ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਦੇ ਹੋਏ ਸਿੱਖ ਜੱਥੇਬੰਦੀਆਂ ਦੇ ਆਗੂ

ਵਿਦੇਸ਼

ਜਰਮਨੀ ਦੀਆਂ ਸਿੱਖ ਜੱਥੇਬੰਦੀਆਂ ਨੇ ਬਿਕਰਮੀ ਕੈਲੰਡਰ ਨੂੰ ਰੱਦ ਕਰਕੇ ਮੂਲ ਨਾਨਕ ਸ਼ਾਹੀ ਕੈਲੰਡਰ ਕੀਤਾ ਜਾਰੀ

By ਸਿੱਖ ਸਿਆਸਤ ਬਿਊਰੋ

April 21, 2015

ਫਰੈਂਕਫਰਟ (20 ਅਪ੍ਰੈਲ, 2015): ਖਾਲਸਾ ਸਿਰਜਣ ਦਿਵਸ ਸਬੰਧੀ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿੱਚ ਹੋਏ ਗੁਰਮਤਿ ਸਮਾਗਮ ਵਿੱਚ ਪੰਥਕ ਜੱਥੇਬੰਦੀਆਂ ਵੱਲੋਂ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ‘ਤੇ ਜਾਰੀ ਕੀਤੇ ਹਿੰਦੂਤਵੀ ਬਿਕਰਮੀ ਕੈਲੰਡਰ ਨੂੰ  ਰੱਦ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਜ਼ਾਰੀ ਕੀਤਾ ਗਿਆ।

ਖਾਲਸਾ ਸਾਜਨਾ ਦਿਵਸ ਦੇ ਇਸ ਅਵਸਰ ਉੱਤੇ ਸੰਗਤਾਂ ਦੇ ਭਰਵੇਂ ਇਕੱਠ ਵਿੱਚ ਨਾਨਕਸ਼ਾਹੀ ਕੈਲੰਡਰ ਕਹਿ ਕੇ ਲਾਗੂ ਕੀਤੇ ਗਏ ‘ਨਾਗਪੁਰੀ‘ ਬਿਕਰਮੀ ਕੈਲੰਡਰ ਨੂੰ ਰੱਦ ਕਰਕੇ 2003 ਵਿੱਚ ਜਾਰੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕੀਤਾ ਗਿਆ ਜਿਸ ਦੀ ਕਿ ਸੰਗਤਾਂ ਨੇ ਜੈਕਾਰਿਆਂ ਨਾਲ ਪ੍ਰਵਾਨਗੀ ਦਿੱਤੀ ।

ਉਸ ਉਪਰੰਤ ਪੰਜਾਬ ਦੀ ਧਰਤੀ ਤੋਂ ਆਏ ਗੁਰਦਿਆਲ ਸਿੰਘ ਲੱਖਪੁਰ ਦੇ ਢਾਡੀ ਜਥੇ ਨੇ ਵਿਸਾਖੀ ਦੇ ਸਬੰਧ ਵਿੱਚ ਵਾਰਾਂ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ।ਉਨਾਂ ਨੇ 1978 ਦੀ ਵਿਸਾਖੀ ਤੇ ਗੁਰੂ ਸਾਹਿਬਾਨ ਦੀ ਬੇਅਦਬੀ ਨਾ ਸਹਾਰਦੇ ਹੋਏ ਨਿਰੰਕਾਰੀਆਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਸ਼ਹੀਦ ਹੋਏ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀਆਂ ਬਾਰੇ ਵੀ ਢਾਡੀ ਵਾਰ ਸੁਣਾਈ ਅਤੇ ਮੌਜੂਦਾ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਜੁਝਾਰੀ ਸਿੰਘਾਂ ਨੂੰ ਵੀ ਢਾਡੀ ਵਾਰ ਰਾਹੀਂ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ।

ਇਸ ਮੌਕੇ ਸਿੱਖ ਕੌਮ ਦੀ ਅਜ਼ਾਦੀ ਲਈ ਸੰਘਰਸ਼ਸੀਲ ਜਥੇਬੰਦੀਆਂ ਵਿੱਚੋਂ ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ, ਬੱਬਰ ਖਾਲਸਾ ਜਰਮਨੀ, ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ, ਸਿੱਖ ਫੈਡਰੇਸ਼ਨ ਜਰਮਨੀ, ਦਲ ਖਾਲਸਾ ਇੰਟਰਨੈਸ਼ਨਲ ਅਤੇ ਫਰੈਂਕਫੋਰਟ ਦੀਆਂ ਸਿੱਖ ਸੰਸਥਾਵਾਂ ਜਿਨਾ ਵਿੱਚੋਂ ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ, ਬਾਬਾ ਮੱਖਣ ਸਾਹ ਲੁਬਾਣਾ ਸਿੱਖ ਵੈਲਫੇਅਰ ਐਸੋਸੀਏਸ਼ਨ, ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ , ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਫਰੈਕਫੋਰਟ, ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਂਕਫੋਰਟ, ਪੰਜਾਬੀ ਸਪੋਰਟਸ ਅਕੈਡਮੀ ਫਰੈਂਕਫੋਰਟ, ਬਾਬਾ ਜੀਵਨ ਸਿੰਘ ਵੈਲਫੇਅਰ ਐਸੋਸੀਏਸ਼ਨ, ਗੁਰਮਤਿ ਸੰਚਾਰ ਸਭਾ ਤੇ ਸਿੰਘ ਸਭਾ ਜਰਮਨੀ.ਧਰਮ ਸੇਵਾ ਜਰਮਨੀ ਦੇ ਨੁੰਮਾਇਦੇ ਸ਼ਾਮਲ ਹੋਏ ਤੇ ਉਹਨਾਂ ਵੀ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਦੇ ਫੈਸਲੇ ਦੀ ਪ੍ਰੋੜਤਾ ਕੀਤੀ ।

ਇਸ ਮੌਕੇ ਜਾਰੀ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਾਏ ਗਏ ਸਨ ਜੋ ਕਿ ਸੰਗਤਾਂ ਵਿੱਚ ਵੰਡੇ ਗਏ । ਫਰੈਂਕਫਰਟ ਦੀਆਂ ਸੰਗਤਾਂ ਨੇ ‘ਨਾਨਕਸ਼ਾਹੀ‘ ਸੋਚ ਵਾਲੇ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਸਾਰੇ ਦਿਹਾੜੇ ਮਨਾਉਣ ਦਾ ਪ੍ਰਣ ਕੀਤਾ ਤੇ ‘ਬਿਕਰਮੀ ਕੈਲੰਡਰ ਨੂੰ ਨਾਗਪੁਰੀ‘ ਜਾਣ ਕੇ ਉਸ ਨੂੰ ਮੂਲੋਂ ਹੀ ਸਿੱਖ ਸਿਧਾਂਤ ਵਿਰੋਧੀ ਕਹਿ ਕੇ ਰੱਦ ਕੀਤਾ।

ਇੱਥੇ ਇਹ ਜ਼ਿਕਰਯੋਗ ਹੈ ਕਿ ਜਰਮਨ ਦੇ ਬਹੁਤੇ ਗੁਰਦੁਆਰੇ ਜਿਨਾਂ ਵਿੱਚ ਕਿ ਕੋਲਨ, ਮਿਊਨਚਨ, ਔਕਸਬਰਗ, ਰੇਗਸਨਬੁਰਗ, ਨਿਊਨਬਰਗ, ਸਟੁੱਟਗਾਰਟ, ਫਰੈਂਕਫਰਟ ਤੇ ਲਾਇਪਜ਼ਿਗ ਦੇ ਗੁਰਦੁਆਰਾ ਸਾਹਿਬ ਬਿਕਰਮੀ ਕਲੈਡੰਰ ਨੂੰ ਰੱਦ ਕਰ ਚੁੱਕੇ ਹਨ ਤੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦਿਨ ਦਿਹਾੜੇ ਮਨਾਏ ਜਾਂਦੇ ਹਨ ।ਇਹ ਕੈਲੰਡਰ ਜਾਰੀ ਕਰਨ ਦਾ ਮਕਸਦ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਨੂੰ ਸੁਨੇਹਾ ਦੇਣਾ ਹੀ ਸੀ ਕਿ ਸਿੱਖ ਕੌਮ ਅਸਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੀ ਭੁਗਤੇਗੀ । ਇਸ ਮੌਕੇ ਜਰਮਨ ਦੇ ਮੀਡੀਆ ਅਦਾਰੇ ਅਦਾਰਾ ਸਿੱਖ ਸੰਘਰਸ਼, ਮੀਡੀਆ ਪੰਜਾਬ, ਜਾਗੀ ਮਨੁੱਖਤਾ ਤੇ ਰੋਜ਼ਾਨਾ ਦੇਸ਼ ਪੰਜਾਬ ਦੇ ਨੁੰਮਾਇੰਦੇ ਵੀ ਸ਼ਾਮਲ ਹੋਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: