ਦਲ ਖਾਲਸਾ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਹੋਰ ਆਗੂ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ

ਸਿੱਖ ਖਬਰਾਂ

ਹਕੂਮਤ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰੇ: ਸਿੱਖ ਜੱਥੇਬੰਦੀਆਂ

By ਸਿੱਖ ਸਿਆਸਤ ਬਿਊਰੋ

May 13, 2019

ਬਠਿੰਡਾ: “ਹਕੂਮਤ ਸਿੱਖ ਨੌਜਵਾਨਾਂ ਪ੍ਰਤੀ ਜਹਿਰੀ ਸੋਚ ਨਾਲ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣਾ ਬੰਦ ਕਰੇ, ਸਿੱਖਾਂ ਨੂੰ ਖਤਮ ਕਰਨ ਵਾਲੇ ਖਤਮ ਕਰਨ ਵਾਲੇ ਹਾਕਮ ਖਤਮ ਹੋ ਗਏ ਪਰ ਸਿੱਖ ਨਹੀਂ, ਇਤਿਹਾਸ ਇਸ ਗੱਲ ਦਾ ਗਵਾਹ ਹੈ” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਕੱਲ ਦਲ ਖਾਲਸਾ ਤੇ ਹੋਰ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਕੀਤਾ ਗਿਆ।

ਬਠਿੰਡੇ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਲ ਖਾਸਲਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਜ਼ਿਲ੍ਹਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਨਥਾਣਾ, ਭਾਈ ਭਗਵਾਨ ਸਿੰਘ ਸੰਧੂ ਖੁਰਦ ਪ੍ਰਧਾਨ ਮਾਲਵਾ ਗ੍ਰੰਥੀ ਸਭਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮਾਲਵਾ ਜ਼ੋਨ ਆਗੂ ਪਰਨਜੀਤ ਸਿੰਘ ਜੱਗੀ ਕੋਟਫੱਤਾ ਨੇ ਕਿਹਾ ਕਿ ਸਿੱਖ ਨੌਜਵਾਨ ਨਾਂ ਜਗਤਾਰ ਸਿੰਘ ਜੱਗੀ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਤੇ ਹੋਰਾਂ ਨੂੰ ਨਜਾਇਜ ਤੌਰ ‘ਤੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਭੇਜਿਆ ਜਾ ਰਿਹਾ ਹੈ।

ਸਿੱਖ ਆਗੂਆਂ ਨੇ ਕਿਹਾ ਕਿ ਮਾਮਲਿਆਂ ਵਿੱਚ ਭਾਰਤੀ ਸੁਪਰੀਮ ਕੋਰਟ ਦੇ ਜੱਜਾਂ ਦਾ ਰਵੱਈਆ ਵੀ ਸਿੱਖ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਜੱਗੀ ਜੌਹਲ ਅਤੇ ਉਸ ਦੇ ਸਾਥੀਆਂ ਨੂੰ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਨੌਜਵਾਨਾਂ ਤੇ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਜ਼ਲੀਲ ਕਰਨ ਲਈ ਅਜਿਹੀਆਂ ਸਾਜਿਸਾਂ ਰਚੀਆਂ ਜਾ ਰਹੀਆਂ ਹਨ।

ਜੱਥੇਬੰਦੀਆਂ ਦੇ ਆਗੂਆਂ ਨੇ ਬੀਤੇ ਦਿਨੀਂ ਲਖਵੀਰ ਸਿੰਘ ਲੱਖਾ ਸਿਧਾਣਾ ਤੇ ਹੋਰ ਅਣਪਛਾਤੇ ਸਿੱਖਾਂ ਤੇ ਝੂਠੇ ਇਰਾਦਾ ਕਤਲ ਕੇਸ ਬਣਾਉਣ ਦੀ ਸ਼ਖਤ ਸ਼ਬਦਾਂ ‘ਚ ਨਿੰਦਿਆਂ ਕੀਤੀ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਦੁਸ਼ਮਣ ਜਮਾਤ ਦਿੱਲੀ ਆਪਣੇ ਏਜੰਟ ਬਾਦਲ ਪਰਿਵਾਰ ਨੂੰ ਹਰ ਹਾਲਤ ‘ਚ ਸਿੱਖਾਂ ਦੇ ਸਿਰਾਂ ‘ਤੇ ਬਿਠਾਕੇ ਸਿੱਖ ਚਿਹਰੇ ਮੋਹਰੇ ਦੀ ਆੜ ‘ਚ ਪ੍ਰਕਾਸ਼ ਬਾਦਲ, ਪੁੱਤਰ ਸੁਖਬੀਰ ਬਾਦਲ, ਹਰਸਿਮਰਤ ਬਾਦਲ ਰਾਹੀਂ ਸਿੱਖਾਂ ਤੇ ਸਿੱਖੀ ਦਾ ਘਾਣ ਕਰਵਾਉਣ ਲਈ ਇਨ੍ਹਾਂ ਨੂੰ ਸੱਤਾ ‘ਚ ਲਿਆਉਣ ਲਈ ਤਰਲੋਮੱਚੀ ਹੋ ਰਹੀ ਹੈ। ਇਸੇ ਕਰਕੇ ਸਿੱਖ ਵਿਰੋਧੀ ਹਿੰਦ ਸਟੇਟ ਬਾਦਲ ਵਿਰੁੱਧ ਕਿਸੇ ਵੀ ਸ਼ਾਂਤਮਈ ਲੋਕਤੰਤਰੀ ਢੰਗ ਨਾਲ ਵਿਰੋਧ ਪ੍ਰਦਰਸ਼ਨ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਤਾਨਾਸ਼ਾਹੀ ਢੰਗ ਨਾਲ ਵਿਰੋਧ ਨੂੰ ਦਵਾਉਣ ਲਈ ਸਿੱਖਾਂ ‘ਤੇ ਝੂਠੇ ਪਰਚੇ ਦਰਜ ਕਰ ਰਹੀ ਹੈ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਬਠਿੰਡਾ, ਦਲ ਖਾਲਸਾ ਦੇ ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਮਾਲਵਾ ਯੂਥ ਫੇਡਰੇਸ਼ਨ ਦੇ ਆਗੂ ਤੇ ਪੰਜਾਬੀ ਮਾਂ ਬੋਲੀ ਸਤਿਕਾਰ ਸੰਸਥਾ ਦੇ ਆਗੂਆਂ ਨੇ ਸਮੂਹ ਹਮਖਿਆਲੀ ਜੱਥੇਬੰਦੀਆਂ ਨੂੰ 16 ਮਈ ਨੂੰ ਸਵੇਰੇ 9 ਵਜੇ ਕਿਲਾ ਮੁਬਾਰਕ ਬਠਿੰਡਾ ਤੋਂ ਡੀ.ਸੀ ਦਫਤਰ ਤੱਕ ਕਾਲੇ ਝੰਡਿਆਂ ਨਾਲ ਹੋਣ ਵਾਲੇ ਰੋਸ ਮਾਰਚ ਵਿੱਚ ਵੱਡੀ ਗਿਣਤੂ ‘ਚ ਪੁੱਜਣ ਦੀ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: