ ਕੇਵਲ ਇਕ ਜਥੇਬੰਦੀ ਹੀ ਫਰਾਂਸੀਸੀ ਰਾਸ਼ਟਰਪਤੀ ਤੱਕ ਮੰਗ ਪੱਤਰ ਪਹੁੰਚਾ ਸਕੀ ।

ਇਸ ਜਥੇਬੰਦੀ ਵੱਲੋਂ ਦਸਤਾਰ ਮਸਲਾ ਉਠਾਉਣ ਲਈ ਪਿਛਲੇ ਇਕ ਹਫ਼ਤੇ ਤੋਂ ਫਰਾਂਸੀਸੀ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਫਰਾਂਸ ਦੇ ਨਵੀਂ ਦਿੱਲੀ ਸਥਿਤ ਸਫ਼ਾਰਤਖ਼ਾਨੇ ਰਾਬਤਾ ਕੀਤਾ ਜਾ ਰਿਹਾ ਸੀ, ਪ੍ਰੰਤੂ ਫਰਾਂਸੀਸੀ ਸਫ਼ਾਰਤਖ਼ਾਨੇ ਦੇ ਅਧਿਕਾਰੀ ਮੁਲਾਕਾਤ ਕਰਾਉਣ ਲਈ ਰਾਜ਼ੀ ਨਹੀਂ ਹੋਏ ।

ਯੁਨਾਇਟਡ ਸਿੱਖਸ ਦੇ ਆਗੂ ਸ. ਗੁਰਪ੍ਰੀਤ ਸਿੰਘ ਨੇ ‘ਅਜੀਤ’ ਨੂੰ ਦੱਸਿਆ ਕਿ ਜਥੇਬੰਦੀ ਚਾਹੁੰਦੀ ਸੀ ਕਿ ਫਰਾਂਸੀਸੀ ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਨੂੰ ਦਸਤਾਰ ਮਸਲੇ ਦੇ ਹੱਲ ਲਈ ਮੰਗ ਪੱਤਰ ਦਿੱਤਾ ਜਾਵੇ, ਪ੍ਰੰਤੂ ਫਰਾਂਸੀਸੀ ਸਫ਼ਾਰਤਖ਼ਾਨੇ ਨੇ ਰਾਸ਼ਟਰਪਤੀ ਦੇ ਰੁਝੇਵਿਆਂ ਦਾ ਜ਼ਿਕਰ ਕਰਦਿਆਂ ਸਮਾਂ ਨਹੀਂ ਦਿੱਤਾ, ਪ੍ਰੰਤੂ ਨਾਲ ਹੀ ਭਾਰਤ ‘ਚ ਫਰਾਂਸ ਦੇ ਰਾਜਦੂਤ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਸੀ ਕਿ ਉਹ 21 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਜਾਂ 23 ਫਰਵਰੀ ਨੂੰ ਚੰਡੀਗੜ੍ਹ ਵਿਖੇ ਜਥੇਬੰਦੀ ਦਾ ਮੰਗ ਪੱਤਰ ਹਾਸਿਲ ਕਰਕੇ ਫਰਾਂਸੀਸੀ ਰਾਸ਼ਟਰਪਤੀ ਤੱਕ ਸਿੱਖਾਂ ਦੀ ਆਵਾਜ਼ ਜ਼ਰੂਰ ਪਹੁੰਚਾ ਦੇਣਗੇ ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਫਰਾਂਸੀਸੀ ਸਫ਼ਾਰਤਖ਼ਾਨੇ ਨੇ ਉਨ੍ਹਾਂ ਨੂੰ ਫੋਨ ਰਾਹੀਂ ਕਿਹਾ ਸੀ ਕਿ ਉਹ ਆਪਣਾ ਮੰਗ ਪੱਤਰ ਚੰਡੀਗੜ੍ਹ ਦੇ ਹੋਟਲ ਤਾਜ ਵਿਖੇ ਦੇ ਸਕਦੇ ਹਨ, ਜਿਸ ਤੋਂ ਬਾਅਦ ਬੀਤੀ ਰਾਤ ਫਰਾਂਸੀਸੀ ਰਾਜਦੂਤ ਨੂੰ ਮੰਗ ਪੱਤਰ ਦੇ ਦਿੱਤਾ ਸੀ ਤੇ ਰਾਜਦੂਤ ਨੇ ਜੱਥੇਬੰਦੀ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਮੰਗ ਪੱਤਰ ਕੱਲ੍ਹ ਰਾਸ਼ਟਰਪਤੀ ਤੱਕ ਪਹੁੰਚਾ ਦਿੱਤਾ ਜਾਵੇਗਾ । ਰਾਜਦੂਤ ਵੱਲੋਂ ਜਥੇਬੰਦੀ ਨੂੰ ਨਵੀਂ ਦਿੱਲੀ ਮੁਲਾਕਾਤ ਦਾ ਭਰੋਸਾ ਵੀ ਦਿੱਤਾ ਗਿਆ ।

ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦਸਤਾਰ ਮਸਲੇ ਨੂੰ ਲੈ ਕੇ ਫਰਾਂਸੀਸੀ ਰਾਸ਼ਟਰਪਤੀ ਨਾਲ ਮੁਲਾਕਾਤ ਦਾ ਕੋਈ ਗੰਭੀਰ ਯਤਨ ਨਹੀਂ ਕੀਤਾ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: