ਲੰਡਨ (17 ਅਪ੍ਰੈਲ, 2015): ਯੂਨੈਸਕੋ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦੇਣ ਦੀ ਤਜਵੀਜ਼ ਨੂੰ ਮਨਸੂਖ ਕਰਵਾਉਣ ਲਈ ਬਰਤਾਨੀਆਂ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ ਯੂਨੈਸਕੋ ਆਨ ਲਾਈਨ ਲਈ ਪਟੀਸ਼ਨ ਤਿਆਰ ਕੀਤੀ ਗਈ ਹੈ ।ਪਟੀਸ਼ਨ ਵਿੱਚ ਭਾਰਤ ਸਰਕਾਰ ਵਲੋਂ ਦਿੱਤੀ ਗਈ ਅਰਜ਼ੀ ਨੂੰ ਖਾਰਜ ਕਰਨ ਲਈ ਆਖਦਿਆਂ ਸਪੱਸ਼ਟ ਕੀਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਰੂਹਨੀਅਤਕ ਦਾ ਕੇਂਦਰ ਅਤੇ ਮੁੱਖ ਧਾਰਮਿਕ ਅਸਥਾਨ ਹੈ ।
ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਰਾਜਨੀਤਕ ਸ਼ਕਤੀ ਦਾ ਸਰਵਉੱਚ ਸੋਮਾ ਹੈ ਜਿੱਥੋਂ ਸਿੱਖ ਕੌਮ ਦੇ ਫੈਸਲੇ ਲਏ ਜਾਂਦੇ ਹਨ । ਇਸ ਨੂੰ ਕਿਸੇ ਵੀ ਤਰਾਂ ਸੈਰ ਸਪਾਟਾ ਜਾਂ ਸੱਭਿਆਚਾਰਕ ਕੇਂਦਰ ਸਮਝਦਿਆਂ ਵਿਰਾਸਤੀ ਦਰਜਾ ਨਹੀਂ ਦਿੱਤਾ ਜਾ ਸਕਦਾ ਅਤੇ ਨਾ ਹੀ ਇਸ ਦਾ ਪ੍ਰਬੰਧ ਕਿਸੇ ਗੈਰ ਸਿੱਖ ਸੰਸਥਾ ਦੇ ਅਧੀਨ ਕੀਤਾ ਜਾ ਸਕਦਾ ਹੈ ।
ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ,ਸ੍ਰ, ਰਘਬੀਰ ਸਿੰਘ ਇੰਟਰਨੈਸ਼ਨਲ ਪੰਥਕ ਦਲ ਅਤੇ ਧਰਮਯੁੱਧ ਜਥਾ ਦਮਦਮੀ ਟਕਸਾਲ ਦੇ ਆਗੂ ਸ੍ਰ, ਬਲਵਿੰਦਰ ਸਿੰਘ ਚਹੇੜੂ ਵਲੋਂ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਆਨ ਲਾਈਨ ਪਟੀਸ਼ਨ ਤੇ ਦਸਤਖਤ ਕੀਤੇ ਜਾਣ ਅਤੇ ਯੂਨੈਸਕੋ ਦੇ ਮੁਖੀ ਪੱਤਰਾਂ ਰਾਹੀਂ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਦੀ ਮਹਾਨਤਾ ਬਾਰੇ ਜਾਣੂ ਕਰਵਾਉਂਦਿਆਂ ਸੰਭਾਵੀ ਕਾਰਵਾਈ ਮਨਸੂਖ ਕਰਨ ਲਈ ਆਖਿਆ ਜਾਵੇ ।
ਭਾਰਤ ਸਰਕਾਰ ਵਲੋਂ ਚੁੱਪ ਚਪੀਤੇ ਪਿਛਲੇ ਸਾਲ ਐੱਪਰੈਲ ਵਿੱਚ ਇਸ ਬਾਰੇ ਅਰਜ਼ੀ ਦਿੱਤੀ ਜਾ ਚੁੱਕੀ ਹੈ ਜਦਕਿ ਇਸ ਬਾਰੇ ਖੁਲਾਸਾ ਇਸ ਸਾਲ ਕੀਤਾ ਗਿਆ ਹੈ ।ਸਿੱਖ ਜਥੇਬੰਦੀਆਂ ਵਲੋਂ ਇਸ ਨੂੰ ਕੌਮ ਲਈ ਬਹੁਤ ਹੀ ਚਿੰਤਾਜਨਕ ਵਰਤਾਰਾ ਅਤੇ ਭਾਰਤ ਸਰਕਾਰ ਦਾ ਮਾਰੂ ਹਮਲਾ ਕਰਾਰ ਦਿੱਤਾ ਗਿਆ ਹੈ ।
ਜਿਸ ਨਾਲ ਸਿੱਖ ਕੌਮ ਧਾਰਮਿਕ ਤੌਰ ਤੇ ਸਦਾ ਵਾਸਤੇ ਗੁਲਾਮ ਹੋ ਜਾਵੇਗੀ ।ਪਰ ਸਿੱਖ ਕੌਮ ਅਜਿਹਾ ਕਦੀ ਨਹੀਂ ਹੋਣ ਦੇਵੇਗੀ । ਯੂ,ਕੇ ਵਿੱਚ ਟੀ.ਵੀ ਚੈਨਲਾਂ ,ਅਖਬਾਰਾਂ ਅਤੇ ਗੁਰਦਵਾਰਿਆਂ ਵਿੱਚ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਇਸ ਸਿੱਖ ਮਾਰੂ ਕਾਰਵਾਈ ਦੀ ਵੱਡੀ ਪੱਧਰ ਤੇ ਚਰਚਾ ਛਿੜ ਚੁੱਕੀ ਹੈ ਅਤੇ ਸਿੱਖਾਂ ਵਲੋਂ ਭਾਰੀ ਵਿਰੋਧ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਇਸ ਬਾਰੇ ਲੋਕਲ ਪਾਰਲੀਮੈਂਟ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਪੰਥਕ ਸਮਾਗਮ ਕਰਨ ਦੀ ਤਜਵੀਜ਼ ਹੈ ।ਵਰਨਣਯੋਗ ਹੈ ਕਿ ਦਸ ਕੁ ਸਾਲ ਪਹਿਲਾਂ ਵੀ ਇਹ ਗੱਲ ਚੱਲੀ ਸੀ ਪਰ ਵਿਦੇਸ਼ਾਂ ਵਿੱਚਲੀਆਂ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਇਸ ਬਾਰੇ ਦਿੱਤੀ ਗਈ ਅਰਜੀ ਵਾਪਸ ਹੋ ਗਈ ਸੀ ।
ਪਟੀਸ਼ਨ ‘ਤੇ ਦਸਤਖ਼ਤ ਕਰਨ ਲਈ ਲਿੰਕ: