August 5, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (4 ਅਗਸਤ, 2015): ਸਿੱਖ ਜਥੇਬੰਦੀਆਂ ਵੱਲੋਂ ਅੱਜ ਇਥੇ ਸੰਸਦ ਭਵਨ ਵੱਲ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਰੋਸ ਮਾਰਚ ਕੀਤਾ ਗਿਆ।ਸਿਆਸੀ ਸਿੱਖ ਕੈਦੀ ਰਿਹਾਈ ਕਮੇਟੀ ਤੇ ਹੋਰ ਜੱਥੇਬੰਦੀਆਂ ਦੀ ਅਗਵਾਈ ਹੇਠ ਇਹ ਰੋਸ ਮਾਰਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਚੱਲਿਆ ਤੇ ਸੰਸਦ ਭਵਨ ਦੇ ਰਾਹ ਵਿੱਚ ਪੁਲੀਸ ਨੇ ਮੁਜ਼ਾਹਰਾਕਾਰੀਆਂ ਨੂੰ ਰੋਕ ਲਿਆ।
ਫਿਰ ਜੰਤਰ-ਮੰਤਰ ‘ਤੇ ਇਹ ਪ੍ਰਦਰਸ਼ਨਕਾਰੀ ਇਕੱਠੇ ਹੋਏ ਤੇ ਵਿਸ਼ਾਲ ਧਰਨਾ ਦਿੱਤਾ। ਇਸ ਪ੍ਰਦਰਸ਼ਨ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਸੂਬਿਆਂ ਅੰਦਰ ਬੰਦੀ ਸਿੱਖਾਂ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਹਨ, ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਬਾਬਾ ਸੂਰਤ ਸਿੰਘ ਦੀ ਭੁੱਖ ਹੜਤਾਲ ਦੇ ਸੰਦਰਭ ਵਿੱਚ ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਲਹਿਰਾਈਆਂ ਤੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਸਿੱਖਾਂ ਨਾਲ ਬੇਇਨਸਾਫ਼ੀ ਨਾ ਕਰੇ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਤੁਰਤ ਰਿਹਾਅ ਕੀਤਾ ਜਾਵੇ। ਕਈ ਪ੍ਰਦਰਸ਼ਨਕਾਰੀਆਂ ਨੇ ਖ਼ੁਦ ਨੂੰ ਸੰਕੇਤ ਦੇ ਤੌਰ ‘ਤੇ ਜ਼ੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ । ਉਹ ਸਿਰਫ਼ ਸਿੱਖਾਂ ਦੀ ਰਿਹਾਈ ਹੀ ਨਹੀਂ ਸਗੋਂ ਮੁਸਲਮ, ਹਿੰਦੂ ਤੇ ਇਸਾਈ ਕੈਦੀਆਂ ਦੀ ਰਿਹਾਈ ਦੇ ਬੈਨਰ ਵੀ ਚੁੱਕ ਕੇ ਚੱਲ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਮੂਹ ਪੰਥਕ ਜਥੇਬੰਦੀਆ ਵੱਲੋ ਕੀਤੇ ਗਏ ਇਸ ਮਾਰਚ ਨੇ ਸਾਬਤ ਕਰ ਦਿੱਤਾ ਹੈ ਕਿ ਕੁਰਸੀ ਦੀ ਲਾਲਸਾ ਵਿੱਚ ਪੰਥ ਨੂੰ ਢਾਹ ਲਗਾਉਣ ਵਾਲਿਆਂ ਤੋ ਇਲਾਵਾ ਬਾਕੀ ਸਾਰਾ ਪੰਥ ਇੱਕੱਠਾ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਏ ਇਸ ਮਾਰਚ ਵਿੱਚ ਬਾਦਲ ਅਕਾਲੀ ਦਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਨੁਮਾਂਇੰਦਾ ਹਾਜ਼ਰ ਨਹੀਂ ਹੋਇਆ।
ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਮੈਂਬਰ ਲੋਕ ਸਭਾ ਡਾ. ਧਰਮਵੀਰ ਗਾਂਧੀ ਨੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਮੁੱਦੇ ਦਾ ਸਮਰਥਨ ਕਰਦਿਆਂ ਇਸ ਮਾਰਚ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਨਾਂ ਦੀ ਬਾਪੂ ਸੂਰਤ ਸਿੰਘ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਸੰਘਰਸ਼ ਸਿਰਫ ਸਿਆਸੀ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵਾਸਤੇ ਨਹੀਂ , ਸਣਾ ਪੂਰੀ ਕਰ ਚੁੱਕੇ ਸਮ੍ਹੂ ਕੈਦੀਆਂ ਦੀ ਰਿਹਾਈ ਲਈ ਹੈ।
ਅੱਜ ਹੋਏ ਇਸ ਪ੍ਰਦਰਸ਼ਨ ਵਿੱਚ ਦਲ ਖ਼ਾਲਸਾ, ਸਿਮਰਨਜੀਤ ਸਿੰਘ ਮਾਨ ਧੜੇ ਦੇ ਆਗੂ, ਬਾਬਾ ਸੂਰਤ ਸਿੰਘ ਸੰਘਰਸ਼ ਕਮੇਟੀ ਦੇ ਕਾਰਕੁਨਾਂ , ਬਾਬਾ ਬਲਜੀਤ ਸਿੰਘ ਦਾਦੂਵਾਲ, ਗੁਰਿੰਦਰਪਾਲ ਸਿੰਘ ਧਨੌਲਾ, ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ, ਜਸਵਿੰਦਰ ਸਿੰਘ ਬਲੀਏਵਾਲ, ਕਿਰਪਾਲ ਸਿੰਘ ਮਨਜੀਤ ਸਿੰਘ ਸਰਨਾ, ਰਾਜਿੰਦਰ ਸਿੰਘ ਵਾਸਨ, ਇੰਦਰਜੀਤ ਸਿੰਘ ਪਰਮਜੀਤ ਸਿੰਘ ਚੌਪੜਾ ਤੇ ਹੋਰ ਸਿੱਖ ਆਗੂਆਂ ਨੇ ਸ਼ਿਰਕਤ ਕੀਤੀ।
Related Topics: Bapu Surat Singh Khalsa, Sikh Political Prisoners, Sikhs in Delhi