Site icon Sikh Siyasat News

ਕੋਈ ਵੀ ਅਦਾਲਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸੰਮਨ ਨਹੀਂ ਭੇਜ ਸਕਦੀ: ਦਲ ਖਾਲਸਾ, ਪੰਚ ਪ੍ਰਧਾਨੀ

ਅੰਮ੍ਰਿਤਸਰ ( 19ਸਤੰਬਰ, 2015): ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀਦਲ ਪੰਚ ਪ੍ਰਧਾਨੀ ਨੇ ਪਟਿਆਲਾ ਦੀ ਇੱਕ ਅਦਾਲਤ ਵੱਲੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਜ਼ਮੀਨੀ ਝਗੜੇ ਦੇ ਇੱਕ ਕੇਸ ਵਿੱਚ ਸੰਮਨ ਜਾਰੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਪੱਤਰਕਾਰਾਂ ਨਾਲ ਗੱਲਬਾਤਾਂ ਹੋਏ ਪੰਥਕ ਆਗੂ

ਦੋਹਾਂ ਪਾਰਟੀਆਂ ਦੇ ਮੁਖੀਆਂ ਭਾਈ ਹਰਚਰਨਜੀਤ ਸਿੰਘ ਧਾਮੀ ਅਤੇ ਜੱਥੇਦਾਰ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਪਟਿਆਲਾ ਦੀ ਇੱਕ ਅਦਾਲਤ ਦੇ ਉਪਰੋਕਤ ਹੁਕਮ ਪੂਰੀ ਤਰਾਂ ਇਤਰਾਜ਼ਯੋਗ ਅਤੇ ਦੁਖਦਾਈ ਹਨ। ਉਨ੍ਹਾਂ ਕਿਹਾ ਕਿ ਅਸੀਂ ਅਦਾਲਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਕੋਈ ਅਦਾਲਤ ਕਿਸੇ ਵੀ ਕਾਨੂੰਨ ਅਧੀਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸੰਮਨ ਨਹੀਂ ਭੇਜ ਸਕਦੀ।ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਅਦਾਲਤਾਂ ਵੱਲੋਂ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ।

ਪੱਤਰਕਾਰਾਂ ਨੂੰ ਬਿਆਨ ਜਾਰੀ ਕਰਦਿਆਂ ਉਕਤ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਇਸ ਧਰਮ ਅਦੂਲੀ ਖਿਲਾਫ ਸਖਤ ਕਾਰਵਾਈ ਕਰਨ ਅਤੇ ਅਦਾਲਤ ਵਿੱਚ ਕੇਸ ਦਾਇਰ ਕਰਨ ਵਾਲੇ ਗੁਰਨੈਬ ਸਿੰਘ ਨੂੰ ਇਸ ਪਹਾੜ ਜਿੱਡੀ ਕੀਤੀ ਗਲਤੀ ਲਈ ਤਲਬ ਕਰਨ।

ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਅਜਿਹੇ ਹੁਕਮ ਜਾਰੀ ਕਰਨ ਵੇਲੇ ਜੱਜ ਨੇ ਵੀ ਜ਼ਰਾ ਜਿੰਨਾ ਵੀ ਸੋਚਿਆ ਨਹੀਂ ।ਉਨ੍ਹਾਂ ਨੇ ਕਿਹਾ ਕਿ ਜੇਕਰ ਪਵਿੱਤਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਅਦਾਲਤ ਵਿੱਚ ਲਿਜਾਇਆ ਗਿਆ ਤਾਂ ਇਸ ਖਿਲਾਫ ਮਹਿੰਮ ਛੇੜਨਗੇ।

ਦਲ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਸਿੱਖਾਂ ਦੇ ਸਰਬ ਵਿਆਪਕ ਗੁਰੂੁ ਹਨ ਅਤੇ ਇਹ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਾਇਮ ਰੱਖਿਆ ਜਾਵੇ। ਉਨ੍ਹਾਂ ਨੇ ਜੱਜ ਨੂੰ ਇਤਰਾਜ਼ਯੋਗ ਅਤੇ ਵਿਵਾਦਤ ਹੁਕਮ ਵਾਪਸ ਲੈਣ ਨੂੰ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version