ਗਿਆਨੀ ਗੁਰਬਚਨ ਸਿੰਘ "ਸੋਧਿਆ ਹੋਇਆ" (ਬਿਕਰਮੀ) ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਵਿਚਾਰਨ ਲਈ ਬਣੀ ਕਮੇਟੀ ਦਾ ਕੀਤਾ ਵਿਰੋਧ

By ਸਿੱਖ ਸਿਆਸਤ ਬਿਊਰੋ

March 11, 2015

ਅੰਮ੍ਰਿਤਸਰ (10 ਮਾਰਚ,2015): ਪੰਜ ਸਿੰਘ ਸਾਹਿਬਾਨ ਵਲੋਂ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਵਿਚਾਰਨ ਲਈ ਬਣਾਈ ਗਈ ਕਮੇਟੀ ਵਿਚ ਸ਼ਾਮਲ ਕੀਤੇ ਵਿਅਕਤੀਆਂ ਕਾਰਨ ਸਿੱਖ ਜਥੇਬੰਦੀਆਂ ਨੇ ਇਸ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਸ ਸਬੰਧੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਵਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਇਕ ਪੱਤਰ ਭੇਜਿਆ ਹੈ, ਜਿਸ ਵਿਚ ਉਨ੍ਹਾਂ ਨੂੰ ਕੈਲੰਡਰ ਮਾਮਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਅਕਾਲ ਤਖ਼ਤ ਵਲੋਂ ਕੈਲੰਡਰ ਮਾਹਿਰਾਂ ਦੀ ਬਣਾਈ ਗਈ ਕਮੇਟੀ ਨੂੰ ਨਾਮਨਜ਼ੂਰ ਕਰਦਿਆਂ ਆਖਿਆ ਕਿ ਇਸ ਕਮੇਟੀ ਵਿਚ ਮਾਹਿਰ ਇਤਿਹਾਸ, ਖਗੋਲ ਅਤੇ ਭੂਗੋਲ ਨਾਲ ਸਬੰਧਿਤ ਮਾਹਿਰ ਸ਼ਾਮਲ ਹੋਣੇ ਚਾਹੀਦੇ ਸਨ ਪਰ ਕਮੇਟੀ ਵਿਚ ਉਨ੍ਹਾਂ ਵਿਵਾਦਤ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਵਿਚਾਰਾਂ ਤੋਂ ਲੋਕ ਪਹਿਲਾਂ ਹੀ ਭਲੀਭਾਂਤ ਜਾਣੂ ਹਨ।

ਉਨ੍ਹਾਂ ਇਸ ਕਮੇਟੀ ਨੂੰ ਕੈਲੰਡਰ ਨੂੰ ਵਾਚਣ ਤੋਂ ਅਸਮਰਥ ਕਰਾਰ ਦਿੱਤਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਜਾਵੇ ਕਿ ਕੈਲੰਡਰ ਸੂਰਜੀ ਜਾਂ ਚੰਦਰ ਕਿਹੜੇ ਸਿਧਾਂਤਾਂ ’ਤੇ ਆਧਾਰਿਤ ਹੋਵੇਗਾ ਅਤੇ ਇਸ ਬਾਰੇ ਫੈਸਲਾ ਸਪੱਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਕਮੇਟੀ ਨੂੰ ਵੇਖਦਿਆਂ ਅਜਿਹਾ ਲਗਦਾ ਹੈ ਕਿ ਜਥੇਦਾਰ ਕੈਲੰਡਰ ਮੁੱਦੇ ’ਤੇ ਕੋਈ ਵੀ ਠੋਸ ਫੈਸਲਾ ਲੈਣ ਤੋਂ ਗੁਰੇਜ਼ ਕਰ ਰਹੇ ਹਨ।

ਉਨ੍ਹਾਂ ਆਖਿਆ ਕਿ ਕਮੇਟੀ ਵਿਚ ਕੈਲੰਡਰ ਦੇ ਰਚੇਤਾ ਪਾਲ ਸਿੰਘ ਪੁਰੇਵਾਲ ਨੂੰ ਛੱਡ ਕੇ ਬਾਕੀ ਕੋਈ ਵੀ ਮੈਂਬਰ ਸੁਤੰਤਰ ਸੋਚ ਵਾਲਾ ਨਹੀਂ ਹੈ, ਇਸ ਲਈ ਕਮੇਟੀ ਸਬੰਧੀ ਮਾਮਲੇ ਨੂੰ ਮੁੜ ਵਿਚਾਰਿਆ ਜਾਵੇ।

ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਆਖਿਆ ਕਿ ਕਮੇਟੀ ਵਿਚ ਕੋਈ ਵੀ ਪੰਥ ਪ੍ਰਵਾਨਿਤ ਵਿਦਵਾਨ ਸ਼ਾਮਲ ਨਹੀਂ ਹੈ, ਇਸ ਲਈ ਕਮੇਟੀ ਦੀ ਕੋਈ ਅਹਿਮੀਅਤ ਨਹੀਂ ਹੈ। ਉਨ੍ਹਾਂ ਆਖਿਆ ਕਿ ਕਮੇਟੀ ਵਿਚ ਸਿਰਫ ਪਾਲ ਸਿੰਘ ਪੁਰੇਵਾਲ ਕੈਲੰਡਰ ਮਾਹਿਰ ਵਜੋਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਕਮੇਟੀ ਵਿਚ ਪੰਥ ਪ੍ਰਵਾਨਿਤ ਸਿੱਖ ਵਿਦਵਾਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ, ਜੋ ਖਗੋਲ ਤੇ ਭੂਗੋਲ ਤੋਂ ਜਾਣੂ ਹੋਣ।

ਉਨ੍ਹਾਂ ਨੇ ਕਮੇਟੀ ਵਿਚ ਸ਼ਾਮਲ ਡਾ. ਅਨੁਰਾਗ ਸਿੰਘ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਨਾਂ ਸ਼ਾਮਲ ਕੀਤੇ ਜਾਣ ’ਤੇ ਕਿੰਤੂ ਪ੍ਰੰਤੂ ਕਰਦਿਆਂ ਕਿਹਾ ਕਿ ਇਹ ਦੋਵੇਂ ਹੀ ਸ਼ੁਰੂ ਤੋਂ ਕੈਲੰਡਰ ਵਿਰੋਧੀ ਰਹੇ ਹਨ।

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕੈਲੰਡਰ ਬਾਰੇ ਬਣਾਈ ਗਈ ਕਮੇਟੀ ਦਾ ਵਿਰੋਧ ਕਰਦਿਆਂ ਆਖਿਆ ਕਿ ਕਮੇਟੀ ਵਿਚ ਉਹ ਵਿਅਕਤੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਕੈਲੰਡਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਸੰਪਰਦਾਵਾਂ ਦੇ ਨੁਮਾਇੰਦੇ ਸ਼ਾਮਲ ਹਨ, ਜੋ ਅਕਾਲ ਤਖ਼ਤ ਤੋਂ ਪ੍ਰਵਾਨਿਤ ਮਰਿਆਦਾ ਨੂੰ ਮੰਨਣ ਤੋਂ ਇਨਕਾਰੀ ਹਨ ਅਤੇ ਆਪਣੇ ਡੇਰਿਆਂ ਵਿਚ ਵੱਖਰੀ ਮਰਿਆਦਾ ਚਲਾ ਰਹੇ ਹਨ।

ਉਨ੍ਹਾਂ ਇਹ ਵੀ ਆਖਿਆ ਕਿ ਕਮੇਟੀ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਨੁਮਾਇੰਦਾ ਸ਼ਾਮਲ ਨਹੀਂ ਕੀਤਾ ਗਿਆ ਹੈ ਜੋ ਕਿ ਪਹਿਲਾਂ ਹੀ ਸੋਧੇ ਹੋਏ ਕੈਲੰਡਰ ਦਾ ਵਿਰੋਧ ਕਰ ਰਹੀ ਹੈ।

ਇਸੇ ਤਰ੍ਹਾਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਵੀ ਆਖਿਆ ਕਿ ਬਣਾਈ ਗਈ ਕਮੇਟੀ ਵਿਚ ਵਧੇਰੇ ਕੈਲੰਡਰ ਆਲੋਚਕ ਸ਼ਾਮਲ ਹਨ ਅਤੇ ਕੈਲੰਡਰ ਸਮਰਥਕ ਵਜੋਂ ਸਿਰਫ ਪਾਲ ਸਿੰਘ ਪੁਰੇਵਾਲ ਹੀ ਸ਼ਾਮਲ ਹਨ, ਜਿਸ ਤੋਂ ਸਪੱਸ਼ਟ ਹੈ ਕਿ ਕੈਲੰਡਰ ਸਬੰਧੀ ਫੈਸਲਾ ਇਕ ਪਾਸੜ ਹੀ ਹੋਵੇਗਾ।

ਉਘੇ ਸਿੱਖ ਵਿਦਵਾਨ ਅਸ਼ੋਕ ਸਿੰਘ ਬਾਗੜੀਆ ਨੇ ਵੀ ਇਸ ਸਬੰਧੀ ਕਮੇਟੀ ਤੇ ਪ੍ਰਸ਼ਨ ਚਿੰਨ ਲਾਇਆ ਹੈ ਅਤੇ ਆਖਿਆ ਕਿ ਇਹ ਬਿਕਰਮੀ ਕੈਲੰਡਰ ਨੂੰ ਅਪਨਾਉਣ ਵੱਲ ਇਕ ਕਦਮ ਹੈ।

ਵੱਖ ਵੱਖ ਸਿੱਖ ਜਥੇਬੰਦੀਆਂ ਦੇ ਸੰਗਠਨ ਪੰਥਕ ਤਾਲਮੇਲ ਦਲ ਵਲੋਂ ਇਸ ਮਾਮਲੇ ਨੂੰ ਲੈ ਕੇ ਅੱਜ ਇਕ ਮੀਟਿੰਗ ਕੀਤੀ ਗਈ ਹੈ ਅਤੇ ਭਲਕੇ ਇਸ ਸਬੰਧ ਵਿਚ ਇਕ ਪੱਤਰਕਾਰ ਸੰਮੇਲਨ ਸੱਦ ਕੇ ਖੁਲਾਸਾ ਕੀਤਾ ਜਾਵੇਗਾ। ਪੰਥਕ ਤਾਲਮੇਲ ਦਲ ਪਹਿਲਾਂ ਹੀ ਅਕਾਲ ਤਖ਼ਤ ਵਿਖੇ ਮੰਗ ਪੱਤਰ ਦੇ ਕੇ ਅਪੀਲ ਕਰ ਚੁੱਕਾ ਹੈ ਕਿ ਸਿਰਫ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਹੀ ਵਿਚਾਰ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: