ਫਿਰੋਜ਼ਪੁਰ: ਦਲ ਖ਼ਾਲਸਾ ਅਤੇ ਸਰਬ ਸਾਂਝੀਵਾਲਤਾ ਸੇਵਾ ਦਲ ਨੇ ਸ਼ੁੱਕਰਵਾਰ (26 ਮਈ) ਨੂੰ ਐਲਾਨ ਕੀਤਾ ਕਿ ਭਾਰਤੀ ਫੌਜ ਵਲੋਂ ਜੂਨ 1984 ‘ਚ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਯਾਦ ‘ਚ ਮਾਲਵਾ ਖੇਤਰ ‘ਚ ‘ਘੱਲੂਘਾਰਾ ਯਾਦਗਾਰੀ ਮਾਰਚ’ 4 ਜੂਨ ਨੂੰ ਕੱਢਿਆ ਜਾਏਗਾ।
ਇਸ ਮਾਰਚ ਦਾ ਐਲਾਨ ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬਾਬਾ ਅਵਤਾਰ ਸਿੰਘ ਸਾਧਾਂਵਾਲਾ ਨੇ ਪ੍ਰੈਸ ਕਾਨਫਰੰਸ ‘ਚ ਕੀਤਾ।
ਉਨ੍ਹਾਂ ਕਿਹਾ ਕਿ ਦੋਵਾਂ ਜਥੇਬੰਦੀਆਂ ਦੇ ਮਾਲਵਾ ਖੇਤਰ ਦੇ ਨੌਜਵਾਨ ਕਾਰਜਕਰਤਾ ਕੇਸਰੀ ਝੰਡੇ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਲੈ ਕੇ ਪਿੰਡ ਸਾਧਾਂਵਾਲਾ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜੱਦੀ ਪਿੰਡ ਰੋਡੇ ਤਕ ਮਾਰਚ ਕਰਨਗੇ। ਉਨ੍ਹਾਂ ਦੱਸਿਆ ਕਿ ਮਾਰਚ ਵੱਖ-ਵੱਖ ਪਿੰਡਾਂ, ਤਹਿਸੀਲਾਂ ਤੋਂ ਹੁੰਦਾ ਹੋਇਆ 50 ਕਿਲੋਮੀਟਰ ਦਾ ਸਫਰ ਤੈਅ ਕਰੇਗਾ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ, “ਭਾਵੇਂ ਅੱਜ ਕਾਂਗਰਸ ਦੁਬਾਰਾ ਪੰਜਾਬ ਦੀ ਸੱਤਾ ਵਿਚ ਆ ਗਈ ਹੈ ਪਰ ਸਿੱਖ ਆਵਾਮ ਕਾਂਗਰਸ ਵਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ ਨੂੰ ਭੁੱਲੀ ਨਹੀਂ ਹੈ।”
ਉਨ੍ਹਾਂ ਕਿਹਾ ਕਿ ਜ਼ਖਮ ਹਾਲੇ ਵੀ ਹਰੇ ਹਨ। ਉਨ੍ਹਾਂ ਕਿਹਾ ਕਿ ਬੇਕਸੂਰ ਲੋਕਾਂ ਦਾ ਖੂਨ ਦਰਬਾਰ ਸਾਹਿਬ ਦੇ ਪਵਿੱਤਰ ਫਰਸ਼ ‘ਤੇ ਪਿਆ ਇਨਸਾਫ ਦੀ ਪੁਕਾਰ ਕਰ ਰਿਹਾ ਹੈ। ਇੰਨੇ ਵੱਡੇ ਕਤਲੇਆਮ, ਅਕਾਲ ਤਖ਼ਤ ਨੂੰ ਢਾਹੁਣ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਬਰਬਾਰ ਕਰਨ ਦੀ ਸਾਜ਼ਿਸ਼ ਲਈ ਕਿਸੇ ਨੂੰ ਵੀ ਜਵਾਬਦੇਹ ਨਹੀਂ ਬਣਾਇਆ ਗਿਆ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਇਸ ਦੀ ਮੰਗ ਕੀਤੀ ਸੀ ਅਤੇ ਕਾਂਗਰਸ ਨੇ ਇਸਨੂੰ ਅੰਜਾਮ ਦਿੱਤਾ ਅਤੇ ਸਮੁੱਚੇ ਭਾਰਤ ਨੇ ਇਸ ‘ਤੇ ਖੁਸ਼ੀਆਂ ਮਨਾਈਆਂ।
ਇਸ ਪ੍ਰੈਸ ਕਾਨਫਰੰਸ ‘ਚ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ, ਅਮਰੀਕ ਸਿੰਘ ਈਸੜੂ, ਸੁਰਜੀਤ ਸਿੰਘ ਖ਼ਾਲਿਸਤਾਨੀ ਵੀ ਮੌਜੂਦ ਸਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sikh bodies to take out ‘Ghalughara Yadgari March’ In Malwa region on June 4 …